ਜਨਗਣਨਾ-2027: ਦੂਜੇ ਪੜਾਅ ਸਬੰਧੀ ਫੀਲਡ ਟ੍ਰੇਨਰਾਂ ਦੀ ਤਿੰਨ-ਰੋਜ਼ਾ ਸਿਖ਼ਲਾਈ ਸਫ਼ਲਤਾਪੂਰਵਕ ਸਮਾਪਤ

ਜਲੰਧਰ, 30 ਸਤੰਬਰ : ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਸਬੰਧੀ ਜ਼ਿਲ੍ਹੇ ਵਿੱਚ ਫੀਲਡ ਟ੍ਰੇਨਰਾਂ ਦੀ ਕਰਵਾਈ ਜਾ ਰਹੀ ਤਿੰਨ-ਰੋਜ਼ਾ ਸਿਖਲਾਈ ਅੱਜ ਸਫ਼ਲਤਾਪੂਰਵਕ ਸਮਾਪਤ ਹੋ ਗਈ। ਸਿਖ਼ਲਾਈ ਪ੍ਰੋਗਰਾਮ ਸਥਾਨਕ ਲਾਇਲਪੁਰ ਖਾਲਸਾ ਕਾਲਜ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਫੀਲਡ ਟ੍ਰੇਨਰਾਂ ਨੂੰ ਜਨਗਣਨਾ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਸਿਖਲਾਈ ਪ੍ਰੋਗਰਾਮ ਦੇ ਆਖਰੀ ਦਿਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਬਰਾੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਫੀਲਡ ਟ੍ਰੇਨਰਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਸੰਜੀਦਗੀ, ਸਮਰਪਣ ਅਤੇ ਪਾਰਦਰਸ਼ਤਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਨਗਣਨਾ ਦੇਸ਼ ਦੀ ਯੋਜਨਾਬੰਦੀ ਅਤੇ ਵਿਕਾਸ ਨਾਲ ਜੁੜੀ ਇੱਕ ਮਹੱਤਵਪੂਰਣ ਪ੍ਰਕਿਰਿਆ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਿਖ਼ਲਾਈ ਪ੍ਰਾਪਤ ਕਰਨ ਵਾਲੇ ਫੀਲਡ ਟ੍ਰੇਨਰਾਂ ਨੂੰ ਨਿਯੁਕਤੀ ਸਰਟੀਫਿਕੇਟ ਵੀ ਵੰਡੇ ਗਏ।

ਤਿੰਨ ਦਿਨਾਂ ਟ੍ਰੇਨਿੰਗ ਦੌਰਾਨ ਮਾਸਟਰ ਟ੍ਰੇਨਰਾਂ ਵੱਲੋਂ ਫੀਲਡ ਟ੍ਰੇਨਰਾਂ ਨੂੰ ਜਨਗਣਨਾ ਦੀ ਪ੍ਰਕਿਰਿਆ, ਡਿਜੀਟਲ ਐਪਲੀਕੇਸ਼ਨਾਂ ਸਮੇਤ ਜਨਗਣਨਾ ਦੇ ਕੰਮ ਨਾਲ ਸਬੰਧਤ ਹੋਰ ਅਹਿਮ ਪਹਿਲੂਆਂ ਬਾਰੇ ਸਿਖ਼ਲਾਈ ਦਿੱਤੀ ਗਈ। ਫੀਲਡ ਟ੍ਰੇਨਰਾਂ ਨੂੰ ਵਿਸ਼ੇਸ਼ ਤੌਰ ’ਤੇ ਡਿਜੀਟਲ ਮਾਧਿਅਮ ਨਾਲ ਡੇਟਾ ਇਕੱਤਰ ਅਤੇ ਦਰਜ ਕਰਨ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਗਿਆ।

ਸਿਖ਼ਲਾਈ ਉਪਰੰਤ ਫੀਲਡ ਟ੍ਰੇਨਰ ਆਪਣੇ-ਆਪਣੇ ਖੇਤਰਾਂ ਵਿੱਚ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ 5 ਅਕਤੂਬਰ ਤੋਂ 10 ਨਵੰਬਰ 2026 ਤੱਕ ਸਿਖ਼ਲਾਈ ਦੇਣਗੇ। ਇਹ ਗਿਣਤੀਕਾਰ ਅਤੇ ਸੁਪਰਵਾਈਜ਼ਰ ਜਨਗਣਨਾ 2027 ਦੇ ਦੂਜੇ ਪੜਾਅ ਦੌਰਾਨ ਘਰ-ਘਰ ਜਾ ਕੇ ਨਿਰਧਾਰਤ 40 ਪ੍ਰਸ਼ਨਾਂ ਰਾਹੀਂ ਪਰਿਵਾਰਾਂ ਅਤੇ ਉਨ੍ਹਾਂ ਦੇ ਮੈਂਬਰਾਂ ਨਾਲ ਸਬੰਧਤ ਜਾਣਕਾਰੀ ਇਕੱਤਰ ਕਰਨਗੇ ਅਤੇ ਆਬਾਦੀ ਗਣਨਾ ਦਾ ਕੰਮ ਮੁਕੰਮਲ ਕਰਨਗੇ। ਇਕੱਤਰ ਕੀਤੀ ਗਈ ਜਾਣਕਾਰੀ ਪੀ.ਈ. ਐਪ (ਪਾਪੂਲੇਸ਼ਨ ਇਨੂਮੀਰੇਸ਼ਨ ਐਪ) ਰਾਹੀਂ ਡਿਜੀਟਲ ਢੰਗ ਨਾਲ ਦਰਜ ਕੀਤੀ ਜਾਵੇਗੀ, ਜਿਸ ਨਾਲ ਆਬਾਦੀ ਗਣਨਾ ਦੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਸੁਚੱਜੇ ਢੰਗ ਨਾਲ ਪੂਰਾ ਕੀਤਾ ਜਾ ਸਕੇਗਾ।

ਜ਼ਿਕਰਯੋਗ ਹੈ ਕਿ ਜਨਗਣਨਾ-2027 ਦੇ ਦੂਜੇ ਪੜਾਅ ਤਹਿਤ ਸਵੈ ਗਣਨਾ (ਸੈਲਫ ਇਨੂਮੀਰੇਸ਼ਨ) ਦਾ ਕੰਮ 16 ਨਵੰਬਰ ਤੋਂ 30 ਨਵਬੰਰ ਤੱਕ ਕਰਵਾਇਆ ਜਾਵੇਗਾ। ਉਪਰੰਤ ਆਬਾਦੀ ਗਣਨਾ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕੀਤੀ ਜਾਵੇਗੀ। ਆਬਾਦੀ ਗਣਨਾ ਤੋਂ ਬਾਅਦ 5 ਜਨਵਰੀ ਤੋਂ 9 ਜਨਵਰੀ 2027 ਤੱਕ ਰਵੀਜ਼ਨਲ ਰਾਊਂਡ ਹੋਵੇਗਾ।

Table of Contents

Scroll to Top