ਪੰਜਾਬ ਸਰਕਾਰ ਸੂਬੇ ਅੰਦਰ ਰਸੋਈ ਗੈਸ ਦੀ ਸਥਿਤੀ ਸਪਸਟ ਕਰੇ, ਘਰੇਲੂ ਰਸੋਈ ਗੈਸ ਦੀਆਂ ਬੁਕਿੰਗਾਂ ਵੀ ਹੋਈਆਂ ਬੰਦ: ਵੜਿੰਗ

ਚੰਡੀਗੜ੍ਹ, 12 ਮਾਰਚ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਤੋਂ ਸੂਬੇ ਵਿੱਚ ਰਸੋਈ ਗੈਸ ਦੀ ਸਪਲਾਈ ਦੇ ਮਾਮਲੇ ’ਤੇ ਸਥਿਤੀ ਸਪਸ਼ਟ ਕਰਨ ਦੀ ਮੰਗ ਕੀਤੀ ਹੈ, ਕਿਉਂਕਿ ਹੁਣ ਘਰੇਲੂ ਖਪਤਕਾਰਾਂ ਨੂੰ ਵੀ ਗੈਸ ਨਹੀਂ ਮਿਲ ਰਹੀ ਹੈ।

ਉਨ੍ਹਾਂ ਕਿਹਾ ਕਿ ਨਾ ਸਿਰਫ਼ ਕਮਰਸ਼ੀਅਲ ਗੈਸ ਦੀ ਸਪਲਾਈ ਰੁਕੀ ਹੋਈ ਹੈ, ਬਲਕਿ ਪਿਛਲੇ ਕੁਝ ਦਿਨਾਂ ਤੋਂ ਘਰੇਲੂ ਖਪਤਕਾਰਾਂ ਨੂੰ ਵੀ ਗੈਸ ਸਿਲੰਡਰਾਂ ਦੀ ਸਪਲਾਈ ਨਹੀਂ ਮਿਲ ਰਹੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਇਸ ਗੰਭੀਰ ਮਸਲੇ ’ਤੇ ਪੰਜਾਬ ਸਰਕਾਰ ਦੀ ਚੁੱਪੀ ਉੱਪਰ ਸਵਾਲ ਖੜ੍ਹੇ ਕੀਤੇ ਹਨ, ਜਿਹੜਾ ਸੂਬੇ ਦੇ ਹਰ ਘਰ ਨਾਲ ਜੁੜਿਆ ਹੋਇਆ ਹੈ।

ਵੜਿੰਗ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਪਰੇਸ਼ਾਨ ਖਪਤਕਾਰਾਂ ਵੱਲੋਂ ਲਗਾਤਾਰ ਫੋਨ ਆ ਰਹੇ ਹਨ ਕਿ ਘਰੇਲੂ ਗੈਸ ਦੀਆਂ ਬੁਕਿੰਗਾਂ ਵੀ ਰੋਕ ਦਿੱਤੀਆਂ ਗਈਆਂ ਹਨ ਅਤੇ ਡਿਸਟ੍ਰੀਬਿਊਟਰਾਂ ਤੇ ਏਜੰਸੀਆਂ ਕੋਲ ਵੀ ਇਹ ਸਪਸ਼ਟ ਉੱਤਰ ਨਹੀਂ ਹੈ ਕਿ ਸਪਲਾਈ ਦੁਬਾਰਾ ਕਦੋਂ ਸ਼ੁਰੂ ਹੋਵੇਗੀ।

ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਇਸ ਮਾਮਲੇ ਨੂੰ ਕੇਂਦਰ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ, ਕਿਉਂਕਿ ਇਹ ਸੰਕਟ ਹਰ ਦਿਨ ਹੋਰ ਗੰਭੀਰ ਬਣਦਾ ਜਾ ਰਿਹਾ ਹੈ।

ਵੜਿੰਗ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਾਨੂੰ ਇੱਕ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦੋਂ ਲੋਕ ਆਪਣੇ ਗੈਸ ਚੁੱਲ੍ਹੇ ਵੀ ਨਹੀਂ ਜਲਾ ਸਕਣਗੇ ਅਤੇ ਖਾਣਾ ਨਹੀਂ ਪਕਾ ਸਕਣਗੇ, ਜਦਕਿ ਸਰਕਾਰ ਇਸ ਮਾਮਲੇ ’ਤੇ ਬਿਲਕੁਲ ਬੇਖ਼ਬਰ ਅਤੇ ਲਾਪਰਵਾਹ ਦਿਖਾਈ ਦੇ ਰਹੀ ਹੈ।

Leave a Comment

Your email address will not be published. Required fields are marked *

Scroll to Top