ਪੀ.ਐਮ. ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਆਈ.ਡੀ. ਬਣਾਉਣਾ ਲਾਜ਼ਮੀ : ਮੁੱਖ ਖੇਤੀਬਾੜੀ ਅਫ਼ਸਰ

ਜਲੰਧਰ, 24 ਮਾਰਚ : ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਦਾ ਲਾਭ ਲੈ ਰਹੇ ਕਿਸਾਨਾਂ ਵਲੋਂ ਐਗਰੀਸਟੈਕ ਤਹਿਤ ਆਨਲਾਈਨ ਪੋਰਟਲ ’ਤੇ ਰਜਿਸਟਰ ਹੋ ਕੇ ਫਾਰਮਰ ਆਈ.ਡੀ. ਬਣਾਉਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨਾਂ ਦੀ ਕਿਸਾਨ ਆਈ.ਡੀ. ਬਣੀ ਹੋਵੇਗੀ, ਭਵਿੱਖ ਵਿੱਚ ਉਨ੍ਹਾਂ ਕਿਸਾਨਾਂ ਨੂੰ ਹੀ ਇਸ ਯੋਜਨਾ ਦਾ ਲਾਭ ਮਿਲੇਗਾ।

ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨ ਇਸ ਯੋਜਨਾ ਤਹਿਤ ਲਾਭ ਪ੍ਰਾਪਤ ਕਰ ਰਹੇ ਹਨ, ਉਹ ਆਪਣੀ ਆਈ.ਡੀ. ਨੇੜੇ ਦੇ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ) ’ਤੇ ਜਾ ਕੇ ਬਣਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕਿਸਾਨਾਂ ਦਾ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਡੀ.ਬੀ.ਟੀ. ਰਾਹੀਂ ਸਰਕਾਰੀ ਸਹੂਲਤਾਂ ਦਾ ਲਾਭ ਪਾਰਦਰਸ਼ੀ ਤਰੀਕੇ ਨਾਲ ਸਿੱਧਾ ਉਨ੍ਹਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਯੋਜਨਾ ਦਾ ਲਾਭ ਲੈਣ ਲਈ ਕਿਸਾਨਾ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਜਾਣੀ ਜ਼ਰੂਰੀ ਹੈ।ਉਨ੍ਹਾਂ ਕਿਸਾਨ ਨੂੰ ਅਪੀਲ ਕੀਤੀ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਆਪਣਾ ਆਧਾਰ ਕਾਰਡ ਅਤੇ ਜ਼ਮੀਨ ਦੀ ਫ਼ਰਦ ਲੈ ਕੇ ਨੇੜੇ ਦੇ ਸੀ.ਐੱਸ.ਸੀ ਸੈਂਟਰ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣਾ ਯਕੀਨੀ ਬਣਾਉਣ।

ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸੀ.ਐਸ.ਸੀ. ਦੇ ਸਹਿਯੋਗ ਨਾਲ ਪਿੰਡ ਪੱਧਰੀ ਕੈਂਪ ਵੀ ਲਗਾਏ ਜਾ ਰਹੇ ਹਨ, ਜਿੱਥੇ ਕਿਸਾਨ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਉਪਰੰਤ ਹਰੇਕ ਲਾਭਪਾਤਰੀ ਕਿਸਾਨ ਨੂੰ ਵਿਲੱਖਣ ਕਿਸਾਨ ਆਈ.ਡੀ. ਜਾਰੀ ਕੀਤੀ ਜਾਵੇਗੀ ਅਤੇ ਇਸ ਆਈ.ਡੀ. ਰਾਹੀਂ ਕਿਸਾਨ ਦੇ ਮੌਜੂਦਾ ਪੀ.ਐਮ. ਕਿਸਾਨ ਖਾਤੇ ਨੂੰ ਲਿੰਕ ਕੀਤਾ ਜਾਵੇਗਾ, ਜਿਸ ਨਾਲ ਕਿਸਾਨ ਦੀ ਪਹਿਚਾਣ ਅਤੇ ਜ਼ਮੀਨੀ ਰਿਕਾਰਡ ਤਸਦੀਕ ਕਰਨਾ ਆਸਾਨ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨ ਆਈ.ਡੀ. ਸਬੰਧੀ ਸਬੰਧਿਤ ਬਲਾਕ ਦੇ ਬਲਾਕ ਖੇਤੀਬਾੜੀ ਅਫ਼ਸਰ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।

Leave a Comment

Your email address will not be published. Required fields are marked *

Scroll to Top