ਚੰਡੀਗੜ੍ਹ, 11 ਨਵੰਬਰ, 2024 – ਪੰਜਾਬ ਵਿਜੀਲੈਂਸ ਬਿਊਰੋ ਨੇ ਐਸ.ਬੀ.ਐਸ. ਨਗਰ ਵਿਖੇ ਜ਼ਿਲ੍ਹਾ ਨਿਆਂਇਕ ਕੰਪਲੈਕਸ ਦੀ ਉਸਾਰੀ ਲਈ ਅਲਾਟ ਕੀਤੇ ਗਏ ਸਰਕਾਰੀ ਫੰਡਾਂ ‘ਚ ਗਬਨ ਦੇ ਦੋਸ਼ ਹੇਠ ਮੈਸਰਜ਼ ਤੁੰਗ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਗੁਰਦਾਸਪੁਰ ਦੇ ਮੈਨੇਜਿੰਗ ਡਾਇਰੈਕਟਰ ਲਖਵਿੰਦਰ ਸਿੰਘ, ਜੋ ਗੁਰਦਾਸਪੁਰ ਦੇ ਪਿੰਡ ਤੁੰਗ ਦਾ ਵਸਨੀਕ ਹੈ, ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਉਕਤ ਮੁਲਜ਼ਮ ਪਿਛਲੇ ਤਕਰੀਬਨ ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ ਫਰਾਰ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਵੱਲੋਂ ਐਸ.ਬੀ.ਐਸ. ਨਗਰ ਵਿਖੇ ਨਿਆਂਇਕ ਅਦਾਲਤੀ ਕੰਪਲੈਕਸ ਦੀ ਉਸਾਰੀ ਲਈ ਸਾਲ 2017 ਵਿੱਚ ਟੈਂਡਰ ਜਾਰੀ ਕੀਤੇ ਸਨ ਅਤੇ ਇਹ ਟੈਂਡਰ ਮਿਤੀ 03.08.2017 ਨੂੰ ਤੁੰਗ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਗੁਰਦਾਸਪੁਰ ਨੂੰ ਅਲਾਟ ਕੀਤਾ ਗਿਆ ਸੀ।
ਇਹ ਪ੍ਰੋਜੈਕਟ 35,19,18,620 ਰੁਪਏ ਦੀ ਲਾਗਤ ਨਾਲ 18 ਮਹੀਨਿਆਂ ਦੇ ਅੰਦਰ ਪੂਰਾ ਕੀਤਾ ਜਾਣਾ ਸੀ। ਬਾਅਦ ਵਿੱਚ ਪੀ.ਡਬਲਿਊ.ਡੀ. ਨੇ ਕੰਪਲੈਕਸ ਦੇ ਅੰਦਰ ਜੱਜਾਂ ਲਈ ਪਾਰਕਿੰਗ ਅਤੇ ਰਿਹਾਇਸ਼ੀ ਕੁਆਰਟਰਾਂ ਦੀ ਉਸਾਰੀ ਨੂੰ ਸ਼ਾਮਲ ਕਰਦਿਆਂ ਇਸ ਪ੍ਰੋਜੈਕਟ ਦਾ ਦਾਇਰਾ ਵਧਾ ਦਿੱਤਾ, ਜਿਸ ਨਾਲ ਇਸਦੀ ਕੁੱਲ ਲਾਗਤ ਵਧ ਕੇ 65,91,47,000 ਰੁਪਏ ਹੋ ਗਈ।
ਦੱਸਣਯੋਗ ਹੈ ਕਿ ਤੁੰਗ ਬਿਲਡਰਜ਼ ਦਾ ਠੇਕੇਦਾਰ ਮਿੱਥੇ ਸਮੇਂ ਅੰਦਰ ਕੰਮ ਪੂਰਾ ਨਹੀਂ ਕਰ ਸਕਿਆ। ਇਸ ਦੇ ਬਾਵਜੂਦ ਲੋਕ ਨਿਰਮਾਣ ਵਿਭਾਗ ਨਵਾਂਸ਼ਹਿਰ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਤੁੰਗ ਬਿਲਡਰਜ਼ ਦੇ ਐਮ.ਡੀ. ਲਖਵਿੰਦਰ ਸਿੰਘ ਨਾਲ ਮਿਲੀਭੁਗਤ ਕਰਕੇ ਮਾਰਚ 2023 ਤੱਕ ਲਗਭਗ 53,00,00,000 ਰੁਪਏ ਦੀ ਅਦਾਇਗੀ ਕਰ ਦਿੱਤੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਨਿਰਧਾਰਤ ਸਮੇਂ ਅੰਦਰ ਪੂਰਾ ਨਾ ਕਰਨ ਕਰਕੇ ਵਿਭਾਗ ਵੱਲੋਂ ਮਈ 2023 ਵਿੱਚ ਅਲਾਟਮੈਂਟ ਦਾ ਟੈਂਡਰ ਰੱਦ ਕਰ ਦਿੱਤਾ ਗਿਆ ਸੀ ਅਤੇ ਅਲਾਟ ਕੀਤੇ ਫੰਡਾਂ ‘ਚ ਹੇਰਾਫੇਰੀ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ।
ਬੁਲਾਰੇ ਨੇ ਅੱਗੇ ਕਿਹਾ ਕਿ ਕਮੇਟੀ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਕਿ ਲੋਕ ਨਿਰਮਾਣ ਵਿਭਾਗ ਦੇ ਅੱਠ ਅਧਿਕਾਰੀਆਂ/ਕਰਮਚਾਰੀਆਂ ਦੀ ਅਣਗਹਿਲੀ ਕਰਕੇ ਉਕਤ ਤੁੰਗ ਬਿਲਡਰਜ਼ ਨੂੰ 11,50,00,000 ਰੁਪਏ ਦੀ ਵਾਧੂ ਅਦਾਇਗੀ ਕੀਤੀ ਗਈ ਸੀ।
ਇਸ ਰਿਪੋਰਟ ਦੇ ਆਧਾਰ ’ਤੇ ਤੁੰਗ ਬਿਲਡਰਜ਼ ਪ੍ਰਾਈਵੇਟ ਲਿਮਟਿਡ ਦੇ ਉਕਤ ਠੇਕੇਦਾਰ ਸਮੇਤ ਲੋਕ ਨਿਰਮਾਣ ਵਿਭਾਗ ਦੇ ਅੱਠ ਅਧਿਕਾਰੀਆਂ/ਕਰਮਚਾਰੀਆਂ ਖ਼ਿਲਾਫ਼ ਥਾਣਾ ਸਦਰ, ਨਵਾਂਸ਼ਹਿਰ ਵਿਖੇ ਆਈ.ਪੀ.ਸੀ. ਦੀ ਧਾਰਾ 406, 409, 420 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਐੱਫ.ਆਈ.ਆਰ. ਨੰਬਰ 98 ਮਿਤੀ 01.08.2024 ਅਧੀਨ ਕੇਸ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਅਗਲੇਰੀ ਕਾਰਵਾਈ ਜਾਰੀ ਹੈ ਅਤੇ ਬਾਕੀ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
- +91 99148 68600
- info@livepunjabnews.com