ਚੰਡੀਗੜ੍ਹ/ਗੁਰਦਾਸਪੁਰ/ਹੁਸ਼ਿਆਰਪੁਰ, 8 ਜਨਵਰੀ: ਪੰਜਾਬ ਕਾਂਗਰਸ ਨੇ ਪਿੰਡਾਂ ਵਿੱਚ ਰੋਜ਼ਗਾਰ ਦੀ ਗਾਰੰਟੀ ਯੋਜਨਾ ਮਨਰੇਗਾ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਪਾਰਟੀ ਵੱਲੋਂ ਐਲਾਨੇ ਗਏ ‘ਮਨਰੇਗਾ ਬਚਾਓ ਸੰਗਰਾਮ’ ਦੇ ਪਹਿਲੇ ਚਰਨ ਦੀ ਸ਼ੁਰੂਆਤ ਵਿੱਚ ਅਗਵਾਈ ਕੀਤੀ।
ਇਹ ਸੰਗਰਾਮ ਗੁਰਦਾਸਪੁਰ ਵਿੱਚ ਹੋਈ ਇਕ ਸ਼ਾਨਦਾਰ ਅਤੇ ਵਿਸ਼ਾਲ ਰੈਲੀ ਨਾਲ ਸ਼ੁਰੂ ਹੋਇਆ, ਜਿਸ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ-ਨਾਲ ਹਜ਼ਾਰਾਂ ਵਰਕਰਾਂ, ਮਜ਼ਦੂਰਾਂ, ਕਿਸਾਨਾਂ ਅਤੇ ਸਮਾਜ ਦੇ ਹਾਸ਼ੀਏ ’ਤੇ ਰਹਿੰਦੇ ਵਰਗਾਂ ਨੇ ਭਾਗ ਲਿਆ।
ਇਸ ਦੌਰਾਨ ਪਾਰਟੀ ਆਗੂਆਂ ਨੇ ਦੁਹਰਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਮਨਰੇਗਾ ਬਹਾਲ ਕਰਨ ਅਤੇ ਨਵੇਂ ਕਾਨੂੰਨ ‘ਵੀਬੀ ਜੀਰਾਮਜੀ’ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ, ਜਿਵੇਂ ਇਸਨੂੰ ਤਿੰਨ ਵਿਵਾਦਤ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ।
ਇਸ ਮੌਕੇ ਸੰਬੋਧਨ ਕਰਦਿਆਂ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਇੰਚਾਰਜ ਕਾਂਗਰਸ ਜਨਰਲ ਸਕੱਤਰ ਭੂਪੇਸ਼ ਬਘੇਲ ਨੇ ਕਿਹਾ ਕਿ ਕਾਂਗਰਸ ਹੀ ਇਕਲੌਤੀ ਪਾਰਟੀ ਹੈ, ਜਿਹੜੀ ਹਮੇਸ਼ਾਂ ਤੋਂ ਮਿਹਨਤੀ ਲੋਕਾਂ ਅਤੇ ਸਮਾਜ ਦੇ ਹਾਸ਼ੀਏ ’ਤੇ ਰਹਿੰਦੇ ਵਰਗਾਂ ਦੇ ਹੱਕ ਵਿੱਚ ਫ਼ੈਸਲੇ ਲੈਂਦੀ ਆਈ ਹੈ।
ਉਨ੍ਹਾਂ ਕਿਹਾ ਕਿ ਸਾਲ 2005 ਵਿੱਚ ਸ੍ਰੀਮਤੀ ਸੋਨੀਆ ਗਾਂਧੀ ਅਤੇ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਨਰੇਗਾ ਯੋਜਨਾ ਨੂੰ ਨਾ ਸਿਰਫ਼ ਦੇਸ਼ ਅੰਦਰ, ਸਗੋਂ ਦੁਨੀਆ ਭਰ ਵਿੱਚ ਗਰੀਬ-ਪੱਖੀ ਯੋਜਨਾ ਵਜੋਂ ਸਰਾਹਿਆ ਗਿਆ ਸੀ।
ਬਘੇਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਇਹ ਯੋਜਨਾ ਖਤਮ ਕਰਨ ਤੋਂ ਬਾਅਦ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਸਮੇਤ ਪੂਰੀ ਕਾਂਗਰਸ ਅਗਵਾਈ ਨੇ ਮਜ਼ਦੂਰਾਂ ਅਤੇ ਹਾਸ਼ੀਏ ’ਤੇ ਰਹਿੰਦੇ ਵਰਗਾਂ ਦੀ ਆਵਾਜ਼ ਬਣਨ ਦਾ ਫ਼ੈਸਲਾ ਕੀਤਾ ਹੈ, ਕਿਉਂਕਿ ਇਨ੍ਹਾਂ ਕੋਲ ਆਪਣੀ ਕੋਈ ਅਜਿਹੀ ਸੰਸਥਾ ਨਹੀਂ ਜਿਹੜੀ ਇਨ੍ਹਾਂ ਲਈ ਲੜ ਸਕੇ।
ਕਾਂਗਰਸ ਜਨਰਲ ਸਕੱਤਰ ਨੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਕਿਹਾ ਕਿ ‘ਆਪ’ ਦਰਅਸਲ ਭਾਜਪਾ ਦੀ ਬੀ-ਟੀਮ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪਿੰਡਾਂ ਦੇ ਗਰੀਬਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਆਪਣਾ ਲੋੜੀਂਦਾ 10 ਫ਼ੀਸਦੀ ਦਾ ਹਿੱਸਾ ਵੀ ਨਹੀਂ ਦਿੱਤਾ ਸੀ।
ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਦਿਨ ਤੋਂ ਹੀ ਮਨਰੇਗਾ ਪ੍ਰਤੀ ਵਿਰੋਧੀ ਰਵੱਈਆ ਅਪਣਾਇਆ ਸੀ ਅਤੇ ਇਸਨੂੰ ਨਾਕਾਮ ਦੱਸਿਆ ਸੀ। ਲੇਕਿਨ ਹਕੀਕਤ ਇਹ ਹੈ ਕਿ ਮਨਰੇਗਾ ਦੁਨੀਆ ਭਰ ਵਿੱਚ ਸਭ ਤੋਂ ਵਧੀਆ ਪਿੰਡ ਰੋਜ਼ਗਾਰ ਯੋਜਨਾ ਵਜੋਂ ਮੰਨੀ ਗਈ ਹੈ। ਇਸ ਨਾਲ ਪਿੰਡਾਂ ਦੇ ਗਰੀਬਾਂ ਨੂੰ ਇੱਜ਼ਤ ਮਿਲੀ ਅਤੇ ਉਨ੍ਹਾਂ ਦੀ ਖਰਚਣ ਦੀ ਤਾਕਤ ਵੱਧਣ ਕਾਰਨ ਪਿੰਡਾਂ ਦੀ ਅਰਥ ਵਿਵਸਥਾ ਨੂੰ ਵੀ ਗਤੀ ਮਿਲੀ।
ਵੜਿੰਗ ਨੇ ਨਵੀਂ ਸਕੀਮ ਹੇਠ 125 ਦਿਨਾਂ ਦਾ ਰੋਜ਼ਗਾਰ ਦੇਣ ਸਬੰਧੀ ਭਾਜਪਾ ਦੇ ਦਾਅਵੇ ’ਤੇ ਤੰਜ਼ ਕੱਸਦਿਆਂ, ਕਿਹਾ ਕਿ ਜਦੋਂ 100 ਦਿਨਾਂ ਦਾ ਕੰਮ ਦੇਣਾ ਸੀ, ਉਸ ਵੇਲੇ ਵੀ ਮਨਰੇਗਾ ਨੂੰ ਸਿਰਫ਼ 48 ਫ਼ੀਸਦੀ ਹੀ ਲਾਗੂ ਕੀਤਾ ਜਾ ਸਕਿਆ ਸੀ। ਜਦਕਿ ਪੰਜਾਬ ਵਿੱਚ ਤਾਂ ‘ਆਪ’ ਸਰਕਾਰ ਹੇਠ ਇਹ ਇੱਕ ਫ਼ੀਸਦੀ ਵੀ ਨਹੀਂ ਰਹੀ। ਉਨ੍ਹਾਂ ਪੁੱਛਿਆ ਕਿ ਜਦੋਂ ਤੁਸੀਂ 50 ਦਿਨਾਂ ਦਾ ਕੰਮ ਵੀ ਨਹੀਂ ਦੇ ਸਕਦੇ, ਤਾਂ 125 ਦਿਨਾਂ ਦੀ ਗਾਰੰਟੀ ’ਤੇ ਕੌਣ ਭਰੋਸਾ ਕਰੇਗਾ?
ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ‘ਆਪ’ ਭਾਜਪਾ ਤੋਂ ਕੋਈ ਵੱਖਰੀ ਨਹੀਂ ਹੈ ਅਤੇ ਇਸਨੇ ਸਿਰਫ਼ ਦਿਖਾਵੇ ਲਈ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਮਨਰੇਗਾ ਖਤਮ ਕਰਨ ਵਿਰੁੱਧ ਪ੍ਰਸਤਾਵ ਪਾਸ ਕੀਤਾ। ਉਨ੍ਹਾਂ ਨੇ ਸਵਾਲ ਕੀਤਾ ਕਿ ਜ਼ਮੀਨੀ ਪੱਧਰ ’ਤੇ ਇਸ ਨਾਲ ਕੀ ਹਾਸਲ ਹੋਇਆ ਹੈ? ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੂੰ ਆਪਣੇ ਸਰੋਤਾਂ ਨਾਲ ਪੰਜਾਬ ਦੇ ਪਿੰਡਾਂ ਦੇ ਗਰੀਬਾਂ ਲਈ ਘੱਟੋ-ਘੱਟ 4000 ਕਰੋੜ ਰੁਪਏ ਦਾ ਐਲਾਨ ਕਰਨਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਨੇ ਸੂਬੇ ਉਪਰ ਕਰਜ਼ੇ ਦਾ ਬੋਝ ਵਧਾ ਕੇ ਕੁੱਲ ਕਰਜ਼ਾ 4.5 ਲੱਖ ਕਰੋੜ ਰੁਪਏ ਤੱਕ ਪਹੁੰਚਾ ਦਿੱਤਾ ਹੋਵੇ, ਉਸ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ। ‘ਆਪ’ ਸਰਕਾਰ ਸਿਰਫ਼ ਦਿਖਾਵੇਬਾਜ਼ੀ ਕਰ ਰਹੀ ਸੀ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਪ੍ਰਤੀ ਵੈਰ ਕੱਢ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵੱਲੋਂ 9000 ਕਰੋੜ ਰੁਪਏ ਦਾ ਪੇਂਡੂ ਵਿਕਾਸ ਫੰਡ ਰੋਕਿਆ ਗਿਆ ਹੈ ਅਤੇ ਹੁਣ ਮਨਰੇਗਾ ਖਤਮ ਹੋਣ ਨਾਲ ਪਿੰਡਾਂ ਦੇ ਗਰੀਬ ਹੋਰ ਵੀ ਪ੍ਰਭਾਵਿਤ ਹੋਣਗੇ।
ਬਾਜਵਾ ਨੇ ‘ਆਪ’ ਸਰਕਾਰ ’ਤੇ ਹਰ ਮੋਰਚੇ ’ਤੇ ਨਾਕਾਮ ਰਹਿਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਡਹਿ ਚੁੱਕੀ ਹੈ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਆਤਮਾ ਦਿੱਲੀ ਦੀ ਲੀਡਰਸ਼ਿਪ ਕੋਲ ਵੇਚ ਦਿੱਤੀ ਹੈ ਅਤੇ ਹਕੀਕਤ ਵਿੱਚ ਸਰਕਾਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਚਲਾ ਰਹੇ ਹਨ।
ਇਸ ਮੌਕੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਵੀ ਸੰਬੋਧਨ ਕੀਤਾ।
ਰੈਲੀ ਵਿੱਚ ਹੋਰਨਾਂ ਤੋਂ ਇਲਾਵਾ, ਰਵਿੰਦਰ ਦਲਵੀ, ਸੂਰਜ ਠਾਕੁਰ, ਡਾ. ਅਮਰ ਸਿੰਘ ਸੰਸਦ ਮੈਂਬਰ, ਪਰਗਟ ਸਿੰਘ ਵਿਧਾਇਕ, ਅਰੁਣਾ ਚੌਧਰੀ ਵਿਰੋਧੀ ਧਿਰ ਦੇ ਡਿਪਟੀ ਲੀਡਰ, ਨਰੇਸ਼ ਪੁਰੀ ਵਿਧਾਇਕ, ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਜਿੰਦਰ ਸਿੰਘ ਵਿਧਾਇਕ, ਸੁਖਪਾਲ ਸਿੰਘ ਖਹਿਰਾ ਵਿਧਾਇਕ, ਹਰਦੇਵ ਸਿੰਘ ਲਾਡੀ, ਸੁਖਵਿੰਦਰ ਕੋਟਲੀ ਵਿਧਾਇਕ, ਅਮਿਤ ਵਿਜ ਸਾਬਕਾ ਵਿਧਾਇਕ, ਜਸਬੀਰ ਸਿੰਘ ਡਿੰਪਾ ਸਾਬਕਾ ਸੰਸਦ ਮੈਂਬਰ, ਡਾ. ਰਾਜ ਕੁਮਾਰ ਸਾਬਕਾ ਵਿਧਾਇਕ, ਸੁਨੀਲ ਦੱਤੀ ਸਾਬਕਾ ਵਿਧਾਇਕ, ਹਰਪ੍ਰਤਾਪ ਸਿੰਘ ਅਜਨਾਲਾ ਸਾਬਕਾ ਵਿਧਾਇਕ, ਜੋਗਿੰਦਰ ਪਾਲ ਭੋਆ ਸਾਬਕਾ ਵਿਧਾਇਕ, ਸੰਤੋਖ ਸਿੰਘ ਭਲਾਈਪੁਰ ਸਾਬਕਾ ਵਿਧਾਇਕ, ਇੰਦੂ ਬਾਲਾ ਸਾਬਕਾ ਵਿਧਾਇਕ, ਅਰੁਣ ਡੋਗਰਾ, ਪਵਨ ਆਦਿਆ, ਦਲਜੀਤ ਸਿੰਘ ਗਿਲਜ਼ੀਆਂ, ਸੁੰਦਰ ਸ਼ਾਮ ਅਰੋੜਾ, ਪੰਨਾ ਲਾਲ ਭਾਟੀਆ ਪ੍ਰਧਾਨ ਜਿਲ੍ਹਾ ਕਾਂਗਰਸ ਪਠਾਨਕੋਟ, ਸੌਰਭ ਮਿੱਠੂ ਮਦਾਨ ਜਿਲ੍ਹਾ ਕਾਂਗਰਸ ਪ੍ਰਧਾਨ ਅੰਮ੍ਰਿਤਸਰ, ਪੰਜਾਬ ਯੂਥ ਕਾਂਗਰਸ ਪ੍ਰਧਾਨ ਮੋਹਿਤ ਮੋਹਿੰਦਰਾ, ਐਨਐਸਯੂਆਈ ਪ੍ਰਧਾਨ ਇਸ਼ਰਪ੍ਰੀਤ ਸਿੰਘ, ਜਸਕਰਨ ਸਿੰਘ ਕਾਹਲੋਂ, ਨਰਿੰਦਰ ਸਿੰਘ ਸੰਧੂ, ਟੀਨਾ ਚੌਧਰੀ ਆਦਿ ਸ਼ਾਮਲ ਰਹੇ।

















































