ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦੀ ਮੇਜ਼ਬਾਨੀ ਲਈ ਜਲੰਧਰ ਤਿਆਰ

ਜਲੰਧਰ, 19 ਅਕਤੂਬਰ : ਜਲੰਧਰ 27 ਅਕਤੂਬਰ ਤੋਂ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋਣ ਵਾਲੀ ਵੱਕਾਰੀ ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026  ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ।

ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਇਸ ਅਹਿਮ ਅੰਤਰਰਾਸ਼ਟਰੀ ਟੂਰਨਾਮੈਂਟ ਲਈ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ, ਜਿਸ ਵਿੱਚ ਏਸ਼ੀਆ ਖੇਤਰ ਦੀਆਂ ਚੋਟੀ ਦੀਆਂ ਕੌਮੀ ਟੀਮਾਂ ਵੱਕਾਰੀ ਖਿਤਾਬ ਜਿੱਤਣ ਲਈ ਮੁਕਾਬਲਾ ਕਰਨਗੀਆਂ।

ਸਮੀਖਿਆ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ  ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਸਬੰਧੀ ਕਾਰਜ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਮੁਕੰਮਲ ਕੀਤੇ ਜਾਣ। ਉਨ੍ਹਾਂ ਨੇ ਖਾਸ ਤੌਰ ‘ਤੇ ਹਾਕੀ ਸਟੇਡੀਅਮ ਦੇ ਨਵੀਨੀਕਰਨ ਨਾਲ ਸਬੰਧਤ ਚੱਲ ਰਹੇ ਸਾਰੇ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਮੈਚਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਸਕਣ।

ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਿਸ਼ਵ ਖੇਡ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਇਸ ਅੰਤਰਰਾਸ਼ਟਰੀ ਖੇਡ ਸਮਾਗਮ ਨੂੰ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਇੱਥੇ ਆਉਣ ਵਾਲੀਆਂ ਟੀਮਾਂ ਅਤੇ ਹਾਕੀ ਪ੍ਰਸ਼ੰਸਕਾਂ ਦੋਵਾਂ ਨੂੰ ਵਿਸ਼ਵ ਪੱਧਰੀ ਤਜ਼ੁਰਬਾ ਪ੍ਰਦਾਨ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।

ਟੂਰਨਾਮੈਂਟ ਦੀ ਸ਼ੁਰੂਆਤ 27 ਅਕਤੂਬਰ ਨੂੰ ਹੋਵੇਗੀ, ਜਿਸ ਵਿੱਚ ਮਲੇਸ਼ੀਆ ਦਾ ਮੁਕਾਬਲਾ ਚੀਨ ਨਾਲ ਹੋਵੇਗਾ। ਇਸ ਤੋਂ ਬਾਅਦ ਜਾਪਾਨ ਅਤੇ ਕੋਰੀਆ ਵਿਚਕਾਰ ਮੈਚ ਖੇਡਿਆ ਜਾਵੇਗਾ। ਮੇਜ਼ਬਾਨ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਹੋਣ ਵਾਲੇ ਮੈਚ ਤੋਂ ਪਹਿਲਾਂ ਉਦਘਾਟਨੀ ਸਮਾਰੋਹ ਹੋਵੇਗਾ। ਪੂਲ ਮੈਚ 2 ਨਵੰਬਰ ਤੱਕ ਜਲੰਧਰ ਵਿੱਚ ਚੱਲਣਗੇ, ਜਿਸ ਤੋਂ ਬਾਅਦ 4 ਅਤੇ 5 ਨਵੰਬਰ ਨੂੰ ਸੈਮੀਫਾਈਨਲ ਅਤੇ ਮੈਡਲਾਂ ਲਈ ਮੁਕਾਬਲੇ ਮੋਹਾਲੀ ਵਿਖੇ ਹੋਣਗੇ।

ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ 27 ਅਕਤੂਬਰ ਨੂੰ ਜਲੰਧਰ ਵਿਖੇ ਸ਼ੁਰੂ ਹੋਵੇਗਾ। ਉਦਘਾਟਨੀ ਸਮਾਰੋਹ ਤੋਂ ਬਾਅਦ ਹੋਣ ਵਾਲੇ ਮੁਕਾਬਲਿਆਂ ਵਿੱਚ ਮਲੇਸ਼ੀਆ ਦਾ ਮੁਕਾਬਲਾ ਚੀਨ ਨਾਲ, ਜਾਪਾਨ ਦਾ ਕੋਰੀਆ ਨਾਲ ਅਤੇ ਮੇਜ਼ਬਾਨ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। 29 ਅਕਤੂਬਰ ਨੂੰ ਜਲੰਧਰ ਵਿੱਚ ਗਰੁੱਪ ਮੈਚ ਮਲੇਸ਼ੀਆ ਬਨਾਮ ਕੋਰੀਆ, ਬੰਗਲਾਦੇਸ਼ ਬਨਾਮ ਜਾਪਾਨ ਅਤੇ ਭਾਰਤ ਬਨਾਮ ਚੀਨ ਦੇ ਮੁਕਾਬਲਿਆਂ ਨਾਲ ਜਾਰੀ ਰਹਿਣਗੇ। 30 ਅਕਤੂਬਰ ਨੂੰ ਬੰਗਲਾਦੇਸ਼ ਬਨਾਮ ਮਲੇਸ਼ੀਆ, ਕੋਰੀਆ ਬਨਾਮ ਚੀਨ ਅਤੇ ਜਾਪਾਨ ਬਨਾਮ ਭਾਰਤ ਦੇ ਮੁਕਾਬਲੇ ਹੋਣਗੇ। 1 ਨਵੰਬਰ ਨੂੰ ਕੋਰੀਆ ਬਨਾਮ ਬੰਗਲਾਦੇਸ਼, ਚੀਨ ਬਨਾਮ ਜਾਪਾਨ ਅਤੇ ਮਲੇਸ਼ੀਆ ਬਨਾਮ ਭਾਰਤ ਦੇ ਮੁਕਾਬਲੇ ਖੇਡੇ ਜਾਣਗੇ। ਇਹ ਸਿਲਸਿਲਾ 2 ਨਵੰਬਰ ਨੂੰ ਚੀਨ ਬਨਾਮ ਬੰਗਲਾਦੇਸ਼, ਜਾਪਾਨ ਬਨਾਮ ਮਲੇਸ਼ੀਆ ਅਤੇ ਭਾਰਤ ਬਨਾਮ ਕੋਰੀਆ ਦੇ ਮੁਕਾਬਲਿਆਂ ਨਾਲ ਸਮਾਪਤ ਹੋਵੇਗਾ। ਰੈਸਟ ਡੇ ਤੋਂ ਬਾਅਦ 4 ਨਵੰਬਰ ਨੂੰ ਮੈਚ ਮੋਹਾਲੀ ਵਿਖੇ ਹੋਣਗੇ। ਇੱਥੇ ਪੂਲ ਵਿੱਚ 5ਵੇਂ ਅਤੇ 6ਵੇਂ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਵਿਚਕਾਰ ਇੱਕ ‘ਪਲੇਸਮੈਂਟ’ ਮੈਚ ਖੇਡਿਆ ਜਾਵੇਗਾ ਅਤੇ ਨਾਲ ਹੀ ਪੂਲ ਵਿੱਚ ਚੋਟੀ ਦੇ ਚਾਰ ਸਥਾਨਾਂ ‘ਤੇ ਰਹੀਆਂ ਟੀਮਾਂ ਵਿਚਕਾਰ ਸੈਮੀਫਾਈਨਲ ਮੁਕਾਬਲੇ ਹੋਣਗੇ। ਇਹ ਚੈਂਪੀਅਨਸ਼ਿਪ 5 ਨਵੰਬਰ ਨੂੰ ਮੋਹਾਲੀ ਵਿੱਚ ਕਾਂਸੀ ਅਤੇ ਸੋਨ ਤਗਮਿਆਂ ਲਈ ਹੋਣ ਵਾਲੇ ਮੁਕਾਬਲਿਆਂ ਨਾਲ ਸਮਾਪਤ ਹੋਵੇਗੀ।

ਇਸ ਮੌਕੇ ਕਮਿਸ਼ਨਰ ਨਗਰ ਨਿਗਮ ਜਲੰਧਰ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਜੁਆਇੰਟ ਕਮਿਸ਼ਨਰ ਨਗਰ ਨਿਗਮ ਜਲੰਧਰ ਮਨਦੀਪ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Table of Contents

Scroll to Top