ਜਲੰਧਰ, 5 ਨਵੰਬਰ : ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਰਹਿਨੁਮਾਈ ਹੇਠ ਸਥਾਨਕ ਰੈੱਡ ਕਰਾਸ ਭਵਨ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਕਰੀਬ 190 ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ, ਸੀ.ਪੀ.ਆਰ. ਅਤੇ ਆਫ਼ਤ ਪ੍ਰਬੰਧਨ ਸਬੰਧੀ ਸਿਖ਼ਲਾਈ ਮੁਹੱਈਆ ਕਰਵਾਈ ਗਈ।
ਇਸ ਸਿਖ਼ਲਾਈ ਦਾ ਮਕਸਦ ਵਿਦਿਆਰਥੀਆਂ ਨੂੰ ਅਣਸੁਖਾਵੀਂ ਘਟਨਾ ਜਾਂ ਕੁਦਰਤੀ ਆਫ਼ਤ ਸਮੇਂ ਸੁਰੱਖਿਆ ਸਬੰਧੀ ਜ਼ਰੂਰੀ ਜਾਣਕਾਰੀ ਦੇਣਾ ਸੀ ਤਾਂ ਜੋ ਅਜਿਹੇ ਸਮੇਂ ਜ਼ਖ਼ਮੀ ਵਿਅਕਤੀਆਂ ਦੀ ਮਦਦ ਕੀਤੀ ਜਾ ਸਕੇ।
ਟ੍ਰੇਨਿੰਗ ਸੈਸ਼ਨ ਵਿੱਚ ਸਹਾਇਕ ਕਮਿਸ਼ਨਰ (ਜਨਰਲ) ਡਾ. (ਮੇਜਰ) ਵਰੁਣ ਕੁਮਾਰ ਨੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਸਮਾਜ ਭਲਾਈ ਦੇ ਕੰਮਾਂ ਅਤੇ ਰੈੱਡ ਕਰਾਸ ਵੱਲੋਂ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮੁੱਢਲੀ ਸਹਾਇਤਾ, ਸੀ.ਪੀ.ਆਰ. ਅਤੇ ਆਫ਼ਤ ਪ੍ਰਬੰਧਨ ਸਬੰਧੀ ਜਾਣਕਾਰੀ ਹਰੇਕ ਵਿਅਕਤੀ ਲਈ ਬਹੁਤ ਮਹੱਤਵਪੂਰਣ ਹੈ।
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਡਾ. ਸੁਰਜੀਤ ਲਾਲ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਪਹਿਲਾਂ ਵੀ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ, ਸੀ.ਪੀ.ਆਰ. ਅਤੇ ਆਫ਼ਤ ਪ੍ਰਬੰਧਨ ਸਬੰਧੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।
ਟ੍ਰੇਨਿੰਗ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼-ਕਮ-ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ, ਜਲੰਧਰ ਦੀ ਸਮੁੱਚੀ ਟੀਮ, ਲੈਕਚਰਾਰ ਡਾ. ਅਸ਼ੋਕ ਸਹੋਤਾ ਅਤੇ ਲੇਖਾਕਾਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਜਲੰਧਰ ਨੇਕ ਰਾਮ ਨੇ ਅਹਿਮ ਭੂਮਿਕਾ ਨਿਭਾਈ।