ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ 21ਵਾਂ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ ਗਰੁੱਪ ਸੈਂਟਰ ਜਲੰਧਰ ਵਿਖੇ ਕਰਵਾਇਆ ਜਾਵੇਗਾ – ਪ੍ਰਧਾਨ ਸੁਲਿੰਦਰ ਸਿੰਘ ਕੰਡੀ

ਜਲੰਧਰ – ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀਆਰਪੀਐਫ ਦੇ ਸੀਨੀਅਰ ਅਧਿਕਾਰੀਆਂ ਆਈਜੀ ਸ੍ਰੀ ਗੁਰਸ਼ਕਤੀ ਸਿੰਘ ਸੋਢੀ, ਡੀਆਈਜੀ ਸ੍ਰੀ ਹਰਪਾਲ ਸਿੰਘ ਅਤੇ ਕਮਾਂਡੈਂਟ ਸ੍ਰੀ ਸੇਲੈਂਦਰ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 21ਵਾਂ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ 1 ਨਵੰਬਰ 2026 ਨੂੰ ਗਰੁੱਪ ਸੈਂਟਰ ਜਲੰਧਰ ਦੇ ਮੈਨਜ਼ ਕਲੱਬ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਅਤੇ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦੀ ਰਾਖੀ ਕਰਦਿਆਂ ਅਤੇ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਸੀਆਰਪੀਐਫ ਦੇ ਬਹਾਦਰ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਇਹ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦਾ ਮਾਨ-ਸਨਮਾਨ ਕੀਤਾ ਜਾਵੇਗਾ। ਜਿਨ੍ਹਾਂ ਪਰਿਵਾਰਾਂ ਨੂੰ ਐਸੋਸੀਏਸ਼ਨ ਪੰਜਾਬ ਵੱਲੋਂ ਸਨਮਾਨਿਤ ਕੀਤਾ ਜਾਣਾ ਹੈ, ਉਨ੍ਹਾਂ ਨੂੰ ਫ਼ੋਨ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ।

ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਲ ਵਿੱਚ ਦੋ ਵਾਰ ਸ਼ਹੀਦ ਪਰਿਵਾਰਾਂ ਦਾ ਮਾਨ-ਸਨਮਾਨ ਕੀਤਾ ਜਾਂਦਾ ਹੈ। ਇਸ ਨੇਕ ਕਾਰਜ ਵਿੱਚ ਹਿੰਦ ਸਮਾਚਾਰ ਗਰੁੱਪ ਦੇ ਐਮਡੀ ਪਦਮ ਸ਼੍ਰੀ ਸ੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਵੀ ਵਿਸ਼ੇਸ਼ ਯੋਗਦਾਨ ਪਾਇਆ ਜਾਂਦਾ ਹੈ। ਉਹ ਸ਼ਹੀਦ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਸੁਣਦੇ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਹੌਸਲਾ ਅਫ਼ਜ਼ਾਈ ਕਰਦੇ ਹਨ।

ਇਸ ਤੋਂ ਇਲਾਵਾ, ਗਰੁੱਪ ਸੈਂਟਰ ਦੇ ਸੀਨੀਅਰ ਅਧਿਕਾਰੀ ਵੀ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਅਤੇ ਹੋਰ ਮੈਂਬਰਾਂ ਨਾਲ ਗੱਲਬਾਤ ਕਰਦੇ ਹਨ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਯੋਗ ਉਪਰਾਲੇ ਕਰਦੇ ਹਨ। ਇਸ ਵਾਰ ਵੀ ਇਹ ਸਮੁੱਚਾ ਪ੍ਰੋਗਰਾਮ ਐਸੋਸੀਏਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ, ਤਾਂ ਜੋ ਸ਼ਹੀਦ ਪਰਿਵਾਰਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾ ਸਕੇ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਇਆ ਜਾ ਸਕੇ ਕਿ ਪੂਰਾ ਸੀਆਰਪੀਐਫ ਪਰਿਵਾਰ ਉਨ੍ਹਾਂ ਦੇ ਨਾਲ ਖੜ੍ਹਾ ਹੈ।

ਜੇਕਰ ਕਿਸੇ ਵੀ ਸ਼ਹੀਦ ਪਰਿਵਾਰ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਆਉਂਦੀ ਹੈ, ਤਾਂ ਉਹ ਆਪਣੇ ਜ਼ਿਲ੍ਹਾ ਪ੍ਰਧਾਨ ਜਾਂ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੁਲਿੰਦਰ ਸਿੰਘ ਕੰਡੀ ਨਾਲ ਮੋਬਾਈਲ ਨੰਬਰ 9780468600 ’ਤੇ ਸੰਪਰਕ ਕਰ ਸਕਦਾ ਹੈ।

ਅੰਤ ਵਿੱਚ ਐਸੋਸੀਏਸ਼ਨ ਵੱਲੋਂ ਸਮੂਹ ਐਕਸਮੈਨ ਵੀਰਾਂ ਨੂੰ ਅਪੀਲ ਕੀਤੀ ਗਈ ਕਿ ਜਿਨ੍ਹਾਂ ਸਾਥੀਆਂ ਨੇ ਦੇਸ਼ ਦੀ ਸੇਵਾ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ, ਉਨ੍ਹਾਂ ਦੇ ਪਰਿਵਾਰਾਂ ਦੇ ਮਾਨ-ਸਨਮਾਨ ਅਤੇ ਹੌਸਲਾ ਅਫ਼ਜ਼ਾਈ ਲਈ ਇਸ ਸੰਮੇਲਨ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ। ਸਾਡਾ ਸਾਰਿਆਂ ਦਾ ਫ਼ਰਜ਼ ਹੈ ਕਿ ਅਸੀਂ ਸ਼ਹੀਦ ਪਰਿਵਾਰਾਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਨਾਲ ਖੜ੍ਹੇ ਹੋਈਏ ਅਤੇ ਉਨ੍ਹਾਂ ਨੂੰ ਬਣਦਾ ਮਾਨ- ਸਨਮਾਨ ਕਰ ਸਕੀਏ।

ਜੈ ਹਿੰਦ🙏

Table of Contents

Scroll to Top