ਜਲੰਧਰ, 3 ਨਵੰਬਰ : ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਰਹਿਨੁਮਾਈ ਹੇਠ ਪਿੰਡ ਚਕਰਾਲਾ ਵਿਖੇ ਅੱਖਾਂ ਅਤੇ ਜਨਰਲ ਬਿਮਾਰੀਆਂ ਦੀ ਜਾਂਚ ਸਬੰਧੀ ਮੁਫ਼ਤ ਕੈਂਪ ਲਗਾਇਆ ਗਿਆ, ਜਿਸ ਦਾ ਕਰੀਬ 185 ਵਿਅਕਤੀਆਂ ਨੇ ਲਾਭ ਲਿਆ। ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਸਹਾਇਕ ਕਮਿਸ਼ਨਰ (ਜਨਰਲ) ਡਾ. (ਮੇਜਰ) ਵਰੁਣ ਕੁਮਾਰ ਨੇ ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਡਾ. ਸੁਰਜੀਤ ਲਾਲ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਮਾਨਵਤਾ ਦੀ ਸੇਵਾ ਲਈ ਸਮੇਂ-ਸਮੇਂ ’ਤੇ ਖੂਨਦਾਨ ਕੈਂਪ ਅਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਏ ਜਾਂਦੇ ਹਨ। ਕੈਂਪ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਰਿੰਦਰ ਸਿੰਘ ਕਾਹਲੋ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਕੈਂਪ ਦੌਰਾਨ ਡਾ. ਵਿਕਾਸ ਕਪੂਰ, ਡਾ. ਗੁਰਭੇਜ ਸਿੰਘ ਅਤੇ ਡਾ. ਰੂਚੀ ਦੀ ਟੀਮ ਨੇ ਮਰੀਜ਼ਾਂ ਦੇ ਚੈਕਅਪ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਲੇਖਾਕਾਰ ਨੇਕ ਰਾਮ ਅਤੇ ਸੁਨੀਲ ਕੁਮਾਰ ਵੀ ਮੌਜੂਦ ਸਨ।