ਡਿਪਟੀ ਕਮਿਸ਼ਨਰ ਵੱਲੋਂ ਸਪੈਸ਼ਲ ਓਲੰਪਿਕਸ ਤੈਰਾਕ ਭਾਵਿਕ ਅਟਵਾਲ ਦਾ ਸਨਮਾਨ

ਜਲੰਧਰ, 10 ਜੁਲਾਈ: ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ ਅੱਜ ਸ਼ਹਿਰ ਦੇ ਰਹਿਣ ਵਾਲੇ ਸਪੈਸ਼ਲ ਓਲੰਪਿਕਸ ਤੈਰਾਕ ਭਾਵਿਕ ਅਟਵਾਲ ਨੂੰ ਉਸ ਦੀਆਂ ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।

ਡਿਪਟੀ ਕਮਿਸ਼ਨਰ ਨੇ ਇਸ ਹੋਣਹਾਰ ਤੈਰਾਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਵਿਕ ਵਰਗੇ ਖਿਡਾਰੀ ਆਪਣੀ ਮਿਹਨਤ ਅਤੇ ਹੌਸਲੇ ਸਦਕਾ ਸਮੁੱਚੇ ਸਮਾਜ ਲਈ ਮਿਸਾਲ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਤਿਭਾਵਾਨ ਤੈਰਾਕ ਨੇ ਇਹ ਸਾਬਤ ਕੀਤਾ ਹੈ ਕਿ ਦ੍ਰਿੜ ਇਰਾਦੇ ਅਤੇ ਹਿੰਮਤ ਦੇ ਸਾਹਮਣੇ ਕੋਈ ਰੁਕਾਵਟ ਵੱਡੀ ਨਹੀਂ ਹੁੰਦੀ।

ਉਨ੍ਹਾਂ ਕਿਹਾ ਕਿ ਭਾਵਿਕ ਨੇ ਆਪਣੀ ਪ੍ਰਤਿਭਾ ਤੇ ਮਿਹਨਤ ਨਾਲ ਨਾ ਸਿਰਫ਼ ਆਪਣੇ ਮਾਪਿਆਂ ਅਤੇ ਜ਼ਿਲ੍ਹੇ ਦੇ ਨਾਂ ਰੌਸ਼ਨ ਕੀਤਾ ਹੈ ਸਗੋਂ ਹੋਰਨਾਂ ਵਿਸ਼ੇਸ਼ ਬੱਚਿਆਂ ਲਈ ਵੀ ਪ੍ਰੇਰਨਾ ਸਰੋਤ ਹੈ। ਉਨ੍ਹਾਂ ਭਾਵਿਕ ਦੇ ਮਾਤਾ ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਸਫ਼ਲਤਾ ਪਿੱਛੇ ਮਾਪਿਆਂ ਦੇ ਸਮਰਪਣ, ਹੌਸਲਾ ਅਫਜ਼ਾਈ ਅਤੇ ਨਿਰੰਤਰ ਸਹਿਯੋਗ ਦੀ ਅਹਿਮ ਭੂਮਿਕਾ ਹੁੰਦੀ ਹੈ।

ਭਾਵਿਕ ਅਟਵਾਲ ਨੇ ਸਪੈਸ਼ਲ ਓਲੰਪਿਕਸ ਸਵੀਮਿੰਗ ਨੈਸ਼ਨਲਜ਼-2024 (ਮੰਡਿਆ, ਕਰਨਾਟਕ) ਵਿੱਚ 25 ਮੀਟਰ ਫ੍ਰੀਸਟਾਈਲ ਵਿੱਚ ਸੋਨ ਤਮਗਾ, 50 ਮੀਟਰ ਫ੍ਰੀਸਟਾਈਲ ਵਿੱਚ ਕਾਂਸੀ ਤਮਗਾ ਅਤੇ 25×4 ਮੀਟਰ ਫ੍ਰੀਸਟਾਈਲ ਰਿਲੇਅ ਵਿੱਚ ਕਾਂਸੀ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਉਸ ਨੇ ਸਪੈਸ਼ਲ ਓਲੰਪਿਕਸ ਭਾਰਤ ਨੈਸ਼ਨਲ ਚੈਂਪੀਅਨਸ਼ਿਪ-2016 (ਮੁੰਬਈ) ਵਿੱਚ 25 ਮੀਟਰ ਫ੍ਰੀਸਟਾਈਲ ਵਿੱਚ ਚਾਂਦੀ ਦਾ ਤਮਗਾ ਅਤੇ ਸਪੈਸ਼ਲ ਓਲੰਪਿਕਸ ਪੰਜਾਬ-2017 (ਪਟਿਆਲਾ) ਵਿੱਚ 25 ਮੀਟਰ ਅਤੇ 50 ਮੀਟਰ ਫ੍ਰੀਸਟਾਈਲ ਵਿੱਚ ਦੋ ਚਾਂਦੀ ਦੇ ਤਮਗੇ ਜਿੱਤੇ ਹਨ।

ਹਾਲ ਹੀ ਵਿੱਚ ਭਾਵਿਕ ਨੇ ਇੱਕ ਹੋਰ ਤੈਰਾਕੀ ਮੁਕਾਬਲੇ ਵਿੱਚ 25 ਮੀਟਰ ਅਤੇ 50 ਮੀਟਰ ਫ੍ਰੀਸਟਾਈਲ ਵਿੱਚ ਦੋ ਸੋਨ ਤਮਗੇ ਜਿੱਤ ਕੇ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਮੁੜ ਸਬੂਤ ਦਿੱਤਾ ਹੈ। ਇਸ ਤੋਂ ਇਲਾਵਾ, ਪੰਜਾਬ ਸਰਕਾਰ ਵੱਲੋਂ ਉਸ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਨੂੰ ਮਾਨਤਾ ਦਿੰਦਿਆਂ ਹਾਲ ਹੀ ਵਿੱਚ 1.35 ਲੱਖ ਰੁਪਏ ਖੇਡ ਪ੍ਰੋਤਸਾਹਨ ਵਜੋਂ ਪ੍ਰਦਾਨ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਪੈਸ਼ਲ ਓਲੰਪਿਕਸ ਐਸੋਸੀਏਸ਼ਨ, ਜਲੰਧਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਦੀਆਂ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ।

ਇਸ ਮੌਕੇ ਜ਼ਿਲ੍ਹਾ ਸਪੈਸ਼ਲ ਓਲੰਪਿਕਸ ਐਸੋਸੀਏਸ਼ਨ, ਜਲੰਧਰ ਦੇ ਪ੍ਰਧਾਨ ਰਾਜੀਵ ਦਿਵੇਦੀ, ਸਕੱਤਰ ਪੂਨਮ, ਭਾਵਿਕ ਅਟਵਾਲ ਦੇ ਪਿਤਾ ਵਿਕਰਮ ਅਟਵਾਲ, ਮਾਤਾ ਸਾਕਸ਼ੀ ਅਟਵਾਲ ਤੇ ਭਰਾ ਸੌਰਵ ਅਟਵਾਲ ਅਤੇ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top