ਪੰਜਾਬ ਵਿੱਚ ਹੁਣ ਪੁਲਿਸ ਨਾਮ ਦੀ ਕੋਈ ਚੀਜ਼ ਹੀ ਨਹੀਂ ਰਹੀ ਹੈ: ਵੜਿੰਗ

ਚੰਡੀਗੜ੍ਹ, 5 ਜਨਵਰੀ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸੂਬੇ ਦੀ ਪੁਲਿਸ ਤੋਂ ਪੂਰੀ ਤਰ੍ਹਾਂ ਉਮੀਦ ਗੁਆ ਦਿੱਤੀ ਹੈ ।

ਵੜਿੰਗ ਨੇ ਸੂਬੇ ਭਰ ਵਿੱਚ ਦਿਨ-ਦਿਹਾੜੇ ਹੋ ਰਹੀਆਂ ਹੱਤਿਆਵਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਪੁਲਿਸ ਵਰਗੀ ਕੋਈ ਚੀਜ਼ ਬਾਕੀ ਨਹੀਂ ਰਹੀ ਹੈ, ਜਿਵੇਂ ਪੁਲਿਸ ਦਾ ਹੋਂਦ ਹੀ ਖਤਮ ਹੋ ਚੁੱਕੀ ਹੋਵੇ।

ਇਸ ਲੜੀ ਹੇਠ, ਵੜਿੰਗ ਨੇ ਅੰਮ੍ਰਿਤਸਰ ਵਿੱਚ ਵਿਆਹ ਸਮਾਰੋਹ ਦੌਰਾਨ ਸਰੇਆਮ ਇੱਕ ਸਰਪੰਚ ਦੀ ਹੱਤਿਆ ‘ਤੇ ਪ੍ਰਤੀਕਿਰਿਆ ਦਿੰਦਿਆਂ ਹੋਏ, ਕਿਹਾ ਹੈ ਕਿ ਕਾਤਲਾਂ ਨੇ ਕਿਸੇ ਕਿਸਮ ਦਾ ਡਰ ਨਹੀਂ ਦਿਖਾਇਆ ਅਤੇ ਬਿਨਾਂ ਮੂੰਹ ਢੱਕੇ ਪੱਕੇ ਭਰੋਸੇ ਨਾਲ ਪਹੁੰਚ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਸਭ ਇਸ ਕਰਕੇ ਹੋਇਆ ਹੈ, ਕਿਉਂਕਿ ਕਾਤਲਾਂ ਅੰਦਰ ਕਾਨੂੰਨ ਦਾ ਕੋਈ ਡਰ ਨਹੀਂ ਸੀ।

ਉਨ੍ਹਾਂ ਕਿਹਾ ਹੈ ਕਿ ਹੁਣ ਅਪਰਾਧੀ ਪੂਰੇ ਮਾਣ ਨਾਲ ਖੁੱਲ੍ਹੇਆਮ ਹੱਤਿਆਵਾਂ ਦੀ ਜ਼ਿੰਮੇਵਾਰੀ ਲੈ ਰਹੇ ਹਨ, ਕਿਉਂਕਿ ਇਸ ਨਾਲ ਇਨ੍ਹਾਂ ਦੀ ਵਸੂਲੀ ਦੇ ਰੇਟ ਅਤੇ ਰੁਤਬਾ ਵਧਦਾ ਹੈ। ਜਦਕਿ ਪੁਲਿਸ ਨੇ ਅਪਰਾਧੀਆਂ ਲਈ ਪੂਰਾ ਮੈਦਾਨ ਖੁੱਲ੍ਹਾ ਛੱਡ ਦਿੱਤਾ ਹੈ। ਉੱਥੇ ਹੀ, ਸੂਬੇ ਵਿੱਚ ਗੈਂਗਾਂ ਵੱਲੋਂ ਮਿੱਥ ਕੇ ਹੱਤਿਆਵਾਂ ਦੇ ਖਤਰਨਾਕ ਵਾਧੇ ਵੱਲ ਧਿਆਨ ਦਿਵਾਉਂਦਿਆਂ, ਉਨ੍ਹਾਂ ਨੇ ਕਿਹਾ ਹੈ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਪੰਜਾਬ ਵਿੱਚ ਪੁਲਿਸ ਜਿਵੇਂ ਮੌਜੂਦ ਹੀ ਨਹੀਂ ਰਹੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਅੰਮ੍ਰਿਤਸਰ ਦੀ ਘਟਨਾ ਦੂਜੀ ਹੈ, ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਵੀ ਇੱਕ ਵਿਆਹ ਸਮਾਗਮ ਦੌਰਾਨ ਦੋ ਲੋਕਾਂ ਦੀ ਹੱਤਿਆ ਹੋਈ ਸੀ। ਲੁਧਿਆਣਾ ਵਿਆਹ ਵਾਲੇ ਕਤਲਾਂ ਦੇ ਮਾਮਲੇ ਵਿੱਚ ਕਰੀਬ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਦੋਸ਼ੀ ਗ੍ਰਿਫ਼ਤਾਰ ਨਹੀਂ ਹੋਏ ਹਨ।

ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਹੀ ਦਰਸਾਉਂਦਾ ਹੈ ਕਿ ਪੁਲਿਸ ਨੇ ਅਪਰਾਧ ਨਾਲ ਲੜਨਾ ਛੱਡ ਦਿੱਤਾ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੀ ਕਿਸਮਤ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਨ੍ਹਾਂ ਹਾਲਾਤਾਂ ਵਿੱਚ ਪੰਜਾਬ ਦੇ ਲੋਕ ਸਰਕਾਰ ਅਤੇ ਪੁਲਿਸ ਦੋਵਾਂ ਤੋਂ ਉਮੀਦ ਹਾਰ ਚੁੱਕੇ ਹਨ।

ਵੜਿੰਗ ਨੇ ਸੂਬੇ ਵਿੱਚ ਵੱਧ ਰਹੇ ਅਪਰਾਧਾਂ ਪ੍ਰਤੀ ਮੁੱਖ ਮੰਤਰੀ ਦੀ ਪੂਰੀ ਤਰ੍ਹਾਂ ਬੇਰੁਖ਼ੀ ਅਤੇ ਚਿੰਤਾ ਦੀ ਕਮੀ ‘ਤੇ ਹੈਰਾਨੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਇਸ ਮਾਮਲੇ ਵਿੱਚ ਇੱਕ ਵੀ ਬਿਆਨ ਨਹੀਂ ਆਇਆ ਹੈ। ਜਿਸਨੂੰ ਲੈ ਕੇ ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਆਖਿਰ ਅਪਰਾਧ ਦੀ ਸਮੀਖਿਆ ਸਬੰਧੀ ਮੀਟਿੰਗਾਂ ਵਿੱਚ ਸਰਕਾਰ ਅਤੇ ਪੁਲਿਸ ਕੀ ਕਰਦੀ ਹੈ?

ਅਜਿਹੇ ਹਾਲਾਤਾਂ ਦੇ ਮੱਦੇਨਜ਼ਰ, ਵੜਿੰਗ ਨੇ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਨੂੰ ਸਵਾਲ ਕੀਤਾ ਹੈ ਕਿ ਕੀ ਤੁਹਾਡੀ ਅੰਤਰਆਤਮਾ ਨਹੀਂ ਜਾਗਦੀ ਕਿ ਜਦੋਂ ਤੁਸੀਂ ਅਪਰਾਧ ਰੋਕ ਨਹੀਂ ਸਕਦੇ ਅਤੇ ਲੋਕਾਂ ਦੀਆਂ ਜਾਨਾਂ ਨਹੀਂ ਬਚਾਅ ਸਕਦੇ, ਤਾਂ ਤੁਸੀਂ ਇੱਥੇ ਕਿਸ ਲਈ ਹੋ?

Leave a Comment

Your email address will not be published. Required fields are marked *

Scroll to Top