ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਵੱਲੋਂ 20ਵਾਂ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ ਜਲੰਧਰ ਵਿੱਚ ਆਯੋਜਿਤ

ਜਲੰਧਰ: ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਗਰੁੱਪ ਸੈਂਟਰ ਜਲੰਧਰ ਵਿੱਚ 20ਵਾਂ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਦਮ ਸ੍ਰੀ ਵਿਜੇ ਕੁਮਾਰ ਚੋਪੜਾ ਅਤੇ ਦਰਸ਼ਨ ਲਾਲ ਬਵੇਜਾ ਸ਼ਾਮਲ ਹੋਏ। ਇਸ ਮੌਕੇ ਐਕਸ ਆਈ.ਜੀ. ਜਸਵੀਰ ਸਿੰਘ ਸੰਧੂ, ਐਕਸ ਆਈ.ਜੀ. ਅਮਰਜੀਤ ਸਿੰਘ ਸਿੱਧੂ ਅਤੇ ਗਰੁੱਪ ਸੈਂਟਰ ਦੇ ਕਮਾਂਡੈਂਟ ਸਲੇਂਦਰ ਯਾਦਵ ਵੀ ਹਾਜ਼ਰ ਰਹੇ। ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ।

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਸ਼ਹੀਦ ਪਰਿਵਾਰਾਂ ਨਾਲ ਮੁਲਾਕਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹਨਾਂ ਪਰਿਵਾਰਾਂ ਨਾਲ ਮਿਲ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਵੀ ਆਰਮੀ ਵਿੱਚ ਸੇਵਾ ਕਰ ਚੁੱਕੇ ਹਨ, ਇਸ ਲਈ ਫੌਜੀ ਪਰਿਵਾਰਾਂ ਦੀ ਕੁਰਬਾਨੀ ਨੂੰ ਉਹ ਨੇੜੇ ਤੋਂ ਸਮਝਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸ਼ਹੀਦ ਪਰਿਵਾਰਾਂ ਦੀ ਭਲਾਈ ਲਈ ਜਦੋਂ ਵੀ ਲੋੜ ਪਵੇਗੀ, ਉਹ ਹਮੇਸ਼ਾ ਉਨ੍ਹਾਂ ਦੇ ਨਾਲ ਖੜੇ ਰਹਿਣਗੇ।

ਲੁਧਿਆਣਾ ਦੇ ਉਦਯੋਗਪਤੀ ਦਰਸ਼ਨ ਲਾਲ ਬਵੇਜਾ ਵੱਲੋਂ ਆਪਣੀ ਕੰਪਨੀ ਦੀ ਤਰਫੋਂ 30 ਸ਼ਹੀਦ ਪਰਿਵਾਰਾਂ ਨੂੰ ਆਰਥਿਕ ਮੱਦਦ ਕੀਤੀ ਗਈ। ਐਸੋਸੀਏਸ਼ਨ ਵੱਲੋਂ ਇਸ ਉਪਰਾਲੇ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।

ਇਸ ਮੌਕੇ ਅਵਿਨਾਸ ਰਾਏ ਖੰਨਾ ਨੇ ਆਪਣੇ ਸੰਬੋਧਨ ਵਿੱਚ ਸ਼ਹੀਦ ਜਵਾਨਾਂ ਨੂੰ ਨਮਨ ਕਰਦੇ ਹੋਏ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹੋਏ ਜਾਨ ਨਿਓਛਾਵਰ ਕਰਨ ਵਾਲੇ ਜਵਾਨਾਂ ਦੇ ਪਰਿਵਾਰਾਂ ਨਾਲ ਮਿਲਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਤੇ ਨੀਤੀਆਂ ਬਾਰੇ ਇਹਨਾਂ ਪਰਿਵਾਰਾਂ ਨੂੰ ਪਹਿਲ ਦੇ ਅਧਾਰ ‘ਤੇ ਜਾਣਕਾਰੀ ਦਿੱਤੀ ਜਾਵੇਗੀ।

ਯੋਗੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਪਦਮ ਸ੍ਰੀ ਵਿਜੇ ਕੁਮਾਰ ਚੋਪੜਾ ਹਮੇਸ਼ਾ ਸ਼ਹੀਦ ਪਰਿਵਾਰਾਂ ਦੀ ਮਦਦ ਲਈ ਅੱਗੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਚੋਪੜਾ ਪਰਿਵਾਰ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ ਅਤੇ ਅੱਜ ਵੀ ਉਨ੍ਹਾਂ ਦੀ ਕਲਮ ਸੱਚ ਅਤੇ ਹੱਕ ਦੀ ਲੜਾਈ ਲੜ ਰਹੀ ਹੈ।

ਐਕਸ ਆਈ.ਜੀ. ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਉਨ੍ਹਾਂ ਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਉਹ ਹਮੇਸ਼ਾ ਸ਼ਹੀਦ ਪਰਿਵਾਰਾਂ ਅਤੇ ਐਕਸਮੈਨਾਂ ਦੀ ਭਲਾਈ ਲਈ ਕੰਮ ਕਰਨ ਲਈ ਵਚਨਬੱਧ ਹਨ।

ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪਦਮ ਸ੍ਰੀ ਵਿਜੇ ਕੁਮਾਰ ਚੋਪੜਾ ਦਾ ਖ਼ਾਸ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ 2012 ਤੋਂ ਲਗਾਤਾਰ ਸ਼ਹੀਦ ਪਰਿਵਾਰਾਂ ਦੇ ਹੱਕ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਬਣੀਆਂ ਸੀਜੀਐਚਐਸ ਡਿਸਪੈਂਸਰੀਆਂ ਵੀ ਚੋਪੜਾ ਜੀ ਦੇ ਉਪਰਾਲਿਆਂ ਦਾ ਨਤੀਜਾ ਹਨ।

ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਜਿੰਦਰ ਸਿੰਘ ਬੇਰੀ, ਸਾਬਕਾ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਸਮੇਤ ਕਈ ਸਮਾਜ ਸੇਵੀ ਅਤੇ ਦਾਨੀ ਸੱਜਣ ਵੀ ਮੌਜੂਦ ਸਨ। ਸ਼ਹੀਦ ਪਰਿਵਾਰਾਂ ਨੇ ਐਸੋਸੀਏਸ਼ਨ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਪ੍ਰਗਟ ਕੀਤਾ। ਸਮਾਗਮ ਵਿੱਚ 90 ਸਾਲ ਤੋਂ ਉੱਪਰ ਉਮਰ ਦੇ ਐਕਸਮੈਨ ਵੀ ਸ਼ਾਮਲ ਹੋਏ।

ਸਮਾਗਮ ਦੌਰਾਨ ਸੀਆਰਪੀਐਫ ਦੀ ਕਲੈਰੀਕਲ ਟੀਮ ਵੱਲੋਂ ਸ਼ਹੀਦ ਪਰਿਵਾਰਾਂ ਅਤੇ ਐਕਸਮੈਨਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਕਈ ਅਰਜ਼ੀਆਂ ‘ਤੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।

ਅੰਤ ਵਿੱਚ ਪਦਮ ਸ੍ਰੀ ਵਿਜੇ ਕੁਮਾਰ ਚੋਪੜਾ ਨੇ ਕਿਹਾ ਕਿ ਉਹ ਹਮੇਸ਼ਾ ਸ਼ਹੀਦ ਪਰਿਵਾਰਾਂ ਅਤੇ ਐਕਸਮੈਨਾਂ ਦੀ ਭਲਾਈ ਲਈ ਯਤਨਸ਼ੀਲ ਰਹਿਣਗੇ ਅਤੇ ਜੋ ਵੀ ਮੰਗਾਂ ਉਨ੍ਹਾਂ ਕੋਲ ਆਉਣਗੀਆਂ, ਉਨ੍ਹਾਂ ਨੂੰ ਸੰਬੰਧਤ ਸਰਕਾਰਾਂ ਤੱਕ ਪਹੁੰਚਾ ਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ।

Leave a Comment

Your email address will not be published. Required fields are marked *

Scroll to Top