ਡਿਪਟੀ ਕਮਿਸ਼ਨਰ ਵੱਲੋਂ ਪੈਨਸ਼ਨਰਾਂ ਦੀ ਸਹੂਲਤ ਲਈ ਲਗਾਏ ਗਏ 3 ਰੋਜ਼ਾ ਪੈਨਸ਼ਨਰ ਸੇਵਾ ਮੇਲੇ ਦੀ ਸ਼ੁਰੂਆਤ

ਜਲੰਧਰ, 19 ਨਵੰਬਰ :  ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ ਅੱਜ ਜ਼ਿਲ੍ਹਾ ਖਜ਼ਾਨਾ ਦਫ਼ਤਰ ਵਿਖੇ ਰਾਜ ਸਰਕਾਰ ਦੇ ਪੈਨਸ਼ਨਰਾਂ ਦੀ ਸਹੂਲਤ ਲਈ ਲਗਾਏ ਗਏ ਤਿੰਨ ਰੋਜ਼ਾ ਪੈਨਸ਼ਨਰ ਸੇਵਾ ਮੇਲੇ ਦੀ ਸ਼ੁਰੂਆਤ ਕਰਵਾਈ ਗਈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ਗਏ ਪੈਨਸ਼ਨਰ ਸੇਵਾ ਪੋਰਟਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪੋਰਟਲ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਨਾਲ ਸਬੰਧਤ ਮੁੱਦਿਆਂ ਦੇ ਜਲਦ ਅਤੇ ਸੁਵਿਧਾਜਨਕ ਨਿਪਟਾਰੇ ਲਈ ਕੀਤੀ ਗਈ ਡਿਜੀਟਲ ਪਹਿਲ ਹੈ, ਜਿਸ ਸਦਕਾ ਉਹ ਘਰ ਬੈਠੇ ਇਕ ਕਲਿੱਕ ਨਾਲ ਆਪਣੇ ਪੈਨਸ਼ਨ ਖਾਤੇ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਦਾ ਲਾਭ ਲੈ ਸਕਦੇ ਹਨ।

ਉਨ੍ਹਾਂ ਜ਼ਿਲ੍ਹੇ ਦੇ ਰਿਟਾਇਰਡ ਪੈਨਸ਼ਨਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪੈਨਸ਼ਨਰ ਮੇਲੇ ਵਿੱਚ ਸ਼ਮੂਲੀਅਤ ਕਰਕੇ ਆਪਣੀ ਈ-ਕੇਵਾਈਸੀ (e-KYC) ਅਤੇ ਜੀਵਨ ਪ੍ਰਮਾਣ ਪੱਤਰ (Digital Life Certificate) ਪ੍ਰਕਿਰਿਆ ਸੁਚਾਰੂ ਢੰਗ ਨਾਲ ਮੁਕੰਮਲ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੋਰਟਲ ’ਤੇ ਰਜਿਸਟਰ ਹੋਣ ਤੋਂ ਬਾਅਦ ਪੈਨਸ਼ਨਰ ਆਨਲਾਈਨ ਆਪਣੇ ਪੈਨਸ਼ਨ ਖਾਤਿਆਂ ਬਾਰੇ ਜਾਣਕਾਰੀ ਚੈੱਕ ਕਰ ਸਕਦੇ ਹਨ, ਸਬੰਧਤ ਦਸਤਾਵੇਜ਼ ਡਾਊਨਲੋਡ ਕਰ ਸਕਦੇ ਹਨ ਅਤੇ ਸੇਵਾਵਾਂ ਸਬੰਧੀ ਅਰਜ਼ੀਆਂ ਟਰੈਕ ਵੀ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਪੈਨਸ਼ਨਰ ਆਪਣੇ ਪੀਪੀਓ ਦੀ ਕਾਪੀ, ਆਧਾਰ ਕਾਰਡ, ਬੈਂਕ ਪਾਸਬੁੱਕ, ਪੈਨ ਕਾਰਡ ਅਤੇ ਆਧਾਰ ਕਾਰਡ ਨਾਲ ਲਿੰਕ ਮੋਬਾਈਲ ਫ਼ੋਨ ਜ਼ਰੂਰ ਨਾਲ ਲੈ ਕੇ ਆਉਣ, ਤਾਂ ਜੋ ਓ.ਟੀ.ਪੀ. ਰਾਹੀਂ ਲੋੜੀਂਦੀ ਪ੍ਰਕਿਰਿਆ ਆਸਾਨੀ ਨਾਲ ਪੂਰੀ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਮੇਲਾ 20 ਅਤੇ 21 ਨਵੰਬਰ ਨੂੰ ਜ਼ਿਲ੍ਹਾ ਖਜ਼ਾਨਾ ਦਫਤਰ ਅਤੇ ਉਪ ਖਜ਼ਾਨਾ ਦਫ਼ਤਰਾਂ ਨਕੋਦਰ, ਸ਼ਾਹਕੋਟ ਅਤੇ ਫਿਲੌਰ ਵਿਖੇ ਵੀ ਜਾਰੀ ਰਹੇਗਾ, ਜਿਸ ਵਿੱਚ ਨੈਸ਼ਨਲਾਈਜ਼ ਬੈਂਕਾਂ ਤੋਂ ਆਏ ਅਧਿਕਾਰੀ/ਕਰਮਚਾਰੀ ਮੌਕੇ ’ਤੇ ਮੇਲੇ ਵਿੱਚ ਪਹੁੰਚੇ ਪੈਨਸ਼ਨਰਾਂ ਦੀ ਈ-ਕੇਵਾਈਸੀ ਅਤੇ ਜੀਵਣ ਪ੍ਰਮਾਣ ਅਪਡੇਟ ਕਰਨਗੇ।

ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਾਂ ਜਾਣਕਾਰੀ ਲਈ ਪੈਨਸ਼ਨ ਇੰਚਾਰਜ ਨਾਲ ਮੋਬਾਈਲ ਨੰਬਰ 99884-33699 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਵਿੱਤ ਵਿਭਾਗ ਤੋਂ ਆਏ ਅਧਿਕਾਰੀ ਡਿਪਟੀ ਡਾਇਰੈਕਟਰ ਕਰਮ ਸਿੰਘ ਅਤੇ ਜ਼ਿਲ੍ਹਾ ਖਜ਼ਾਨਾ ਅਫ਼ਸਰ ਅਮਰਨਾਥ ਵੀ ਮੌਜੂਦ ਸੀ।

Table of Contents

Scroll to Top