ਮਾਨਸਾ – ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਮੱਦੇਨਜ਼ਰ ਦੇਸ਼ ਦੇ ਵੱਖ- ਵੱਖ ਸੂਬਿਆਂ ‘ਚ ਕਮਿਊਨੀਕੇਸ਼ਨ ਕੋਆਡੀਨੇਟਰ ਨਿਯੁਕਤ ਕੀਤੇ ਹਨ। ਇਸ ਤਹਿਤ ਬਠਿੰਡਾ ਲੋਕ ਸਭਾ ਹਲਕਾ ਤੋਂ ਕਾਂਗਰਸ ਪਾਰਟੀ ਲਈ ਸ਼ੋਸ਼ਲ ਮੀਡੀਆ ‘ਤੇ ਸਰਗਰਮ ਨੇਤਾ ਅੰਮ੍ਰਿਤ ਗਿੱਲ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਨੇ ਹਿਮਾਚਲ ਪ੍ਰਦੇਸ਼ ਦਾ ਕਮਿਊਨੀਕੇਸ਼ਨ ਕੋਆਡੀਨੇਟਰ ਨਿਯੁਕਤ ਕੀਤਾ ਹੈ। ਹੁਣ ਕਾਂਗਰਸ ਪਾਰਟੀ ਦੀ ਹਿਮਾਚਲ ਪ੍ਰਦੇਸ਼ ਲੋਕ ਸਭਾ ਚੋਣਾਂ ਦੀ ਸਰਗਰਮੀ ਦੀ ਤਿਆਰੀ ਅਤੇ ਲੋਕ ਸੰਪਰਕ ਨੂੰ ਦੇਖਣਗੇ। ਮੌਜੂਦਾ ਸਮੇਂ ਅੰਮ੍ਰਿਤ ਗਿੱਲ ਪੰਜਾਬ ਕਾਂਗਰਸ ਦੀ ਸਪੋਕਸਪਰਸਨ ਹੈ ਅਤੇ ਪਾਰਟੀ ਗਤੀਵਿਧੀਆਂ ਤੋਂ ਇਲਾਵਾ ਸਮਾਜ ਸੇਵਾ, ਲੋਕਾਂ ਦੇ ਕੰਮਕਾਜ ‘ਚ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ ਅਤੇ ਇਸ ਤੋਂ ਇਲਾਵਾ ਦੇਸ਼ ਭਰ ਦੀ ਰਾਜਨੀਤਿਕ ਬਹਿਸ ‘ਚ ਵੀ ਕਾਂਗਰਸ ਪਾਰਟੀ ਵੱਲੋਂ ਸ਼ਮੂਲੀਅਤ ਕਰਦੇ ਰਹਿੰਦੇ ਹਨ। ਅੰਮ੍ਰਿਤ ਕੌਰ ਗਿੱਲ ਮਿਸ ਇੰਡੀਆ ਯੂਨੀਵਰਸ ਵੀ ਰਹਿ ਚੁੱਕੇ ਹਨ।
ਪਿਛਲੇ ਸਮੇਂ ਦੌਰਾਨ ਮਾਨਸਾ ਜ਼ਿਲੇ ਦੇ ਪਿੰਡਾਂ ‘ਚ ਆਏ ਘੱਗਰ ਹੜ੍ਹ ਦੌਰਾਨ ਵੀ ਉਹ ਲੋਕਾਂ ਨੂੰ ਘਰਾਂ ‘ਚ ਜਾ ਕੇ ਮਿਲੇ ਅਤੇ ਲੋਕਾਂ ਦੀ ਯੋਗ ਸਹਾਇਤਾ ਵੀ ਕੀਤੀ। ਜਾਣਕਾਰਾਂ ਵੱਲੋਂ ਉਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਵਜੋਂ ਵੀ ਮੰਨਿਆ ਜਾ ਰਿਹਾ ਹੈ। ਉਨ੍ਹਾਂ ਲੋਕ ਸੰਪਰਕ ਨੂੰ ਦੇਖਦੇ ਹੋਏ ਲੋਕ ਸਭਾ ਦੇ ਸੰਭਾਵੀ ਉਮੀਦਵਾਰਾਂ ‘ਚ ਵੀ ਉਨ੍ਹਾਂ ਦਾ ਨਾਂ ਆਉਂਦਾ ਰਿਹਾ ਹੈ। ਬੇਸ਼ੱਕ ਉਨ੍ਹਾਂ ਨੇ ਕਦੇ ਖੁੱਲ੍ਹ ਕੇ ਮੀਡੀਆ ਅੱਗੇ ਪਾਰਟੀ ਕੋਲੋਂ ਟਿਕਟ ਦੀ ਮੰਗ ਨਹੀਂ ਕੀਤੀ ਪਰ ਉਨ੍ਹਾਂ ਨੂੰ ਇਕ ਸੰਭਾਵੀ ਉਮੀਦਵਾਰ ਜ਼ਰੂਰ ਮੰਨਿਆ ਜਾ ਰਿਹਾ ਹੈ । ਹੁਣ ਆਉਂਦੇ ਸਾਲ ਮਈ ਮਹੀਨੇ ‘ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਦੇ ਲਈ ਪਾਰਟੀ ਨੇ ਸੂਬਿਆਂ ‘ਚ ਆਪਣੀ ਤਿਆਰੀ ਦੇ ਮੱਦੇਨਜ਼ਰ ਕੀਤੀਆਂ ਗਈਆਂ ਦੇਸ਼ ਭਰ ਦੀਆਂ 24 ਨਿਯੁਕਤੀਆਂ ‘ਚ ਖਾਸ ਥਾਂ ਅੰਮ੍ਰਿਤ ਕੌਰ ਗਿੱਲ ਨੂੰ ਦਿੱਤੀ ਗਈ ਹੈ। ਅੰਮ੍ਰਿਤ ਕੌਰ ਗਿੱਲ ਨੂੰ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦਾ ਕਮਿਊਨੀਕੇਸ਼ਨ ਕੋਆਡੀਨੇਟਰ ਥਾਪਿਆ ਗਿਆ ਹੈ, ਜੋ ਇਕ ਵੱਡੀ ਜ਼ਿੰਮੇਵਾਰੀ ਹੈ। ਦੱਸਣਾ ਬਣਦਾ ਹੈ ਕਿ ਪਾਰਟੀ ਨੇ ਅੰਮ੍ਰਿਤ ਕੌਰ ਗਿੱਲ ‘ਚ ਰਾਜਨੀਤਿਕ ਸੂਝ- ਬੂਝ, ਲੋਕਾਂ ਨਾਲ ਰਾਬਤਾ ਕਰਨ ਦੀ ਸਮਰਥਾ, ਦੂਤ ਅੰਦੇਸ਼ੀ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਲੋਕਾਂ ਜਾਣੂ ਕਰਵਾਉਣ ਦੀ ਸ਼ਕਤੀ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹੋ ਜ਼ਿੰਮੇਵਾਰੀ ਦਿੱਤੀ ਗਈ ਹੈ।
ਕਾਂਗਰਸੀ ਆਗੂ ਮੱਖਣ ਸਿੰਘ ਭੱਠਲ, ਚੇਅਰਮੈਨ ਸੁਰੇਸ਼ ਕੁਮਾਰ ਨੰਦਗੜ੍ਹੀਆ, ਪ੍ਰਕਾਸ਼ ਚੰਦ ਕੁਲਰੀਆਂ, ਗੁਰਸੰਗਤ ਸਿੰਘ ਗੁਰਨੇ ਖੁਰਦ, ਸਤਗੁਰ ਸਿੰਘ, ਰੋਬਿਨ ਸਿੰਘ ਨੇ ਕਿਹਾ ਕਿ ਰਾਜਨੀਤੀ ਦੇ ਛੁਪੇ ਮਹਿਲਾ ਖਿਡਾਰੀ ਅੰਮ੍ਰਿਤ ਕੌਰ ਗਿੱਲ ਨੂੰ ਕਾਂਗਰਸ ਪਾਰਟੀ ਵੱਲੋਂ ਇਕ ਵੱਡੀ ਜ਼ਿੰਮੇਵਾਰੀ ਦੇਣਾ ਬਹੁਤ ਵੱਡੀ ਗੱਲ ਤਾਂ ਹੈ ਹੀ ਬਲਕਿ ਸੈਂਕੜੇ ਯੋਗ ਰਾਜਨੀਤਿਕ ਨੇਤਾਵਾਂ ਅਤੇ ਪਾਰਟੀ ਵਰਕਰਾਂ ‘ਚੋਂ ਕਿਸੇ ਇਕ ਨੂੰ ਇਹ ਜ਼ਿੰਮੇਵਾਰੀ ਦੇਣਾ ਆਪਣੇ ਆਪ ‘ਚ ਇਕ ਵੱਡਾ ਰੁਤਬਾ ਅਤੇ ਸਨਮਾਨ ਹੈ, ਜਿਸ ਦੇ ਲਈ ਉਹ ਵਧਾਈ ਦੇ ਹੱਕਦਾਰ ਹਨ। ਉਨਾਂ ਕਿਹਾ ਕਿ ਇਸ ਨਾਲ ਕਾਂਗਰਸ ਪਾਰਟੀ ਦੇ ਇਸ ਫੈਸਲੇ ਦਾ ਪਾਰਟੀ ਅੰਦਰ ਇਕਜੁਟਤਾ ਹੋਰ ਵੀ ਮਜਬੂਤ ਹੋਵੇਗੀ। ਉਨ੍ਹਾਂ ਅੰਮ੍ਰਿਤ ਗਿੱਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ‘ਚ ਕਾਂਗਰਸ ਪਾਰਟੀ ਨੂੰ ਹਿਮਾਚਲ ਤੋਂ ਵੱਡੀ ਜਿੱਤ ਮਿਲਣ ਦੀ ਸੰਭਾਵਨਾ ਹੈ। ਜਿਸ ਦੇ ਮੱਦੇਨਜਰ ਸੰਭਾਵੀ ਤੌਰ ‘ਤੇ ਪਾਰਟੀ ਨੇ ਉਨ੍ਹਾਂ ਦੀ ਨਿਯੁਕਤੀ ਕੀਤੀ ਹੈ।

















































