ਜਲੰਧਰ ਪੁਰਸ਼ ਏਸ਼ੀਆਈ ਹਾਕੀ ਚੈਂਪੀਅਨਸਜ਼ ਟਰਾਫੀ 2026 ਲਈ ਤਿਆਰ

ਜਲੰਧਰ, 24 ਅਕਤੂਬਰ :  ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵੱਲੋਂ ਆਗਾਮੀ ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦੀਆਂ ਅੰਤਿਮ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਾਂਝੇ ਤੌਰ ’ਤੇ ਵਿਸਥਾਰਤ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਾਰੇ ਪ੍ਰਸ਼ਾਸਕੀ ਅਤੇ ਪੁਲਿਸ ਅਧਿਕਾਰੀਆਂ ਨੂੰ ਇਸ ਅੰਤਰਰਾਸ਼ਟਰੀ ਖੇਡ ਸਮਾਗਮ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਆਪਣੀਆਂ ਨਿਰਧਾਰਤ ਜ਼ਿੰਮੇਵਾਰੀਆਂ ਪੂਰੀ ਲਗਨ ਨਾਲ ਨਿਭਾਉਣ ਦੀ ਹਦਾਇਤ ਕੀਤੀ ਗਈ।

ਇਸ ਮੌਕੇ ਨੂੰ ਜ਼ਿਲ੍ਹੇ ਲਈ ਬਹੁਤ ਮਾਣ ਵਾਲੀ ਘੜੀ ਦੱਸਦਿਆਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕਿਹਾ ਕਿ ਇੰਨੇ ਵੱਡੇ ਪੱਧਰ ਦੇ ਖੇਡ ਸਮਾਗਮ ਦੀ ਮੇਜ਼ਬਾਨੀ ਕਰਨ ਸਦਕਾ ਜਲੰਧਰ ਦਾ ਨਾਮ ਵਿਸ਼ਵ ਖੇਡ ਨਕਸ਼ੇ ‘ਤੇ ਉੱਭਰ ਕੇ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਇੱਕਜੁੱਟ ਹੋ ਕੇ ਟੀਮ ਵਜੋਂ ਕੰਮ ਕਰਨ ਦਾ ਸੱਦਾ ਦਿੱਤਾ ਤਾਂ ਜੋ ਇਸ ਟੂਰਨਾਮੈਂਟ ਨੂੰ ਪੂਰੀ ਤਰ੍ਹਾਂ ਸਫਲ ਬਣਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇ ਕਿ ਖੇਡ ਸਮਾਗਮ ਦੌਰਾਨ ਦਰਸ਼ਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅੰਤਰਰਾਸ਼ਟਰੀ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਆਵਾਜਾਈ ਪ੍ਰਬੰਧਨ, ਨਿਰਧਾਰਤ ਪਾਰਕਿੰਗ ਖੇਤਰ, ਲੋਕਾਂ ਦੇ ਦਾਖ਼ਲੇ ਲਈ ਸੁਚਾਰੂ ਇੰਤਜ਼ਾਮ ਅਤੇ ਚੌਵੀ ਘੰਟੇ ਐਮਰਜੈਂਸੀ ਮੈਡੀਕਲ ਟੀਮਾਂ ਦੀ ਤਾਇਨਾਤੀ ਸਮੇਤ ਲੋੜੀਂਦੇ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ।
ਸੁਰੱਖਿਆ ਯੋਜਨਾ ਬਾਰੇ ਦੱਸਦਿਆਂ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਖਿਡਾਰੀਆਂ, ਅਧਿਕਾਰੀਆਂ ਅਤੇ ਦਰਸ਼ਕਾਂ ਲਈ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਪੂਰਨ ਸੁਰੱਖਿਆ ਯਕੀਨੀ ਬਣਾਉਣ ਅਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ  ਸਟੇਡੀਅਮ ਦੇ ਅੰਦਰ ਅਤੇ ਆਲੇ-ਦੁਆਲੇ ਲੋੜੀਂਦੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

Table of Contents

Scroll to Top