ਲੋਕ ਸਭਾ ਵਿੱਚ ਸੁਖਬੀਰ ਦਾ ਨਾਮ ਲੈਣ ‘ਤੇ ਵੜਿੰਗ ਦਾ ਮਾਈਕ ਬੰਦ, ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਿੱਚ 11 ਸਾਲ ਦੀ ਦੇਰੀ ‘ਤੇ ਪ੍ਰਗਟਾਈ ਚਿੰਤਾ

ਚੰਡੀਗੜ੍ਹ/ਦਿੱਲੀ, 2 ਅਪ੍ਰੈਲ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਲੋਕ ਸਭਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਨਿਆਂ ਦੀ ਮੰਗ ਕੀਤੀ, ਜਿਸ ਵਿਚ ਨਿਆਂ ਮਿਲਣ ਵਿੱਚ 11 ਸਾਲ ਦੀ ਦੇਰੀ ਹੋ ਚੁੱਕੀ ਹੈ।

ਦਿਲਚਸਪ ਗੱਲ ਇਹ ਰਹੀ ਕਿ ਜਦੋਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਮ ਲਿਆ, ਤਾਂ ਉਹਨਾਂ ਦਾ ਮਾਈਕ ਬੰਦ ਕਰ ਦਿੱਤਾ ਗਿਆ।

ਲੋਕ ਸਭਾ ਵਿੱਚ ਬੋਲਦਿਆਂ, ਵੜਿੰਗ ਨੇ ਕਿਹਾ ਕਿ 11 ਸਾਲ ਬੀਤ ਜਾਣ ਦੇ ਬਾਵਜੂਦ ਬੇਅਦਬੀ ਦਾ ਮਾਮਲਾ ਹਾਲੇ ਤੱਕ ਸੁਲਝਿਆ ਨਹੀਂ ਹੈ। ਉਹਨਾਂ ਨੇ ਕਿਹਾ ਕਿ 2015 ਵਿੱਚ ਜਦੋਂ ਇਹ ਘਟਨਾ ਹੋਈ ਸੀ, ਉਸ ਸਮੇਂ ਸੁਖਬੀਰ ਬਾਦਲ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸਨ, ਅਤੇ ਉਹਨਾਂ ਵੱਲੋਂ ਆਪਣੀ ਗਲਤੀ ਮੰਨਣ ਦੇ ਬਾਵਜੂਦ ਵੀ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਿੱਖ ਭਾਈਚਾਰਾ ਪਿਛਲੇ 11 ਸਾਲਾਂ ਤੋਂ ਆਪਣੇ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਨਿਆਂ ਦੀ ਮੰਗ ਕਰ ਰਿਹਾ ਹੈ, ਲੇਕਿਨ ਅਜੇ ਤੱਕ ਨਿਆਂ ਨਹੀਂ ਮਿਲਿਆ ਅਤੇ ਲਗਾਤਾਰ ਸਰਕਾਰਾਂ ਵੱਲੋਂ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ।

ਉਹਨਾਂ ਨੇ 11 ਸਾਲ ਪਹਿਲਾਂ ਵਾਪਰੀ ਦੁਖਦਾਈ ਘਟਨਾ ਨੂੰ ਯਾਦ ਕਰਦੇ ਹੋਏ, ਕਿਹਾ ਕਿ ਬੇਅਦਬੀ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਦੋ ਲੋਕਾਂ ਦੀ ਪੁਲਿਸ ਫਾਇਰਿੰਗ ਵਿੱਚ ਮੌਤ ਹੋ ਗਈ ਸੀ ਅਤੇ ਉਦੋਂ ਸੁਖਬੀਰ ਬਾਦਲ ਡਿਪਟੀ ਮੁੱਖ ਮੰਤਰੀ ਸਨ।

ਬਾਅਦ ਵਿੱਚ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਵੜਿੰਗ ਨੇ ਕਿਹਾ ਕਿ ਉਹਨਾਂ ਨੂੰ ਦੁੱਖ ਅਤੇ ਨਿਰਾਸ਼ਾ ਹੋਈ ਹੈ ਕਿ ਉਹਨਾਂ ਦਾ ਮਾਈਕ ਉਸ ਸਮੇਂ ਬੰਦ ਕਰ ਦਿੱਤਾ ਗਿਆ, ਜਦੋਂ ਉਹ ਸਿਰਫ਼ ਤੱਥ ਰੱਖ ਰਹੇ ਸਨ ਅਤੇ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਜੋ ਕੁਝ ਉਹਨਾਂ ਨੇ ਸੰਸਦ ਵਿੱਚ ਕਿਹਾ ਹੈ, ਉਹ ਸਾਰਾ ਰਿਕਾਰਡ ਵਿੱਚ ਮੌਜੂਦ ਹੈ, ਲੇਕਿਨ ਫਿਰ ਵੀ ਉਹਨਾਂ ਦਾ ਮਾਈਕ ਬੰਦ ਕਰ ਦਿੱਤਾ ਗਿਆ।

Leave a Comment

Your email address will not be published. Required fields are marked *

Scroll to Top