ਸਰਕਾਰੀ ਸਪੋਰਟਸ ਕਾਲਜ ਜਲੰਧਰ ਵਿਖੇ ਅਗਨੀਵੀਰ ਭਰਤੀ ਰੈਲੀ ਸ਼ੁਰੂ

ਜਲੰਧਰ, 7 ਨਵੰਬਰ: ਭਾਰਤੀ ਫੌਜ ਵਿੱਚ ਬਤੌਰ ਅਗਨੀਵੀਰ ਭਰਤੀ ਲਈ ਵੀਰਵਾਰ ਨੂੰ ਸਥਾਨਕ ਸਰਕਾਰੀ ਸਪੋਰਟਸ ਕਾਲਜ ਜਲੰਧਰ ਵਿਖੇ ਭਰਤੀ ਰੈਲੀ ਸ਼ੁਰੂ ਹੋਈ, ਜੋ ਕਿ 13 ਨਵੰਬਰ 2024 ਤੱਕ ਚੱਲੇਗੀ।
ਭਰਤੀ ਰੈਲੀ ਦੇ ਪਹਿਲੇ ਦਿਨ ਜ਼ਿਲ੍ਹਾ ਤਰਨਤਾਰਨ ਦੇ ਕੁੱਲ 649 ਉਮੀਦਵਾਰਾਂ ਨੇ ਭਾਰਤੀ ਫੌਜ ਵਿੱਚ ਬਤੌਰ ਅਗਨੀਵੀਰ ਜਨਰਲ ਡਿਊਟੀ/ਟ੍ਰੇਡਮੈਨ/ਟੈਕਨੀਸ਼ੀਅਨ ਭਰਤੀ ਹੋਣ ਲਈ ਭਾਗ ਲਿਆ।

ਭਾਗ ਲੈਣ ਵਾਲੇ ਕੁੱਲ ਉਮੀਦਵਾਰਾਂ ਵਿੱਚੋਂ 325 ਉਮੀਦਵਾਰਾਂ ਨੇ ਨਿਰਧਾਰਤ ਲਾਜ਼ਮੀ ਦੌੜ ਸਬੰਧੀ ਪ੍ਰੀਖਿਆ ਪਾਸ ਕੀਤੀ।ਇਸ ਦੌੜ ਦੌਰਾਨ 5:30 ਮਿੰਟਾਂ ’ਚ 1600 ਮੀਟਰ ਦੀ ਦੂਰੀ ਤੈਅ ਕਰਨੀ ਸੀ, ਜਿਸ ਉਪਰੰਤ ਯੋਗ ਉਮੀਦਵਾਰਾਂ ਨੇ ਫਿਜ਼ੀਕਲ ਪ੍ਰੀਖਿਆ, ਲਾਂਗ ਜੰਪ, ਮੈਡੀਕਲ ਫਿਟਨੈੱਸ, ਡੋਪ ਟੈਸਟ, ਬਾਇਮੈਟ੍ਰਿਕ ਆਦਿ ਮਾਪਦੰਡਾਂ ਵਿੱਚ ਭਾਗ ਲਿਆ।


ਡਿਪਟੀ ਡਾਇਰੈਕਟਰ ਨੀਲਮ ਮਹੇ ਦੀ ਅਗਵਾਈ ਵਿੱਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਟੀਮ ਵੱਲੋਂ ਦੌੜ ਵਿੱਚ ਅਸਫ਼ਲ ਰਹੇ ਉਮੀਦਵਾਰਾਂ ਦੀ ਮੌਕੇ ’ਤੇ ਕਾਊਂਸਲਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਹੋਏ ਮੁੜ ਫੌਜ ਦੀਆਂ ਵਿਭਿੰਨ ਭਰਤੀਆਂ ਦੀ ਤਿਆਰੀ ਲਈ ਅਗਵਾਈ ਦਿੰਦਿਆਂ ਹੋਰ ਵੱਖ-ਵੱਖ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕਿਆਂ ਤੋਂ ਜਾਣੂ ਕਰਵਾਇਆ ਗਿਆ।

ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਵੀ ਯੋਗ ਅਗਵਾਈ ਦਿੱਤੀ ਗਈ ਤਾਂ ਜੋ ਭਵਿੱਖ ਵਿੱਚ ਸਮੇਂ-ਸਮੇਂ ’ਤੇ ਰਾਜ ਅਤੇ ਕੇਂਦਰ ਸਰਕਾਰ ਵੱਲੋਂ ਕੱਢੀਆਂ ਜਾਣ ਵਾਲੀਆਂ ਅਸਾਮੀਆਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਜਾ ਸਕੇ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top