ਰੂਪਨਗਰ- ਸੀ.ਆਰ.ਪੀ.ਐਫ. ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਹਰ ਸਾਲ ਸ਼ਹੀਦ ਪਰਿਵਾਰਾਂ ਦੇ ਮਾਣ-ਸਨਮਾਨ ਲਈ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਹਨ। ਇਸ ਲੜੀ ਤਹਿਤ ਸ਼ਹੀਦ ਐਚ.ਸੀ. ਜਗਤਾਰ ਸਿੰਘ ਦੀ 10ਵੀਂ ਸ਼ਹੀਦੀ ਬਰਸੀ 25 ਜੂਨ 2026 ਨੂੰ ਉਹਨਾਂ ਦੇ ਜੱਦੀ ਪਿੰਡ ਬੁਰਜਵਾਲਾ, ਜ਼ਿਲ੍ਹਾ ਰੂਪਨਗਰ (ਰੋਪੜ) ਵਿਖੇ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ।
ਸ਼ਹੀਦ ਜਗਤਾਰ ਸਿੰਘ 1994 ਵਿੱਚ ਸੀ.ਆਰ.ਪੀ.ਐਫ. ਵਿੱਚ ਭਰਤੀ ਹੋਏ ਸਨ ਅਤੇ ਕਰੀਬ 22 ਸਾਲ ਤੱਕ ਦੇਸ਼ ਦੀ ਸੇਵਾ ਕਰਦੇ ਰਹੇ। ਉਹ ਆਪਣੇ ਮਿਲਣਸਾਰ ਸੁਭਾਅ ਅਤੇ ਫਰਜ਼ ਪ੍ਰਤੀ ਸਮਰਪਣ ਲਈ ਜਾਣੇ ਜਾਂਦੇ ਸਨ। ਵੱਖ-ਵੱਖ ਥਾਵਾਂ ‘ਤੇ ਸੇਵਾਵਾਂ ਨਿਭਾਉਣ ਤੋਂ ਬਾਅਦ ਉਹਨਾਂ ਦੀ ਤਾਇਨਾਤੀ 161 ਬਟਾਲੀਅਨ ਸ੍ਰੀਨਗਰ ਵਿੱਚ ਹੋ ਗਈ।
ਡਿਊਟੀ ਦੌਰਾਨ ਅੱਤਵਾਦੀਆਂ ਵੱਲੋਂ ਕੀਤੇ ਗਏ ਭਾਰੀ ਹਮਲੇ ਦਾ ਜਵਾਬ ਦਿੰਦਿਆਂ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ। ਇਸ ਮੁਠਭੇੜ ਵਿੱਚ ਅੱਤਵਾਦੀਆਂ ਵੱਲੋਂ ਗ੍ਰਨੇਡਾਂ ਅਤੇ ਭਾਰੀ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ਦੌਰਾਨ ਸੀ.ਆਰ.ਪੀ.ਐਫ. ਦੇ ਅੱਠ ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਵਿੱਚ ਐਚ.ਸੀ. ਜਗਤਾਰ ਸਿੰਘ ਵੀ ਸ਼ਾਮਲ ਸਨ, ਜੋ ਆਪਣੇ ਸਾਥੀ ਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਸ਼ਹੀਦੀ ਪ੍ਰਾਪਤ ਕਰ ਗਏ।

ਸ਼ਹੀਦ ਜਗਤਾਰ ਸਿੰਘ 16 ਜੂਨ ਨੂੰ ਆਪਣੇ ਘਰ ਛੁੱਟੀ ਆਏ ਸਨ। ਇੱਕ ਦਿਨ ਪਰਿਵਾਰ ਨਾਲ ਬਿਤਾਉਣ ਤੋਂ ਬਾਅਦ ਉਹ ਮੁੜ ਆਪਣੀ ਡਿਊਟੀ ‘ਤੇ ਸ੍ਰੀਨਗਰ ਵਾਪਸ ਚਲੇ ਗਏ ਸਨ। ਘਰ ਆ ਕੇ ਉਨ੍ਹਾਂ ਨੇ ਆਪਣੇ ਮਾਤਾ ਮਹਿੰਦਰ ਕੌਰ, ਪਿਤਾ ਸੌਦਾਗਰ ਸਿੰਘ, ਧਰਮ ਪਤਨੀ ਹਰਲੀਨ ਕੌਰ ਅਤੇ ਬੱਚਿਆਂ ਨਾਲ ਬੜੇ ਪਿਆਰ ਅਤੇ ਸਤਿਕਾਰ ਨਾਲ ਸਮਾਂ ਬਿਤਾਇਆ। ਉਹਨਾਂ ਦੀਆਂ ਉਹ ਗੱਲਾਂ ਅੱਜ ਵੀ ਪਰਿਵਾਰ ਦੇ ਮੈਂਬਰਾਂ ਨੂੰ ਯਾਦ ਹਨ।
ਸ੍ਰੀਨਗਰ ਪਹੁੰਚ ਕੇ ਉਹਨਾਂ ਨੇ ਆਪਣੀ ਡਿਊਟੀ ਨਿਭਾਉਣੀ ਸ਼ੁਰੂ ਕਰ ਦਿੱਤੀ। ਸ਼ਹੀਦੀ ਵਾਲੇ ਦਿਨ ਵੀ ਜਗਤਾਰ ਸਿੰਘ ਨੇ ਕਰੀਬ ਅੱਧਾ ਘੰਟਾ ਪਹਿਲਾਂ ਆਪਣੇ ਬੱਚਿਆਂ ਅਤੇ ਮਾਤਾ-ਪਿਤਾ ਨਾਲ ਫੋਨ ‘ਤੇ ਗੱਲ ਕੀਤੀ ਸੀ। ਉਹ ਹਮੇਸ਼ਾ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕਰਦੇ ਅਤੇ ਪਰਿਵਾਰ ਨੂੰ ਮਾਤਾ-ਪਿਤਾ ਦੀ ਸੇਵਾ ਕਰਨ ਦੀ ਸਿੱਖਿਆ ਦਿੰਦੇ ਰਹਿੰਦੇ ਸਨ।
ਉਨ੍ਹਾਂ ਦੀ ਧੀ ਜਸ਼ਨਪ੍ਰੀਤ ਕੌਰ, ਪੁੱਤਰ ਗੁਰਮਨਵੀਰ ਸਿੰਘ ਅਤੇ ਧਰਮ ਪਤਨੀ ਹਰਲੀਨ ਕੌਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਮਾਤਾ-ਪਿਤਾ ਦੀ ਸੇਵਾ ਪੂਰੀ ਨਿਸ਼ਠਾ ਨਾਲ ਕਰਨਗੇ। ਇਹ ਸੁਣ ਕੇ ਜਗਤਾਰ ਸਿੰਘ ਬਹੁਤ ਖੁਸ਼ ਹੁੰਦੇ ਸਨ।
ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਰਾਤ ਦੇ ਕਰੀਬ 12 ਵਜੇ ਸ੍ਰੀਨਗਰ ਤੋਂ ਹਰਲੀਨ ਕੌਰ ਨੂੰ ਫੋਨ ਆਇਆ ਅਤੇ ਉਨ੍ਹਾਂ ਨੂੰ ਜਗਤਾਰ ਸਿੰਘ ਦੇ ਪਿਤਾ ਨਾਲ ਗੱਲ ਕਰਵਾਉਣ ਲਈ ਕਿਹਾ ਗਿਆ ਤਾਂ ਹਰਲੀਨ ਕੌਰ ਨੂੰ ਕੁਝ ਅਣਹੋਣੀ ਦਾ ਅਹਿਸਾਸ ਹੋਇਆ। ਜਦੋਂ ਪਿਤਾ ਸੌਦਾਗਰ ਸਿੰਘ ਨੇ ਫੋਨ ‘ਤੇ ਗੱਲ ਕੀਤੀ ਤਾਂ ਸੀਆਰਪੀਐਫ ਦੇ ਇੱਕ ਅਧਿਕਾਰੀ ਨੇ ਅੱਥਰੂ ਭਰੀ ਆਵਾਜ਼ ਵਿੱਚ ਦੱਸਿਆ ਕਿ ਤੁਹਾਡਾ ਪੁੱਤਰ ਦੇਸ਼ ਦੀ ਖਾਤਰ ਸ਼ਹੀਦ ਹੋ ਗਿਆ ਹੈ।
ਇਹ ਦੁਖਦਾਈ ਖ਼ਬਰ ਸੁਣਦੇ ਹੀ ਪਿਤਾ ਸੌਦਾਗਰ ਸਿੰਘ ਫੋਨ ਹੱਥ ਵਿੱਚ ਫੜ ਕੇ ਉੱਥੇ ਹੀ ਬੈਠ ਗਏ। ਜਦੋਂ ਮਾਤਾ ਮਹਿੰਦਰ ਕੌਰ ਨੇ ਪੁੱਛਿਆ ਤਾਂ ਉਨ੍ਹਾਂ ਨੇ ਭਰੇ ਮਨ ਨਾਲ ਕਿਹਾ, “ਤੇਰਾ ਲਾਡਲਾ ਸਾਨੂੰ ਸਭ ਨੂੰ ਛੱਡ ਕੇ ਚਲਾ ਗਿਆ ਹੈ।” ਜਦੋਂ ਹਰਲੀਨ ਕੌਰ ਨੂੰ ਇਹ ਖ਼ਬਰ ਮਿਲੀ ਤਾਂ ਉਹ ਢਾਹਾਂ ਮਾਰ ਕੇ ਰੋ ਪਈ ਅਤੇ ਆਪਣੇ ਬੱਚਿਆਂ ਨੂੰ ਗਲਵੱਕੜੀ ਵਿੱਚ ਲੈ ਕੇ ਉਨ੍ਹਾਂ ਦੇ ਪਿਤਾ ਦੀ ਸ਼ਹੀਦੀ ਬਾਰੇ ਦੱਸਣ ਲੱਗੀ।
ਸ਼ਹੀਦ ਜਗਤਾਰ ਸਿੰਘ ਦੀ ਸ਼ਹੀਦੀ ਬਰਸੀ 25 ਜੂਨ, ਵੀਰਵਾਰ ਨੂੰ ਉਨ੍ਹਾਂ ਦੇ ਪਿੰਡ ਬੁਰਜਵਾਲਾ, ਜ਼ਿਲ੍ਹਾ ਰੂਪਨਗਰ (ਰੋਪੜ) ਵਿਖੇ ਮਨਾਈ ਜਾ ਰਹੀ ਹੈ। ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਅਤੇ ਰੋਪੜ ਜ਼ਿਲ੍ਹੇ ਦੇ ਸਾਬਕਾ ਜਵਾਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ 25 ਜੂਨ ਨੂੰ ਸ਼ਹੀਦ ਦੇ ਪਿੰਡ ਪਹੁੰਚ ਕੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਨ ਅਤੇ ਸ਼ਰਧਾਂਜਲੀ ਭੇਟ ਕਰਨ।
ਜੈ ਹਿੰਦ 🙏
ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ






























