Click on the Edit Content button to edit/add the content.

ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਜਲੰਧਰ, 17 ਸਤੰਬਰ : ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 24 ਸਤੰਬਰ ਤੋਂ 4 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ।

ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਨੇ ਅੱਜ ਇਕ ਮੀਟਿੰਗ ਦੌਰਾਨ ਜ਼ਿਲ੍ਹਾ ਪੱਧਰੀ ਖੇਡਾਂ ਮੁਕਾਬਲਿਆਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਵੱਧ ਤੋਂ ਵੱਧ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਨੌਜਵਾਨਾਂ ਸਮੇਤ ਹਰ ਉਮਰ ਵਰਗ ਦੇ ਲੋਕਾਂ ਨੂੰ ਖੇਡ ਮੈਦਾਨਾਂ ਨਾਲ ਜੁੜਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ 24 ਤੋਂ 26 ਸਤੰਬਰ ਤੱਕ ਐਥਲੈਟਿਕਸ, ਤੈਰਾਕੀ, ਕਬੱਡੀ ਸਰਕਲ, ਖੋ-ਖੋ, ਸ਼ਤਰੰਜ, ਪਾਵਰ ਲਿਫਟਿੰਗ, ਸ਼ੂਟਿੰਗ, ਰੈਸਲਿੰਗ, ਰੋਲਰ ਸਕੇਟਿੰਗ, ਫੈਂਸਿੰਗ, ਜੂਡੋ ਅਤੇ ਹਾਕੀ (ਲੜਕੇ) ਦੇ ਮੁਕਾਬਲੇ ਕਰਵਾਏ ਜਾਣਗੇ। ਇਸੇ ਤਰ੍ਹਾਂ 27 ਤੋਂ 30 ਸਤੱਬਰ ਤੱਕ ਬੈਡਮਿੰਟਨ ਅਤੇ 28 ਤੋਂ 30 ਸਤੰਬਰ ਤੱਕ ਹੈਂਡਬਾਲ, ਵੇਟ ਲਿਫਟਿੰਗ, ਗਤਕਾ, ਆਰਚਰੀ, ਕਿੱਕ ਬਾਕਸਿੰਗ, ਨੈਟਬਾਲ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ 2 ਅਕਤੂਬਰ ਤੋਂ 4 ਅਕਤੂਬਰ ਤੱਕ ਬਾਕਸਿੰਗ, ਸਾਫਟਬਾਲ, ਫੁੱਟਬਾਲ. ਕਬੱਡੀ ਨੈਸ਼ਨਲ, ਬਾਸਕਟਬਾਲ, ਹਾਕੀ, ਟੈਨਿਸ ਕ੍ਰਿਕਟ, ਲਾਅਨ ਟੈਨਿਸ ਅਤੇ ਵਾਲੀਬਾਲ (ਸਮੈਸ਼ਿੰਗ ਤੇ ਸ਼ੂਟਿੰਗ) ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਸਕੂਲਾਂ, ਕਾਲਜਾਂ, ਖੇਡ ਕਲੱਬਾਂ ਰਾਹੀਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਕਿਹਾ ਤਾਂ ਜੋ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਖੇਡ ਪ੍ਰਤਿਭਾ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲ ਸਕੇ।

ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਰੇਕ ਖੇਡ ਮੈਦਾਨ ਵਿੱਚ ਖਿਡਾਰੀਆਂ ਲਈ ਲੋੜੀਂਦੀਆਂ ਸਹੂਲਤਾਂ, ਪੀਣ ਵਾਲਾ ਪਾਣੀ, ਸਾਫ਼-ਸਫ਼ਾਈ, ਮੈਡੀਕਲ ਸਹਾਇਤਾ, ਸੁਰੱਖਿਆ ਅਤੇ ਰਿਫਰੈਸ਼ਮੈਂਟ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੀ ਹਦਾਇਤ ਕੀਤੀ।

ਉਨ੍ਹਾਂ ਦੱਸਿਆ ਕਿ 14 ਸਾਲ ਤੋਂ ਲੈ ਕੇ 70 ਸਾਲ ਉਪਰ ਕੋਈ ਵੀ ਇਨ੍ਹਾਂ ਖੇਡਾਂ ਵਿੱਚ ਭਾਗ ਲੈ ਸਕਦਾ ਹੈ, ਜਿਸ ਦੇ ਲਈ ਵਿਭਾਗ ਦੇ ਪੋਰਟਲ  https://sports.punjab.gov.in/login ’ਤੇ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਖੇਡਾਂ ਦੌਰਾਨ ਮੌਕੇ ’ਤੇ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਨੌਜਵਾਨਾਂ ਤੇ ਖਿਡਾਰੀਆਂ ਨੂੰ ਖੇਡਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਵੀ ਕੀਤੀ।

ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Table of Contents

Scroll to Top