ਜਲੰਧਰ, 15 ਅਗਸਤ: ਆਜ਼ਾਦੀ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਢੀਂਡਸਾ ਫਾਰਮ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਾਰਟੀ ਦੇ ਹਲਕਾ ਇੰਚਾਰਜ ਉੱਤਰੀ ਜਲੰਧਰ ਅਤੇ ਕੌਮੀ ਮੀਤ ਪ੍ਰਧਾਨ ਸਰਦਾਰ ਹਰਿੰਦਰ ਸਿੰਘ ਢੀਂਡਸਾ, ਰਣਜੀਤ ਸਿੰਘ ਰਾਣਾ ਅਤੇ ਮੈਂਬਰ ਪੀ.ਏ.ਸੀ. ਅਵਤਾਰ ਸਿੰਘ ਘੁੰਮਣ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।
ਇਸ ਮੌਕੇ ਸਰਦਾਰ ਹਰਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਾਡੇ ਮਹਾਨ ਆਜ਼ਾਦੀ ਘੁਲਾਟੀਆਂ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਦੇਸ਼ ਵਿੱਚ ਰਹਿ ਰਹੇ ਹਾਂ ਅਤੇ ਇਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
ਰਣਜੀਤ ਸਿੰਘ ਰਾਣਾ ਨੇ ਕਿਹਾ ਕਿ 1947 ਦੀ ਵੰਡ ਦੌਰਾਨ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਅਤੇ ਲਗਭਗ ਡੇਢ ਕਰੋੜ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ। ਇਸ ਦੌਰਾਨ ਅਨੇਕਾਂ ਪਰਿਵਾਰ ਆਪਣੇ ਸਕੇ-ਸਬੰਧੀਆਂ ਤੋਂ ਵਿਛੜ ਗਏ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਜਸ਼ਨ ਮਨਾਉਂਦੇ ਸਮੇਂ ਸਾਨੂੰ ਵੰਡ ਦੇ ਦਰਦ ਅਤੇ ਉਸ ਸਮੇਂ ਹੋਈਆਂ ਕੁਰਬਾਨੀਆਂ ਨੂੰ ਵੀ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਆਜ਼ਾਦੀ ਦਿਵਸ ਮਨਾਉਣਾ ਸਾਡਾ ਫਰਜ਼ ਹੈ ਅਤੇ ਸਾਨੂੰ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਮੈਂਬਰ ਪੀ.ਏ.ਸੀ. ਅਵਤਾਰ ਸਿੰਘ ਘੁੰਮਣ, ਜਗਜੀਤ ਸਿੰਘ ਖਾਲਸਾ, ਸਰਕਲ ਪ੍ਰਧਾਨ ਜਗਦੀਪ ਸਿੰਘ ਬਿਰਦੀ, ਸਰਕਲ ਪ੍ਰਧਾਨ ਮੇਜਰ ਸਿੰਘ ਕਾਹਲੋਂ, ਸਰਕਲ ਪ੍ਰਧਾਨ ਤਰਲੋਚਨ ਸਿੰਘ, ਬੀ.ਸੀ. ਵਿੰਗ ਪ੍ਰਧਾਨ ਉੱਤਰੀ ਜਲੰਧਰ ਦਲਜੀਤ ਸਿੰਘ ਲੰਮਾ ਪਿੰਡ, ਦਿਲਬਾਗ ਸਿੰਘ, ਜੱਸਾ ਸਿੰਘ ਬੱਲੀ, ਜੁਗਰਾਜ ਸਿੰਘ, ਤਰਸੇਮ ਸਿੰਘ ਘੁੰਮਣ, ਅੰਗਰੇਜ਼ ਸਿੰਘ ਗੁਰਾਇਆ, ਰਣਜੀਤ ਸਿੰਘ ਘੁੰਮਣ ਅਤੇ ਤਰਸੇਮ ਸਿੰਘ ਭਲਵਾਨ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।