ਸ਼ਹੀਦ ਪਰਿਵਾਰਾਂ ਦੀ ਸੇਵਾ ਨੂੰ ਸਮਰਪਿਤ ਅਮਨਦੀਪ ਸਿੰਘ ਸੰਦਲ ਦਾ ਪਰਿਵਾਰ, ਐਸੋਸੀਏਸ਼ਨ ਨੇ ਕੀਤਾ ਵਿਸ਼ੇਸ਼ ਧੰਨਵਾਦ

ਜਲੰਧਰ – ਪੰਜਾਬ ਦੀ ਪਵਿੱਤਰ ਧਰਤੀ ਹਮੇਸ਼ਾ ਹੀ ਕੁਰਬਾਨੀ, ਸੇਵਾ, ਸਹਿਯੋਗ ਅਤੇ ਮਨੁੱਖਤਾ ਦੀ ਭਾਵਨਾ ਲਈ ਜਾਣੀ ਜਾਂਦੀ ਹੈ। ਇਸ ਧਰਤੀ ਦੇ ਦਾਨੀ ਸੱਜਣ ਅਤੇ ਸਮਾਜ ਸੇਵੀ ਲੋਕ ਸਮੇਂ-ਸਮੇਂ ‘ਤੇ ਦੇਸ਼ ਦੀ ਰੱਖਿਆ ਕਰਦਿਆਂ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਬਹਾਦਰ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਅੱਗੇ ਆਉਂਦੇ ਰਹਿੰਦੇ ਹਨ। ਇਸੇ ਲੜੀ ਤਹਿਤ ਅਮਨਦੀਪ ਸਿੰਘ ਸੰਦਲ ਅਤੇ ਉਨ੍ਹਾਂ ਦਾ ਪਰਿਵਾਰ ਸ਼ਹੀਦ ਪਰਿਵਾਰਾਂ ਦੇ ਮਾਣ-ਸਨਮਾਨ, ਸਹਾਇਤਾ ਅਤੇ ਭਲਾਈ ਲਈ ਹਮੇਸ਼ਾ ਵਿਸ਼ੇਸ਼ ਉਪਰਾਲੇ ਕਰਦਾ ਆ ਰਿਹਾ ਹੈ।

ਸੀਆਰਪੀਐਫ਼ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਸਹਾਇਤਾ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦੇਣ ਲਈ ਸਮੇਂ-ਸਮੇਂ ‘ਤੇ ਵੱਖ-ਵੱਖ ਸਮਾਜ ਸੇਵੀ ਕਾਰਜ ਕੀਤੇ ਜਾਂਦੇ ਹਨ। ਜਦੋਂ ਵੀ ਦੇਸ਼ ਦੀ ਸੇਵਾ ਕਰਦਿਆਂ ਸੀਆਰਪੀਐਫ਼ ਦੇ ਜੋ ਜਵਾਨ ਸ਼ਹਾਦਤ ਦਾ ਜਾਮ ਪੀਂਦੇ ਹਨ ਅਤੇ ਉਨ੍ਹਾਂ ਦੇ ਪਿੱਛੇ ਰਹਿ ਗਏ ਪਰਿਵਾਰਾਂ ਦੀ ਮਦਦ ਲਈ ਐਸੋਸੀਏਸ਼ਨ ਵੱਲੋਂ ਕੋਈ ਉਪਰਾਲਾ ਕੀਤਾ ਜਾਂਦਾ ਹੈ ਤਾਂ ਪੰਜਾਬ ਦੇ ਦਾਨੀ ਸੱਜਣ ਵਧ-ਚੜ੍ਹ ਕੇ ਸਹਿਯੋਗ ਦੇਣ ਲਈ ਅੱਗੇ ਆਉਂਦੇ ਹਨ। ਅਜਿਹੇ ਸਮੇਂ ਅਮਨਦੀਪ ਸਿੰਘ ਸੰਦਲ ਅਤੇ ਉਨ੍ਹਾਂ ਦਾ ਪਰਿਵਾਰ ਵੀ ਆਪਣੀ ਸਮਰੱਥਾ ਅਨੁਸਾਰ ਇਸ ਨੇਕ ਕਾਰਜ ਵਿੱਚ ਵੱਧ-ਚੜ੍ਹ ਕੇ ਹਿੱਸਾ ਪਾਉਂਦਾ ਹੈ।

ਜ਼ਿਕਰਯੋਗ ਹੈ ਕਿ ਅਮਨਦੀਪ ਸਿੰਘ ਸੰਦਲ ਦੇ ਦਾਦਾ ਜੀ ਬੀਐਸਐਫ਼ ਵਿੱਚੋਂ ਡੀਐਸਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦੇ ਪਰਿਵਾਰ ਅੰਦਰ ਦੇਸ਼ ਦੀ ਸੇਵਾ, ਦੇਸ਼ ਭਗਤੀ ਅਤੇ ਫ਼ੌਜੀ ਜਵਾਨਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੀੜ੍ਹੀਆਂ ਤੋਂ ਮੌਜੂਦ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦਾ ਪਰਿਵਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਸੁੱਖ-ਸ਼ਾਂਤੀ, ਚੜ੍ਹਦੀ ਕਲਾ ਅਤੇ ਭਲਾਈ ਲਈ ਹਮੇਸ਼ਾ ਅਰਦਾਸ ਕਰਦਾ ਹੈ ਅਤੇ ਲੋੜ ਪੈਣ ‘ਤੇ ਸਹਿਯੋਗ ਦੇਣ ਲਈ ਵੀ ਤਤਪਰ ਰਹਿੰਦਾ ਹੈ।

ਸੀਆਰਪੀਐਫ਼ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਅਮਨਦੀਪ ਸਿੰਘ ਸੰਦਲ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਦਾ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ, ਜੋ ਐਸੋਸੀਏਸ਼ਨ ਦੇ ਹਰ ਸਮਾਜ ਸੇਵੀ ਅਤੇ ਸ਼ਹੀਦ ਪਰਿਵਾਰਾਂ ਦੀ ਭਲਾਈ ਨਾਲ ਸਬੰਧਤ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਅਤੇ ਸਹਿਯੋਗ ਰਾਹੀਂ ਇਸ ਨੇਕ ਕਾਰਜ ਦਾ ਹਿੱਸਾ ਬਣਦੇ ਹਨ। ਉਨ੍ਹਾਂ ਦਾ ਇਹ ਸਹਿਯੋਗ ਸਿਰਫ਼ ਆਰਥਿਕ ਮਦਦ ਤੱਕ ਸੀਮਤ ਨਹੀਂ, ਸਗੋਂ ਇਹ ਸ਼ਹੀਦ ਪਰਿਵਾਰਾਂ ਪ੍ਰਤੀ ਸਤਿਕਾਰ, ਹਮਦਰਦੀ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਇੱਕ ਵੱਡੀ ਮਿਸਾਲ ਵੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਵਾਹਿਗੁਰੂ ਦੀ ਬਹੁਤ ਮਿਹਰ ਹੈ ਕਿ ਇੱਥੋਂ ਦੇ ਦਾਨੀ ਸੱਜਣ, ਸਮਾਜ ਸੇਵੀ ਅਤੇ ਦੇਸ਼ ਭਗਤ ਲੋਕ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਹਮੇਸ਼ਾ ਅੱਗੇ ਆਉਂਦੇ ਹਨ।

ਅੰਤ ਵਿੱਚ ਸੀਆਰਪੀਐਫ਼ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੇ ਅਮਨਦੀਪ ਸਿੰਘ ਸੰਦਲ ਅਤੇ ਉਨ੍ਹਾਂ ਦੇ ਪਰਿਵਾਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪਰਿਵਾਰ ਸਮਾਜ ਲਈ ਪ੍ਰੇਰਨਾ ਸਰੋਤ ਹਨ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਸਮੁੱਚੇ ਪਰਿਵਾਰ ਨੂੰ ਤੰਦਰੁਸਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਬਖ਼ਸ਼ਣ ਅਤੇ ਉਨ੍ਹਾਂ ਦੇ ਹੱਥੋਂ ਸ਼ਹੀਦ ਪਰਿਵਾਰਾਂ ਦੀ ਸੇਵਾ ਦੇ ਇਹ ਨੇਕ ਕਾਰਜ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣ।

Table of Contents

Scroll to Top