ਜਲੰਧਰ, 28 ਅਗਸਤ:- ਜ਼ਿਲ੍ਹਾ ਸਲਾਹਕਾਰ ਕਮੇਟੀ/ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ ਦੀ ਅੱਜ ਤਿਮਾਹੀ ਸਮੀਖਿਆ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਡਾ. ਅਮਿਤ ਮਹਾਜਨ ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਅਤੇ ਛੋਟੇ ਕਾਰੋਬਾਰਾਂ ਲਈ ਖੁੱਲ੍ਹਦਿਲੀ ਨਾਲ ਕਰਜ਼ਾ ਦੇਣ ਲਈ ਕਿਹਾ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਬੈਂਕਾਂ ਨੂੰ ਕਿਹਾ ਕਿ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਲਈ ਵੱਧ ਤੋਂ ਵੱਧ ਕਰਜ਼ਾ ਦੇਣ ਤੋਂ ਇਲਾਵਾ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਮਸ਼ੀਨਰੀ ਦੀ ਖ਼ਰੀਦ ਲਈ ਵੀ ਕਿਸਾਨਾਂ ਨੂੰ ਕਰਜ਼ਾ ਦਿੱਤਾ ਜਾਵੇ।

ਸਾਲ 2024-25 ਸਲਾਨਾ ਕਰਜ਼ਾ ਯੋਜਨਾ ਦੀ 30 ਜੂਨ ਨੂੰ ਖ਼ਤਮ ਹੋਈ ਤਿਮਾਹੀ ਲਈ ਮਿੱਥੇ ਗਏ ਟੀਚਿਆਂ ਤੇ ਨਤੀਜਿਆਂ ਦੀ ਸਮੀਖਿਆ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਬੈਂਕਾਂ ਦੀ ਕਾਰਗੁਜ਼ਾਰੀ ’ਤੇ ਤਸੱਲੀ ਪ੍ਰਗਟ ਕਰਦਿਆਂ ਕਰਜ਼ੇ ਅਤੇ ਸੀ.ਡੀ. ਰੇਸ਼ੋ ਦੇ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਬੈਂਕਾਂ ਨੂੰ ਹੋਰ ਸਗਰਗਮੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ।
ਐਲ.ਡੀ.ਐਮ. ਐੱਮ. ਐੱਸ. ਮੋਤੀ ਨੇ ਜ਼ਿਲ੍ਹੇ ਵਿੱਚ ਕੰਮ ਕਰਦੇ ਸਾਰੇ ਸਰਕਾਰੀ, ਸਹਿਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖ਼ਾ ਮੀਟਿੰਗ ਵਿੱਚ ਰੱਖਦਿਆਂ ਦੱਸਿਆ ਕਿ ਬੈਂਕਾਂ ਨੇ ਜੂਨ 2024, ਤਿਮਾਹੀ ਲਈ ਮਿਥੇ ਗਏ ਤਰਜੀਹੀ ਖੇਤਰ ਦੇ 4270 ਕਰੋੜ ਰੁਪਏ ਦੇ ਕਰਜ਼ ਟੀਚੇ ਦੇ ਸਾਹਮਣੇ 6757 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਹਨ ਜੋ ਕਿ ਟੀਚੇ ਦਾ 158 ਫੀਸਦੀ ਹੈ। ਖੇਤੀਬਾੜੀ ਖੇਤਰ ਦੇ ਕਰਜ਼ੇ ਦੇ 1113 ਕਰੋੜ ਰੁਪਏ ਦੇ ਟੀਚੇ ਦੇ ਸਾਹਮਣੇ 1442 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ, ਜੋ ਕਿ ਇਸ ਤਿਮਾਹੀ ਦੇ ਕੁੱਲ ਟੀਚੇ ਦੀ 130 ਫੀਸਦੀ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਜੂਨ ਤਿਮਾਹੀ ਦੇ ਅੰਤ ਤੱਕ ਕੁੱਲ ਕਰਜ਼ੇ 9738 ਕਰੋੜ ਰੁਪਏ ਦੇ ਵੰਡੇ ਗਏ ਹਨ।

ਐਲ.ਡੀ.ਐਮ. ਨੇ ਦੱਸਿਆ ਕਿ ਇਸ ਤਿਮਾਹੀ ’ਚ ਸੀ ਡੀ ਰੇਸ਼ੋ 34.41 % ਰਹੀ ਹੈ, ਜਿਸ ’ਤੇ ਵਧੀਕ ਡਿਪਟੀ ਕਮਿਸ਼ਨਰ ਨੇ ਤਸੱਲੀ ਪ੍ਰਗਟ ਕਰਦਿਆਂ ਇਸ ਵਿੱਚ ਹੋਰ ਸੁਧਾਰ ਲਿਆਉਣ ਲਈ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਕਰਜ਼ੇ ਦੇਣ ਲਈ ਕਿਹਾ।
ਮੀਟਿੰਗ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਚੰਡੀਗੜ੍ਹ ਤੋਂ ਐਲ.ਡੀ.ਓ. ਯਸ਼ ਭਾਰਦਵਜ, ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਮੈਨੇਜਰ, ਬੈਂਕਾਂ ਦੇ ਜ਼ਿਲ੍ਹਾ ਨੁਮਾਇੰਦੇ, ਜ਼ਿਲ੍ਹਾ ਉਦਯੋਗ ਕੇਂਦਰ, ਰੂਡਸੈਟ ਇੰਸਟੀਚਿਊਟ, ਜਲੰਧਰ, ਜ਼ਿਲ੍ਹਾ ਖੇਤੀਬਾੜੀ ਅਤੇ ਕਿਸਾਨ ਭਲਾਈ, ਡੇਅਰੀ ਵਿਕਾਸ, ਮੱਛੀ ਪਾਲਣ, ਬਾਗਬਾਨੀ, ਨਾਬਾਰਡ, ਚੰਡੀਗੜ੍ਹ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

















































