ਟਰਾਂਸਪੋਰਟ ਮੰਤਰੀ ਹਰਪਾਲ ਚੀਮਾ ਵੱਲੋਂ ਮ੍ਰਿਤਕ ਪੀ.ਆਰ.ਟੀ.ਸੀ. ਕੰਡਕਟਰ ਦੇ ਪਰਿਵਾਰ ਨੂੰ 40 ਲੱਖ ਰੁਪਏ ਦਾ ਬੀਮਾ ਚੈੱਕ ਭੇਟ

ਚੰਡੀਗੜ੍ਹ, 16 ਅਪ੍ਰੈਲ:- ਪੰਜਾਬ ਦੇ ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਚੀਮਾ ਨੇ ਅੱਜ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੇ ਕੰਡਕਟਰ, ਮਰਹੂਮ ਰਮਨਦੀਪ ਸਿੰਘ, ਜਿਸ ਨੇ ਡਿਊਟੀ ਦੌਰਾਨ ਦੁਖਦਾਈ ਤੌਰ ‘ਤੇ ਆਪਣੀ ਜਾਨ ਗੁਆ ਦਿੱਤੀ ਸੀ, ਦੇ ਪਰਿਵਾਰ ਨੂੰ 40 ਲੱਖ ਰੁਪਏ ਦਾ ਮੁਆਵਜ਼ਾ ਚੈੱਕ ਭੇਟ ਕੀਤਾ।

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਘੁਮਿਆਰਾ ਦਾ ਰਹਿਣ ਵਾਲਾ ਰਮਨਦੀਪ ਸਿੰਘ 2 ਜਨਵਰੀ 2017 ਨੂੰ ਆਊਟਸੋਰਸਿੰਗ ਏਜੰਸੀ ਰਾਹੀਂ ਪੀ.ਆਰ.ਟੀ.ਸੀ. ਵਿੱਚ ਬਤੌਰ ਕੰਡਕਟਰ ਭਰਤੀ ਹੋਇਆ ਸੀ। ਵਿੱਤ ਮੰਤਰੀ ਵੱਲੋਂ ਮ੍ਰਿਤਕ ਦੇ ਪਿਤਾ ਪ੍ਰਗਟ ਸਿੰਘ ਨੂੰ ਚੈੱਕ ਸੌਂਪਿਆ ਗਿਆ।

ਇਸ ਦੌਰਾਨ, ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਇਹ ਮੁਆਵਜ਼ਾ ਪੀ.ਆਰ.ਟੀ.ਸੀ. ਅਤੇ ਪੰਜਾਬ ਐਂਡ ਸਿੰਧ ਬੈਂਕ ਵਿਚਾਲੇ ਹੋਏ ਬੀਮਾ ਸਮਝੌਤੇ ਦੇ ਹਿੱਸੇ ਵਜੋਂ ਤੈਅ ਕੀਤੀਆਂ ਗਈਆਂ ਕਾਰਪੋਰੇਟ ਬੀਮਾ ਸ਼ਰਤਾਂ ਤਹਿਤ ਦੁਖੀ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਹੈ।”

ਟਰਾਂਸਪੋਰਟ ਮੰਤਰੀ ਨੇ ਭਰੋਸਾ ਦਿਵਾਇਆ, “ਭਗਵੰਤ ਮਾਨ ਸਰਕਾਰ ਅਣਕਿਆਸੇ ਕੰਮਕਾਜੀ ਦੁਖਾਂਤ ਦੇ ਮੱਦੇਨਜ਼ਰ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਵਿੱਤੀ ਸੁਰੱਖਿਆ ਨੂੰ ਪਹਿਲ ਦੇਣ ਲਈ ਹਮੇਸ਼ਾ ਵਚਨਬੱਧ ਹੈ।”

ਇਸ ਮੌਕੇ ਟਰਾਂਸਪੋਰਟ ਮੰਤਰੀ ਦੇ ਨਾਲ ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ, ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਨੁਮਾਇੰਦੇ ਵੀ ਪਰਿਵਰ  ਨਾਲ ਦੁੱਖ ਸਾਂਝਾ ਕਰਨ ਲਈ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top