ਜਨਗਣਨਾ-2027: ਜਲੰਧਰ ’ਚ ਫੀਲਡ ਟ੍ਰੇਨਰਾਂ ਨੂੰ ਦਿੱਤੀ ਜਾ ਰਹੀ ਸਿਖ਼ਲਾਈ, ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਦੇਣਗੇ ਟ੍ਰੇਨਿੰਗ

ਜਲੰਧਰ, 29 ਸਤੰਬਰ : ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਸਬੰਧੀ ਜ਼ਿਲ੍ਹੇ ਵਿੱਚ ਫੀਲਡ ਟ੍ਰੇਨਰਾਂ ਨੂੰ ਤਿੰਨ-ਰੋਜ਼ਾ ਸਿਖ਼ਲਾਈ ਪ੍ਰੋਗਰਾਮ ਤਹਿਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਥੇ ਲਾਇਲਪੁਰ ਖਾਲਸਾ ਕਾਲਜ ਵਿਖੇ ਦਿੱਤੀ ਜਾ ਰਹੀ ਸਿਖ਼ਲਾਈ ਦੌਰਾਨ 50 ਫੀਲਡ ਟ੍ਰੇਨਰਾਂ ਨੇ ਹਿੱਸਾ ਲਿਆ।
ਸਿਖ਼ਲਾਈ ਪ੍ਰਾਪਤ ਕਰਨ ਉਪਰੰਤ ਇਹ ਫੀਲਡ ਟ੍ਰੇਨਰ ਜ਼ਿਲ੍ਹੇ ਵਿੱਚ ਤਾਇਨਾਤ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਸਿਖ਼ਲਾਈ ਦੇਣਗੇ।
ਸਿਖ਼ਲਾਈ ਦਾ ਉਦੇਸ਼ ਫੀਲਡ ਟ੍ਰੇਨਰਾਂ ਨੂੰ ਜਨਗਣਨਾ ਦੀਆਂ ਪ੍ਰਕਿਰਿਆਵਾਂ, ਡਿਜੀਟਲ ਐਪਲੀਕੇਸ਼ਨਾਂ ਸਮੇਤ ਹੋਰ ਪਹਿਲੂਆਂ ਬਾਰੇ ਵਿਆਪਕ ਜਾਣਕਾਰੀ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਉਨ੍ਹਾਂ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਿਖ਼ਲਾਈ ਦੇ ਸਕਣ, ਜੋ ਜ਼ਮੀਨੀ ਪੱਧਰ ’ਤੇ ਜਾ ਕੇ ਕੰਮ ਕਰਨਗੇ।
ਜਨਗਣਨਾ 2027, 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕਰਵਾਈ ਜਾਵੇਗੀ, ਜਿਸ ਤੋਂ ਬਾਅਦ 5 ਜਨਵਰੀ ਤੋਂ 9 ਜਨਵਰੀ 2027 ਤੱਕ ਰਵੀਜ਼ਨਲ ਰਾਊਂਡ ਹੋਵੇਗਾ।
ਸਿਖ਼ਲਾਈ ਪ੍ਰਾਪਤ ‘ਫੀਲਡ ਟ੍ਰੇਨਰ’ 5 ਅਕਤੂਬਰ ਤੋਂ 10 ਨਵੰਬਰ 2026 ਤੱਕ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਸਿਖ਼ਲਾਈ ਦੇਣਗੇ। ਇਸ ਤੋਂ ਇਲਾਵਾ, 16 ਨਵੰਬਰ ਤੋਂ 30 ਨਵੰਬਰ 2026 ਤੱਕ ‘ਸਵੈ-ਗਣਨਾ’ (ਸੈਲਫ ਇਨੂਮੀਰੇਸ਼ਨ) ਦੀ ਸਹੂਲਤ ਚਾਲੂ ਰਹੇਗੀ, ਜਿਸ ਰਾਹੀਂ ਪਰਿਵਾਰ ਨਿਰਧਾਰਤ ਆਨਲਾਈਨ ਪੋਰਟਲ ਰਾਹੀਂ ਆਪਣੀ ਜਾਣਕਾਰੀ ਮੁਹੱਈਆ ਕਰਵਾ ਸਕਣਗੇ।
ਜਨਗਣਨਾ 2027 ਦੇ ਦੂਜੇ ਪੜਾਅ ਦੌਰਾਨ ਇਹ ਗਿਣਤੀਕਾਰ ਅਤੇ ਸੁਪਰਵਾਈਜ਼ਰ ਘਰ-ਘਰ ਜਾ ਕੇ ਲੋਕਾਂ ਬਾਰੇ ਨਿਰਧਾਰਤ 40 ਪ੍ਰਸ਼ਨਾਂ ਰਾਹੀਂ ਜਾਣਕਾਰੀ ਇਕੱਤਰ ਕਰਨਗੇ ਅਤੇ ਆਬਾਦੀ ਗਣਨਾ ਦਾ ਕੰਮ ਮੁਕੰਮਲ ਕਰਨਗੇ।
ਸਿਖ਼ਲਾਈ ਸੈਸ਼ਨ ਦੌਰਾਨ ਮਾਸਟਰ ਟ੍ਰੇਨਰਾਂ ਵੱਲੋਂ ਫੀਲਡ ਟ੍ਰੇਨਰਾਂ ਨੂੰ ਜਨਗਣਨਾ ਸਮੇਂ ਪੁੱਛੇ ਜਾਣ ਵਾਲੇ 40 ਸਵਾਲਾਂ ਅਤੇ ਉਨ੍ਹਾਂ ਨੂੰ ਸਹੀ ਢੰਗ ਨਾਲ ਪੁੱਛਣ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਸਿਖ਼ਲਾਈ ਪ੍ਰੋਗਰਾਮ ਦੌਰਾਨ ਡਿਜੀਟਲ ਐਪਲੀਕੇਸ਼ਨਾਂ ਦੀ ਪ੍ਰਭਾਵਸ਼ਾਲੀ ਵਰਤੋਂ ਅਤੇ ਤਕਨੀਕ-ਆਧਾਰਿਤ ਮਰਦਮਸ਼ੁਮਾਰੀ ਪ੍ਰਕਿਰਿਆ ਵਿੱਚ ਸ਼ਾਮਲ ਵੱਖ-ਵੱਖ ਕਾਰਜ-ਵਿਧੀਆਂ ’ਤੇ ਵੀ ਚਾਨਣਾ ਪਾਇਆ ਗਿਆ।
ਜਲੰਧਰ ਜ਼ਿਲ੍ਹੇ ਵਿੱਚ ਜਨਗਣਨਾ 2027 ਦੀਆਂ ਤਿਆਰੀਆਂ ਦੇ ਸਿਲਸਿਲੇ ਵਿੱਚ ਚੱਲ ਰਹੀ ਇਹ ਸਿਖ਼ਲਾਈ ਇੱਕ ਅਹਿਮ ਪੜਾਅ ਹੈ, ਜਿਸ ਦਾ ਮਕਸਦ ਜਨਗਣਨਾ ਦੇ ਫੀਲਡ ਵਿੱਚ ਜਾ ਕੇ ਕਰਨ ਵਾਲੇ ਕੰਮਕਾਜ ਨੂੰ ਸਹੀ ਢੰਗ ਨਾਲ ਅਤੇ ਸਮੇਂ ਸਿਰ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣਾ ਹੈ।

Table of Contents

Scroll to Top