Click on the Edit Content button to edit/add the content.

ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਵੜਿੰਗ

ਚੰਡੀਗੜ੍ਹ, 22 ਜੁਲਾਈ: ਪੰਜਾਬ ਕਾਂਗਰਸ ਦੇ ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਵਿੱਚ ਵਾਰ-ਵਾਰ ਪੇਪਰ ਲੀਕ ਦੇ ਮਾਮਲਿਆਂ ਲਈ ਨੈਤਿਕ ਜਿੰਮੇਵਾਰੀ ਲੈਂਦਿਆਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਜਿਵੇਂ ਦੇਸ਼ ਪੱਧਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਪੇਪਰ ਲੀਕ ਦੇ ਮਾਮਲਿਆਂ ਲਈ ਜ਼ਿੰਮੇਵਾਰ ਹਨ ਅਤੇ ਦੇਸ਼ ਉਨ੍ਹਾਂ ਤੋਂ ਜਵਾਬਦੇਹੀ ਮੰਗ ਰਿਹਾ ਹੈ, ਠੀਕ ਉਸੇ ਤਰ੍ਹਾਂ ਪੰਜਾਬ ਵਿੱਚ ਹੋਈਆਂ ਪੇਪਰ ਲੀਕਾਂ ਲਈ ਭਗਵੰਤ ਮਾਨ ਤੇ ਹਰਜੋਤ ਬੈਂਸ ਵੀ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਦੇ ਉਸ ਬਿਆਨ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜੇਕਰ ਪੰਜਾਬ ਵਿੱਚ ਕੋਈ ਪੇਪਰ ਲੀਕ ਹੋਇਆ, ਤਾਂ ਇਸ ਲਈ ਜ਼ਿੰਮੇਵਾਰ ਆਗੂ ਨੂੰ ਅਸਤੀਫ਼ਾ ਦੇਣਾ ਪਵੇਗਾ।

ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਪੰਜਾਬ ਗਰੁੱਪ-ਬੀ ਪੇਪਰ ਲੀਕ ਨੂੰ ਛੇ ਮਹੀਨੇ ਹੋ ਚੁੱਕੇ ਹਨ। ਇਸ ਤੋਂ ਪਹਿਲਾਂ, ਬਾਰ੍ਹਵੀਂ ਜਮਾਤ ਦੇ ਅੰਗਰੇਜ਼ੀ ਦੇ ਪੇਪਰ, ਪੀਐੱਸਟੈੱਟ ਅਤੇ ਫਾਰਮਾਸਿਸਟ ਭਰਤੀ ਪ੍ਰੀਖਿਆ ਦਾ ਪੇਪਰ ਵੀ ਲੀਕ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਪੇਪਰ ਲੀਕ ਦੇ ਚਾਰ ਵੱਡੇ ਘੁਟਾਲੇ ਸਾਹਮਣੇ ਆ ਚੁੱਕੇ ਹਨ, ਲੇਕਿਨ ਨਾ ਤਾਂ ਕੋਈ ਢੰਗ ਦੀ ਜਾਂਚ ਹੋਈ ਹੈ, ਨਾ ਹੀ ਕਿਸੇ ਦੀ ਜਵਾਬਦੇਹੀ ਤੈਅ ਕੀਤੀ ਗਈ ਹੈ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ।

ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਕੀ ਭਗਵੰਤ ਮਾਨ ਕਦੋਂ ਅਸਤੀਫ਼ਾ ਦੇਣਗੇ? ਪੰਜਾਬ ਦੇ ਨੌਜਵਾਨ ਬਹਾਨਿਆਂ ਦੇ ਨਹੀਂ, ਸਗੋਂ ਜਵਾਬਦੇਹੀ ਦੇ ਹੱਕਦਾਰ ਹਨ।

ਉਨ੍ਹਾਂ ਨੇ ਕਿਹਾ ਕਿ ਜਿਵੇਂ ਦਿੱਲੀ ਵਿੱਚ ਵਿਦਿਆਰਥੀ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਫਾਰਮੇਸੀ ਪੇਪਰ ਲੀਕ ਦੇ ਵਿਰੋਧ ਵਿੱਚ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ, ਲੇਕਿਨ ਉਨ੍ਹਾਂ ਨੂੰ ਪੁਲਿਸ ਵੱਲੋਂ ਕੁੱਟਿਆ ਗਿਆ, ਧੱਕੇਸ਼ਾਹੀ ਕੀਤੀ ਗਈ ਅਤੇ ਖਦੇੜਿਆ ਗਿਆ।

ਵੜਿੰਗ ਨੇ ਕਿਹਾ ਕਿ ਭਗਵੰਤ ਮਾਨ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਫਾਰਮੇਸੀ ਦਾ ਪੇਪਰ ਕਿਵੇਂ ਲੀਕ ਹੋਇਆ ਅਤੇ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੋਵੇਂ ਸਰਕਾਰਾਂ ਪੇਪਰ ਲੀਕ ਦੀ ਸਮੱਸਿਆ ਨਾਲ ਨਜਿੱਠਣ ਅਤੇ ਪ੍ਰਭਾਵਿਤ ਵਿਦਿਆਰਥੀਆਂ ਨੂੰ ਇਨਸਾਫ਼ ਦਿਵਾਉਣ ਵਿੱਚ ਨਾਕਾਮ ਰਹੀਆਂ ਹਨ।

Table of Contents

Scroll to Top