Click on the Edit Content button to edit/add the content.

33 ਫੀਸਦੀ ਰਾਖਵੇਂਕਰਨ ਦੇ ਨਾਲ ਸਰਕਾਰੀ ਵਿਭਾਗਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਦਿੱਤੇ ਜਾ ਰਿਹੈ ਬੜ੍ਹਾਵਾ : ਡਾ. ਬਲਜੀਤ ਕੌਰ

ਫਿਲੌਰ (ਜਲੰਧਰ), 19 ਅਗਸਤ : ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ‘ਮੇਨ ਸਟ੍ਰੀਮਿੰਗ ਆਫ਼ ਵੁਮੈਨ ਇਨ ਪੰਜਾਬ ਪੁਲਿਸֹ’ ਵਿਸ਼ੇ ’ਤੇ ਤੀਜੇ ਗੇੜ ਦੇ ਲਿੰਗ ਸੰਵੇਦਨਸ਼ੀਲਤਾ ਸਿਖ਼ਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਸਮਾਜਿਕ ਨਿਆਂ, ਅਧਿਕਾਰਤਾ, ਘੱਟ ਗਿਣਤੀ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਸਮਾਗਮ ਵਿੱਚ ਸਪੈਸ਼ਲ ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀ.ਏ.ਡੀ.) ਗੁਰਪ੍ਰੀਤ ਕੌਰ ਦਿਓ, ਡਾਇਰੈਕਟਰ ਪੰਜਾਬ ਪੁਲਿਸ ਅਕੈਡਮੀ ਧਨਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।


ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ‘ਮੇਨ ਸਟ੍ਰੀਮਿੰਗ ਆਫ਼ ਵੁਮੈਨ ਇਨ ਪੰਜਾਬ ਪੁਲਿਸֹ’ ਵਿਸ਼ੇ ’ਤੇ ਕਰਵਾਇਆ ਜਾ ਰਿਹਾ ਇਹ ਸੈਮੀਨਾਰ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਪੁਰਾਣੇ ਸਮਿਆਂ ਦੇ ਵਿੱਚ ਮਹਿਲਾਵਾਂ ਨੂੰ ਓਨੇ ਅਧਿਕਾਰ ਪ੍ਰਾਪਤ ਨਹੀਂ ਸਨ, ਜਿੰਨੇ ਕਿ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਦੇ ਵਿੱਚ ਉੱਚ ਅਹੁਦਿਆਂ ’ਤੇ ਮਹਿਲਾਵਾਂ ਦੀ ਮੌਜੂਦਗੀ ਇਹ ਦਰਸਾਉਂਦੀ ਹੈ ਕਿ ਸਿਸਟਮ ਦੇ ਵਿੱਚ ਮਹਿਲਾਵਾਂ ਦਾ ਯੋਗਦਾਨ ਵਧਾਇਆ ਜਾ ਰਿਹਾ ਹੈ ਅਤੇ ਇਸ ਨਾਲ ਲਿੰਗ ਦੇ ਆਧਾਰ ’ਤੇ ਪੱਖਪਾਤ ਸਬੰਧੀ ਸੋਚ ਬਦਲਣ ਵਿੱਚ ਸਹਾਇਤਾ ਮਿਲੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਸਿਰਫ਼ ਘਰ ਦੇ ਕੰਮਕਾਜ ਲਈ ਹੀ ਨਹੀਂ ਬਣੀਆਂ ਸਗੋਂ ਉੱਚੇ ਅਹੁਦਿਆਂ ’ਤੇ ਰਹਿ ਕੇ ਸਮਾਜ ਅਤੇ ਦੇਸ਼ ਨੂੰ ਬਦਲਣ ਅਤੇ ਸੁਧਾਰ ਲਿਆਉਣ ਦੀ ਵੀ ਤਾਕਤ ਰੱਖਦੀਆਂ ਹਨ। ਹੁਣ ਸਮਾਜ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ ਅਤੇ ਪੁਰਸ਼ਾ ਵਾਂਗ ਮਹਿਲਾਵਾਂ ਨੂੰ ਸਮਾਨ ਅਵਸਰ ਮੁਹੱਈਆ ਕਰਵਾਉਣੇ ਚਾਹੀਦੇ ਹਨ।
ਉਨ੍ਹਾਂ ਮਹਿਲਾਵਾਂ ਨੂੰ ਵੀ ਜਾਗਰੂਕ ਕਰਦੇ ਹੋਏ ਕਿਹਾ ਕਿ ਆਪਣੇ-ਆਪ ਵਿੱਚ ਆਤਮ ਵਿਸ਼ਵਾਸ ਪੈਦਾ ਕਰਨ ਦੀ ਜ਼ਰੂਰਤ ਹੈ ਅਤੇ ਦ੍ਰਿੜ ਇਰਾਦੇ ਨਾਲ ਅੱਗੇ ਹੋ ਆਪਣੇ ਅਧਿਕਾਰ ਪਛਾਨਣ ਦੀ ਲੋੜ ਹੈ। ਉਨ੍ਹਾਂ ਕਿਹਾ ਕੀ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਸਮੇਤ ਹੋਰ ਸਰਕਾਰੀ ਸੇਵਾਵਾਂ ਵਿੱਚ ਵੀ ਮਹਿਲਾਵਾਂ ਲਈ 33 ਪ੍ਰਤੀਸ਼ਤ ਰਾਖਵਾਂਕਰਨ ਲਾਗੂ ਕੀਤਾ ਗਿਆ ਹੈ ਤਾਂ ਜੋ ਹਰ ਵਿਭਾਗ ਦੇ ਵਿੱਚ ਮਹਿਲਾਵਾਂ ਦਾ ਯੋਗਦਾਨ ਯਕੀਨੀ ਬਣਾਇਆ ਜਾ ਸਕੇ।


ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਇਹ ਸਿਖ਼ਲਾਈ ਪ੍ਰੋਗਰਾਮ ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀ.ਏ.ਡੀ.) ਵੱਲੋਂ ਜੇ-ਪਾਲ ਸਾਊਥ ਏਸ਼ੀਆ ਅਤੇ ਹਰਟੇਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਇੱਕ ਵਿਆਪਕ ਇੰਪੈਕਟ ਅਸੈਸਮੈਂਟ ਟ੍ਰੇਨਿੰਗ ਪ੍ਰੋਗਰਾਮ ਹੈ। ਦਸੰਬਰ 2025 ਤੋਂ ਚਲਾਈ ਜਾ ਰਹੀ ਲਿੰਗ ਸੰਵੇਦਨਸ਼ੀਲ ਸਿਖਲਾਈ ਦਾ ਇਹ ਤੀਜਾ ਅਤੇ ਆਖ਼ਰੀ ਗੇੜ ਹੈ। ਇਸ ਗੇੜ ਦੀ ਸਿਖਲਾਈ ਵਿੱਚ ਵਿਸ਼ੇਸ਼ ਗਰੁੱਪਾਂ ਅਧੀਨ ਪੁਲਿਸ ਕਰਮੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਇੱਕ ਵਿਆਪਕ ਟ੍ਰੇਨਿੰਗ ਆਫ਼ ਟਰੇਨਰਜ਼ (ਟੀਓਟੀ) ਮਾਡਲ ਦੀ ਮੁਤਾਬਿਕ ਕੰਮ ਕਰਦਾ ਹੈ, ਜਿਸ ਤਹਿਤ ਵੱਖ-ਵੱਖ ਜ਼ਿਲ੍ਹਿਆਂ ਦੇ 60 ਪੁਲਿਸ ਅਧਿਕਾਰੀਆਂ ਨੂੰ ਮਾਸਟਰ ਟ੍ਰੇਨਰ ਵਜੋਂ ਤਿਆਰ ਕੀਤਾ ਗਿਆ ਹੈ ਤਾਂ ਜੋ ਪੁਲਿਸ ਸਟੇਸ਼ਨ ਪੱਧਰ ’ਤੇ ਕਰਮਚਾਰੀਆਂ ਨੂੰ ਮਿਆਰੀ ਮਾਡਿਊਲ ਸੌਂਪ ਕੇ ਪ੍ਰਭਾਵਸ਼ਾਲੀ ਅਤੇ ਬਿਹਤਰ ਤਾਲਮੇਲ ਯਕੀਨੀ ਬਣਾਈ ਜਾ ਸਕੇ।
ਇਸ ਦੌਰਾਨ ਮਹਾਰਾਸ਼ਟਰ ਕੇਡਰ ਦੇ ਸਾਬਕਾ ਡੀਜੀਪੀ ਮੀਰਨ ਚੱਢਾ ਬੋਰਵਾਂਕਰ ਅਤੇ ਪੰਜਾਬ ਕੇਡਰ ਦੇ ਸਾਬਕਾ ਡੀਜੀਪੀ ਆਰ. ਸੀ. ਸਿੰਘ ਨੇ ਵੀ ਟ੍ਰੇਨਿੰਗ ਪ੍ਰੋਗਰਾਮ ਦੇ ਮੁੱਖ ਪਹਿਲੂਆਂ ਤੋਂ ਜਾਣੂ ਕਰਵਾਇਆ।
ਜੀ.ਜੀ.ਡੀ.ਐਸ.ਡੀ. ਕਾਲਜ, ਚੰਡੀਗੜ੍ਹ ਦੇ ਲੋਕ ਸੰਚਾਰ ਵਿਭਾਗ ਵੱਲੋਂ ਘਰੇਲੂ ਹਿੰਸਾ ‘ਤੇ ਅਧਾਰਿਤ ਇੱਕ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ।
ਇਸ ਮੌਕੇ 384 ਪੁਲਿਸ ਥਾਣਿਆਂ ਦੇ 2000 ਤੋਂ ਵੱਧ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਿਖ਼ਲਾਈ ਪ੍ਰੋਗਰਾਮ ਵਿੱਚ ਹਿੱਸਾ ਲਿਆ।

Table of Contents

Scroll to Top