Click on the Edit Content button to edit/add the content.

ਕੈਬਨਿਟ ਮੰਤਰੀ ਮੋਹਿੰਦਰ ਭਗਤ ਤੇ ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਕੀਤੀ ਸ਼ਿਰਕਤ

ਜਲੰਧਰ, 28 ਅਗਸਤ : ਪੰਜਾਬ ਸਰਕਾਰ ਦੀ ਪਹਿਲਕਦਮੀ ’ਤੇ ਅੱਜ ਜਲੰਧਰ ਵਿਖੇ ‘ਹਮਾਰੇ ਰਾਮ’ ਨਾਟਕ ਦੇ ਪਹਿਲੇ ਦਿਨ ਦੋ ਸ਼ੋਅ ਕਰਵਾਏ ਗਏ, ਜਿਸ ਵਿੱਚ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਅਤੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ।
ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸ਼ਾਹਪੁਰ ਕੈਂਪਸ ਦੇ ਆਡੀਟੋਰੀਅਮ ਵਿਖੇ ਪਹਿਲੇ ਸ਼ੋਅ ਦੀ ਸ਼ੁਰੂਆਤ ਕਰਵਾਉਂਦਿਆਂ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਭਗਵਾਨ ਸ਼੍ਰੀ ਰਾਮ ਜੀ ਦੇ ਸਦੀਵੀ ਉਪਦੇਸ਼ਾਂ ਨੂੰ ਘਰ-ਘਰ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ ਅਤੇ ਸਰਕਾਰ ਦੇ ਇਸ ਉਪਰਾਲੇ ਦਾ ਉਦੇਸ਼ ਥੀਏਟਰ ਦੇ ਪ੍ਰਭਾਵਸ਼ਾਲੀ ਮਾਧਿਅਮ ਰਾਹੀਂ ਭਗਵਾਨ ਸ਼੍ਰੀ ਰਾਮ ਜੀ ਦੇ ਸੱਚ, ਧਰਮ, ਦਇਆ ਅਤੇ ਏਕਤਾ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦੇ ਨਾਲ-ਨਾਲ ਸਨਾਤਨ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਗਸਤ ਤੇ ਸਤੰਬਰ ਮਹੀਨੇ ਦੌਰਾਨ ਸੂਬੇ ਦੇ 12 ਸ਼ਹਿਰਾਂ ਵਿੱਚ ਇਸ ਪ੍ਰਸਿੱਧ ਨਾਟਕ ਦੇ 41 ਸ਼ੋਅ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਇਹ ਪਹਿਲਕਦਮੀ ਜਿਥੇ ਸਾਡੇ ਅਮੀਰ ਵਿਰਸੇ ਅਤੇ ਰਿਵਾਇਤੀ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰੇਗੀ ਉਥੇ ਨੌਜਵਾਨ ਪੀੜ੍ਹੀ ਨੂੰ ਭਾਰਤ ਦੀ ਅਧਿਆਤਮਕ ਤੇ ਸੱਭਿਆਚਾਰਕ ਵਿਰਾਸਤ ਨਾਲ ਵੀ ਜੋੜੇਗੀ।
ਸ਼੍ਰੀ ਭਗਤ ਨੇ ਨੌਜਵਾਨਾਂ ਨੂੰ ਭਗਵਾਨ ਸ਼੍ਰੀ ਰਾਮ ਜੀ ਉਪਦੇਸ਼ਾਂ ਤੋਂ ਪ੍ਰੇਰਨਾ ਲੈਂਦਿਆਂ ਆਦਰਸ਼ ਸਮਾਜ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਅੱਗੇ ਆਉਣ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਦੇ ਉਪਦੇਸ਼ ਸਮੁੱਚੀ ਮਨੁੱਖਤਾ ਦਾ ਮਾਰਗ ਦਰਸ਼ਨ ਕਰਦੇ ਹਨ, ਜਿਨ੍ਹਾਂ ’ਤੇ ਚੱਲ ਕੇ ਸਾਨੂੰ ਸਮਾਜਿਕ ਸਾਂਝ ਅਤੇ ਫਿਰਕੂ ਸਦਭਾਵਨਾ ਦੀ ਮਜ਼ਬੂਤੀ ਲਈ ਸਰਗਰਮੀ ਨਾਲ ਕੰਮ ਕਰਨਾ ਚਾਹੀਦਾ ਹੈ।
ਦੂਜੇ ਸ਼ੋਅ ਦੌਰਾਨ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਪ੍ਰਸਿੱਧ ਨਾਟਕ ‘ਹਮਾਰੇ ਰਾਮ’ ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ, ਰਾਹੁਲ ਆਰ ਬੁੱਚਰ, ਤੁਰਣ ਖੰਨਾ ਅਤੇ ਟੀਮ ਵਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੇਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਹ ਸ਼ੋਅ ਬਿਲਕੁਲ ਮੁਫ਼ਤ ਕਰਵਾਏ ਜਾ ਰਹੇ ਹਨ ਤਾਂ ਜੋ ਸਮਾਜ ਦੇ ਹਰ ਵਰਗ ਦੇ ਲੋਕ ਭਗਵਾਨ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਯਤਨ ਸਮਾਜ ਵਿੱਚ ਸੱਚ, ਧਰਮ, ਏਕਤਾ ਅਤੇ ਦਇਆ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕਰੇਗਾ।
ਉਨ੍ਹਾਂ ਦੱਸਿਆ ਕਿ 29 ਅਗਸਤ ਨੂੰ ਵੀ ਸੀ.ਟੀ.ਇੰਸਟੀਚਿਊਟ ਸ਼ਾਹਪੁਰ ਵਿਖੇ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਅਤੇ ਉਪਦੇਸ਼ਾਂ ’ਤੇ ਆਧਾਰਿਤ ਵਿਸ਼ਵ ਪ੍ਰਸਿੱਧ ਨਾਟਕ ‘ਹਮਾਰੇ ਰਾਮ’ ਦੇ ਦੋ ਸ਼ੋਅ ਦੁਪਹਿਰ 2 ਅਤੇ ਸ਼ਾਮ 6.30 ਵਜੇ ਕਰਵਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ‘ਹਮਾਰੇ ਰਾਮ’ ਨਾਟਕ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਿਰਕਤ ਕਰਕੇ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ।
ਰਾਵਣ ਦੇ ਕਿਰਦਾਰ ਵਿੱਚ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਦੀ ਦਮਦਾਰ ਅਦਾਕਾਰੀ ਤੇ ਸੰਵਾਦ ਅਦਾਇਗੀ ਨੇ ਦਰਸ਼ਕਾਂ ਤੋਂ ਖੂਬ ਤਾੜੀਆਂ ਖੱਟੀਆਂ। ਇਸੇ ਤਰ੍ਹਾਂ ਨਾਟਕ ਦੇ ਨਿਰਮਾਤਾ ਰਾਹੁਲ ਆਰ. ਭੁੱਚਰ ਵੱਲੋਂ ਸ਼੍ਰੀ ਰਾਮ ਦੇ ਕਿਰਦਾਰ ਦੀ ਕੀਤੀ ਗਈ ਪ੍ਰਭਾਵਸ਼ਾਲੀ ਅਤੇ ਸੰਵੇਦਨਸ਼ੀਲ ਪੇਸ਼ਕਾਰੀ ਨੇ ਵੀ ਦਰਸ਼ਕਾਂ ਦੀ ਖੂਬ ਸ਼ਲਾਘਾ ਖੱਟੀ। ਜਦਕਿ ਸ਼ੰਕਰ ਮਹਾਦੇਵਨ, ਸੋਨੂੰ ਨਿਗਮ ਅਤੇ ਕੈਲਾਸ਼ ਖੇਰ ਵਰਗੇ ਨਾਮਵਰ ਗਾਇਕਾਂ ਦੀਆਂ ਪਿੱਠਵਰਤੀ ਰੁਹਾਨੀ ਅਤੇ ਸੰਗੀਤਕ ਪੇਸ਼ਕਾਰੀਆਂ ਨੇ ਮਾਹੌਲ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ।
ਇਸ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ , ਐਸ.ਡੀ.ਐਮ.ਸ਼ੁਭੀ ਆਂਗਰਾ, ਚਰਨਜੀਤ ਸਿੰਘ ਚੰਨੀ, ਚੇਅਰਮੈਨ ਤੇ ਚਾਂਸਲਰ ਸੀ.ਟੀ. ਗਰੁੱਪ ਤੇ ਸੀ.ਟੀ. ਯੂਨੀਵਰਸਿਟੀ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਵੀ ਮੌਜੂਦ ਸਨ।

Table of Contents

Scroll to Top