ਜਲੰਧਰ, 3 ਸਤੰਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਵੱਲੋਂ ਅੱਜ ਹਲਕਾ ਜਲੰਧਰ ਸ਼ਹਿਰੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੀਆਂ ਬਣ ਰਹੀਆਂ ਇਮਾਰਤਾਂ ਅਤੇ ਧਾਰਮਿਕ ਕਾਰਜਾਂ ਲਈ ਐਸਜੀਪੀਸੀ ਵੱਲੋਂ ਸਹਾਇਤਾ ਦੇ ਚੈੱਕ ਵੰਡੇ ਗਏ।
ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੰਗਤ ਦੀ ਆਪਣੀ ਸੰਸਥਾ ਹੈ, ਜਿਸ ਵੱਲੋਂ ਹਮੇਸ਼ਾ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਗੁਰੂ ਘਰਾਂ ਦੀ ਸੇਵਾ ਲਈ ਨਿਯਮਾਂ ਅਨੁਸਾਰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਐਸਜੀਪੀਸੀ ਦਾ ਮੁੱਖ ਉਦੇਸ਼ ਗੁਰੂ ਦੀ ਸੰਗਤ ਨੂੰ ਗੁਰਬਾਣੀ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਨਾ ਹੈ। ਗੁਰਬਾਣੀ ਸਾਨੂੰ ਸਰਬੱਤ ਦੇ ਭਲੇ ਦੀ ਅਰਦਾਸ ਕਰਨ, ਪੰਥ ਦੀ ਚੜ੍ਹਦੀ ਕਲਾ ਅਤੇ ਕੌਮ ਦੇ ਪ੍ਰਚਾਰ-ਪ੍ਰਸਾਰ ਲਈ ਨਿਰੰਤਰ ਯਤਨ ਕਰਨ ਦੀ ਪ੍ਰੇਰਣਾ ਦਿੰਦੀ ਹੈ।
ਜਥੇਦਾਰ ਮੰਨਣ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਮੁੱਚੀ ਸਿੱਖ ਕੌਮ ਨੂੰ ਕੌਮੀ ਝੰਡੇ ਹੇਠ ਇਕਜੁੱਟ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਮੇਂ-ਸਮੇਂ ’ਤੇ ਜਾਰੀ ਕੀਤੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਆਪਣੇ ਗੁਰੂ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਸੰਗਤ ਨੂੰ ਗੁਰੂ ਸਾਹਿਬਾਨ ਦੀਆਂ ਮਹਾਨ ਕੁਰਬਾਨੀਆਂ ਅਤੇ ਸਿੱਖ ਵਿਰਸੇ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਸ਼ਾਨਾਮੱਤੇ ਇਤਿਹਾਸ ਅਤੇ ਵਿਰਸੇ ਤੋਂ ਜਾਣੂ ਕਰਵਾਉਂਦਿਆਂ ਸਹੀ ਮਾਰਗ ਪ੍ਰਦਾਨ ਕੀਤਾ ਜਾ ਸਕੇ।
ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿਸਟਰਡ, ਅਵਤਾਰ ਨਗਰ, ਜਲੰਧਰ; ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਨਿਊ ਰਾਜਨਗਰ, ਬਸਤੀ ਬਾਵਾ ਖੇਲ, ਜਲੰਧਰ; ਬੜਿੰਗ ਸਪੋਰਟਸ ਐਂਡ ਵੈਲਫੇਅਰ ਸੋਸਾਇਟੀ, ਪਿੰਡ ਬੜਿੰਗ, ਜਲੰਧਰ ਅਤੇ ਖਾਲਸਾ ਹੈਰੀਟੇਜ ਅਕੈਡਮੀ ਨੂੰ ਧਾਰਮਿਕ ਕਾਰਜਾਂ ਲਈ 51-51 ਹਜ਼ਾਰ ਰੁਪਏ ਦੀ ਸਹਾਇਤਾ ਦੇ ਚੈੱਕ ਭੇਟ ਕੀਤੇ ਗਏ।
ਇਸ ਮੌਕੇ ਸਿੱਖ ਚੜ੍ਹਦੀ ਕਲਾ ਫਰੰਟ ਦੇ ਮੈਂਬਰ ਜਥੇਦਾਰ ਰਣਜੀਤ ਸਿੰਘ ਰਾਣਾ, ਬਾਬਾ ਸੁਖਵਿੰਦਰ ਸਿੰਘ ਤਲਣ, ਜਤਿੰਦਰ ਸਿੰਘ ਬਝੈਲ, ਕੇਹਰ ਸਿੰਘ, ਗੁਰਦੁਆਰਾ ਸਿੰਘ ਸਭਾ ਨਿਊ ਰਾਜਨਗਰ ਦੇ ਨੁਮਾਇੰਦੇ ਮਲਕੀਤ ਸਿੰਘ, ਪ੍ਰੀਤਮ ਸਿੰਘ, ਮਸਤਾਨ ਸਿੰਘ, ਕਰਨੈਲ ਸਿੰਘ, ਦਵਿੰਦਰ ਸਿੰਘ ਅਟਾਰੀ, ਫੁੰਮਣ ਸਿੰਘ, ਸੁਰਿੰਦਰ ਸਿੰਘ ਰਾਜ, ਜਗਜੀਤ ਸਿੰਘ ਖਾਲਸਾ, ਦਲਜੀਤ ਸਿੰਘ ਲੰਮਾ ਪਿੰਡ ਅਤੇ ਪਲਵਿੰਦਰ ਸਿੰਘ ਭਾਟੀਆ ਸਮੇਤ ਹੋਰ ਪਤਵੰਤੇ ਹਾਜ਼ਰ ਸਨ।