Click on the Edit Content button to edit/add the content.

ਫੂਡ ਸੇਫਟੀ ਵਿੰਗ ਵੱਲੋਂ ਛਾਪੇਮਾਰੀ, ਪਨੀਰ, ਕ੍ਰੀਮ, ਘਿਓ, ਦਹੀ ਤੇ ਦੁੱਧ ਦੇ 9 ਸੈਂਪਲ ਭਰੇ

ਜਲੰਧਰ, 5 ਅਗਸਤ : ਫੂਡ ਸੇਫਟੀ ਟੀਮ ਵੱਲੋਂ ਅੱਜ ਤੜਕਸਾਰ ਇੱਕ ਪਨੀਰ ਸਪਲਾਇਰ ਦੀ ਦੁਕਾਨ ’ਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਸੈਂਪਲ ਭਰਨ ਤੋਂ ਇਲਾਵਾ 1000 ਕਿਲੋ ਸ਼ੱਕੀ ਮਿਲਾਵਟੀ ਪਨੀਰ ਅਤੇ 68 ਕਿਲੋ ਕ੍ਰੀਮ ਮੌਕੇ ’ਤੇ ਸੀਲ/ਜ਼ਬਤ ਕੀਤੀ ਗਈ। 
ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਿਸ਼ਨਰ, ਫੂਡ ਅਤੇ ਡਰੱਗ ਐਡਮਿਨੀਸਟ੍ਰੇਸ਼ਨ, ਪੰਜਾਬ ਕੰਵਲਪ੍ਰੀਤ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ, ਜਲੰਧਰ ਡਾ. ਰਾਜੇਸ਼ ਗਰਗ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਸਵੇਰੇ ਫੂਡ ਸੇਫਟੀ ਟੀਮ, ਜਿਸ ਵਿੱਚ ਫੂਡ ਸੇਫਟੀ ਅਫ਼ਸਰ ਮੁਕੂਲ ਗਿੱਲ, ਰੋਬਿਨ ਕੁਮਾਰ ਅਤੇ ਰਵੀ ਨੰਦਨ ਗੋਇਲ ਸ਼ਾਮਲ ਸਨ, ਵੱਲੋ ਇੱਕ ਪਨੀਰ ਸਪਲਾਇਰ ਦੀ ਦੁਕਾਨ ’ਤੇ ਅਚਨਚੇਤ ਛਾਪੇਮਾਰੀ ਕੀਤੀ ਗਈ।
ਛਾਪੇਮਾਰੀ ਦੌਰਾਨ ਮਾਡਲ ਹਾਊਸ ਇਲਾਕੇ ’ਚ ਸਥਿਤ ਡੇਅਰੀ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਡੇਅਰੀ ਦੇ ਮਾਲਕ ਕੋਲੋਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਖ਼ਰੀਦ-ਵੇਚ ਸਬੰਧੀ ਰਿਕਾਰਡ ਦੀ ਮੰਗ ਕੀਤੀ ਗਈ। ਡੇਅਰੀ ਮਾਲਕ ਨੇ ਟੀਮ ਨੂੰ ਦੱਸਿਆ ਕਿ ਉਸ ਵਲੋਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਕਾਲਾ ਸੰਘਿਆ ਰੋਡ ਵਿਖੇ ਬਣਾਏ ਜਾਂਦੇ ਹਨ। ਟੀਮ ਨੇ ਉਸ ਦੇ ਨਾਲ ਉਸ ਵੱਲੋਂ ਦੱਸੇ ਗਏ ਪਤੇ ’ਤੇ ਜਾ ਕੇ ਵੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਪਾਇਆ ਗਿਆ ਕਿ ਉਸ ਵਲੋਂ ਉਥੇ ਘਿਓ ਅਤੇ ਦਹੀਂ ਹੀ ਬਣਾਇਆ ਜਾਂਦਾ ਹੈ ਅਤੇ ਪਨੀਰ ਉੱਥੇ ਨਹੀਂ ਤਿਆਰ ਕੀਤਾ ਜਾਂਦਾ। ਦੁਕਾਨ ਮਾਲਕ ਵਲੋਂ ਤਸੱਲੀਬਖਸ਼ ਜਵਾਬ ਨਾ ਮਿਲਣ ’ਤੇ ਪਨੀਰ ਦੇ 2, ਕਰੀਮ, ਘਿਓ ਅਤੇ ਦਹੀਂ ਦਾ ਇਕ-ਇਕ ਸੈਂਪਲ ਲੈਣ ਉਪਰੰਤ ਪਨੀਰ ਅਤੇ ਕ੍ਰੀਮ ਵਿੱਚ ਮਿਲਾਵਟ ਦੇ ਸ਼ੱਕ ਦੇ ਆਧਾਰ ’ਤੇ ਸਾਰਾ ਸਟਾਕ, ਲਗਭਗ 1000 ਕਿਲੋ ਪਨੀਰ ਅਤੇ 68 ਕਿਲੋ ਕ੍ਰੀਮ ਨੂੰ ਮੌਕੇ ’ਤੇ ਸੀਲ/ਜਬਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਤਿੰਨ ਹੋਰ ਡੇਅਰੀਆਂ ਤੋਂ ਦੁੱਧ ਦੇ 3 ਅਤੇ ਘਿਉ ਦਾ ਇਕ ਸੈਂਪਲ ਇਕੱਤਰ ਕੀਤੇ ਗਏ।ਸਾਰੇ ਕੁੱਲ 9 ਸੈਂਪਲਾ ਨੂੰ ਜਾਂਚ ਲਈ ਸਟੇਟ ਫੂਡ ਲੈਬੋਰੇਟਰੀ ਭੇਜ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਸੀਜ ਕੀਤੇ ਗਏ ਸਟਾਕ ਦੇ ਸੈਂਪਲਾਂ ਦੀ ਰਿਪੋਰਟ ਜਲਦ ਤੋਂ ਜਲਦ ਭੇਜਣ ਲਈ ਫੂਡ ਐਨਾਲਿਸਟ ਨੂੰ ਲਿਖ ਦਿੱਤਾ ਗਿਆ ਹੈ। ਜਾਂਚ ਰਿਪੋਰਟ ਪ੍ਰਾਪਤ ਹੋਣ ਉਪਰੰਤ ਅਗਲੇਰੀ ਯੋਗ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Table of Contents

Scroll to Top