ਬਿਹਾਰ ਵਿੱਚ ਆਗਾਮੀ ਚੋਣਾਂ ਦੇ ਕਾਰਨ ਬਜਟ ‘ਚ ਬਿਹਾਰ ਲਈ ਲੱਗੀ ਫੰਡਾਂ ਦੀ ਝੜੀ ਤੇ ਪੰਜਾਬ ਨੂੰ ਕੀਤਾ ਗਿਆ ਨਜ਼ਰਅੰਦਾਜ਼: ਕਾਂਗਰਸ ਪ੍ਰਧਾਨ

23 ਜੁਲਾਈ, 2024, ਚੰਡੀਗੜ੍ਹ:- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸੰਸਦ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਕੇਂਦਰੀ ਬਜਟ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਨੇ ਬਜਟ ਨੂੰ “ਸਰਕਾਰ ਬਚਾਓ ਬਜਟ” ਕਰਾਰ ਦਿੱਤਾ ਅਤੇ ਕਿਹਾ ਕਿ ਇਹ ਦੇਸ਼ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਐਨਡੀਏ ਗੱਠਜੋੜ ਦੇ ਅੰਦਰ ਵੱਖ-ਵੱਖ ਪਾਰਟੀਆਂ ਨੂੰ ਖੁਸ਼ ਕਰਨ ਲਈ ਤਿਆਰ ਕੀਤਾ ਗਿਆ ਹੈ।

ਵੜਿੰਗ ਨੇ ਟਿੱਪਣੀ ਕੀਤੀ, “ਇਹ ਬਜਟ ਮਹਿੰਗਾਈ, ਕਿਸਾਨਾਂ ‘ਤੇ ਚੱਲ ਰਹੇ ਸੰਕਟ ਅਤੇ ਮੱਧ ਵਰਗ ਲੋਕਾਂ ਦੇ ਸੰਘਰਸ਼ਾਂ ਵਰਗੇ ਮਹੱਤਵਪੂਰਨ ਮੁੱਦਿਆਂ ਨਾਲ ਨਜਿੱਠਣ ਅਤੇ ਰੁਜ਼ਗਾਰ ਪੈਦਾ ਕਰਨ ਦੇ ਮੁੱਦਿਆਂ ‘ਤੇ ਵੀ ਅਸਫਲ ਰਿਹਾ ਹੈ।

ਉਨ੍ਹਾਂ ਨੇ ਬਜਟ ‘ਚ ਪੰਜਾਬ ਨੂੰ ਨਜ਼ਰਅੰਦਾਜ਼ ਕੀਤੇ ਜਾਣ ‘ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ, ‘ਜਿਵੇਂ ਕਿ ਪਿਛਲੇ ਬਜਟਾਂ ‘ਚ ਦੇਖਿਆ ਗਿਆ ਹੈ ਕਿ ਭਾਜਪਾ ਸਰਕਾਰ ਲਗਾਤਾਰ ਪੰਜਾਬ ਨੂੰ ਨਜ਼ਰਅੰਦਾਜ਼ ਕਰਕੇ ਸੂਬੇ ਦੇ ਹਿੱਤਾਂ ਦੇ ਖਿਲਾਫ ਕੰਮ ਕਰ ਰਹੀ ਹੈ।’ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ‘ਚ ਆਪਣੀਆਂ ਚੋਣ ਮੁਹਿੰਮਾਂ ਦੌਰਾਨ ‘ਖੂਨ ਦੇ ਰਿਸ਼ਤੇ’ ਹੋਣ ਦਾ ਦਾਅਵਾ ਕੀਤਾ ਸੀ ਪਰ ਫਿਰ ਵੀ ਪਿਛਲੇ ਦਸ ਸਾਲਾਂ ਵਿੱਚ ਪੰਜਾਬ ਲਈ ਕੁਝ ਨਹੀਂ ਕੀਤਾ। ਵੜਿੰਗ ਨੇ ਅੱਗੇ ਕਿਹਾ, “ਬਜਟ ਵਿੱਚ ਬਿਹਾਰ ਅਤੇ ਆਂਧਰਾ ਪ੍ਰਦੇਸ਼ ਵਰਗੇ ਰਾਜਾਂ ਦਾ ਜ਼ਿਕਰ ਕੀਤਾ ਗਿਆ ਸੀ, ਪਰ ਪੰਜਾਬ, ਇੱਕ ਸਰਹੱਦੀ ਰਾਜ ਅਤੇ ਦੇਸ਼ ਦਾ ਅੰਨਦਾਤਾ ਹੈ ਜੋ ਕਿ ਫੌਜ, ਖੇਤੀਬਾੜੀ ਅਤੇ ਐਮਐਸਐਮਈ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਬਿਹਾਰ ‘ਚ ਵਿਧਾਨ ਸਭਾ ਚੋਣਾ ਕਰਕੇ ਉੱਥੇ ਵਿਸ਼ੇਸ਼ ਬੁਨਿਆਦੀ ਢਾਂਚੇ ਲਈ ਫੰਡ ਅਲਾਟ ਕਰਨਾ ਇਹ ਸਾਬਤ ਕਰਦਾ ਹੈ ਕਿ ਭਾਜਪਾ ਦਾ ਕੋਈ ਵੀ ਕੰਮ ਦੇਸ਼ ਦੀ ਭਲਾਈ ਦੀ ਬਜਾਏ ਸਿਆਸੀ ਲਾਭ ਲਈ ਹੈ।”

ਵਿੱਤ ਮੰਤਰੀ ‘ਤੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੀ ਮਾੜੀ ਨਕਲ ਕਰਨ ਦਾ ਦੋਸ਼ ਲਗਾਉਂਦੇ ਹੋਏ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, ”ਇਕ ਕਰੋੜ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਪ੍ਰਦਾਨ ਕਰਨ ਦਾ ਭਾਜਪਾ ਦਾ ਪ੍ਰਸਤਾਵ ਸਾਰੇ ਵਿਦਿਆਰਥੀਆਂ ਲਈ ਅਪ੍ਰੈਂਟਿਸਸ਼ਿਪ ਸਕੀਮ ਨੂੰ ਸਰਵ ਵਿਆਪਕ ਬਣਾਉਣ ਦੀ ਕਾਂਗਰਸ ਦੀ ਯੋਜਨਾ ਦਾ ਰੂਪ ਹੈ।” ਸਪੱਸ਼ਟ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਦੇ ਝੂਠੇ ਵਾਅਦਿਆਂ ‘ਤੇ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਗਾਰੰਟੀ ਨੂੰ ਚੁਣਿਆ ਹੈ।

ਉਨ੍ਹਾਂ ਕਾਂਗਰਸ ਦੇ ਨਿਆ ਪਾਤਰਾ ਤੋਂ ਏਂਜਲ ਟੈਕਸ ਨੂੰ ਖਤਮ ਕਰਨ ਦੇ ਵਿਚਾਰ ਵਰਗੇ ਉਪਯੋਗੀ ਤੱਤ ਲੈਣ ਲਈ ਬਜਟ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ “ਜੇਕਰ ਵਿੱਤ ਮੰਤਰੀ ਨੇ ਨਿਆ ਪੱਤਰ ਦੀ ਪੂਰੀ ਤਰ੍ਹਾਂ ਨਕਲ ਕੀਤੀ ਹੁੰਦੀ, ਤਾਂ ਪੂਰੇ ਦੇਸ਼ ਨੂੰ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਕਾਨੂੰਨੀ MSP ਦੀ ਗਰੰਟੀ ਨਾਲ ਲਾਭ ਹੁੰਦਾ।

ਐਮਪੀ ਵੜਿੰਗ ਨੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਬਜਟ ‘ਚ ਕੋਈ ਐਲਾਨ ਨਾ ਹੋਣ ‘ਤੇ ਬਜਟ ਦੀ ਅਸਫਲਤਾ ਵੱਲ ਇਸ਼ਾਰਾ ਕੀਤਾ ਅਤੇ ਡੇਢ ਗੁਣਾ ਐਮਐਸਪੀ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਰਗੇ ਵਾਅਦੇ ਪੂਰੇ ਨਾ ਕਰਨ ਲਈ ਭਾਜਪਾ ਦੀ ਆਲੋਚਨਾ ਕੀਤੀ। ਉਨ੍ਹਾਂ ਅੱਗੇ ਕਿਹਾ “ਬਜਟ ਵਿੱਚ ਘੱਟ-ਗਿਣਤੀ ਭਾਈਚਾਰਿਆਂ ਅਤੇ ਔਰਤਾਂ ਨੂੰ ਵੀ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਖੇਤੀਬਾੜੀ, ਸਿਹਤ, ਸਿੱਖਿਆ ਅਤੇ ਲੋਕ ਭਲਾਈ ਲਈ ਅਲਾਟਮੈਂਟ ਵੀ ਘਟਾ ਦਿੱਤੀ ਗਈ ਹੈ।”

ਉਨ੍ਹਾਂ ਨੇ ਸਖ਼ਤ ਬਿਆਨ ਦੇ ਕੇ ਸਮਾਪਤੀ ਕਰਦੇ ਕਿਹਾ ਕਿ”ਬਜਟ ‘ਚ ਮਰਦਮਸ਼ੁਮਾਰੀ ਅਤੇ ਜਾਤੀ ਜਨਗਣਨਾ ਦੇ ਸੰਬੰਧ ‘ਚ ਕਿਸੇ ਵੀ ਤਰ੍ਹਾਂ ਦਾ ਜ਼ਿਕਰ ਨਾ ਹੋਣਾ ਬਿਨਾਂ ਕਿਸੇ ਜਨਗਣਨਾ ਦੇ ਪੰਜਵਾਂ ਬਜਟ ਹੈ, ਜੋ ਕਿ ਲੋਕਤੰਤਰ ਅਤੇ ਸੰਵਿਧਾਨ ਦੇ ਸਿਧਾਂਤਾਂ ਦੇ ਖਿਲਾਫ ਹੈ। ਭਾਜਪਾ ਕੇਵਲ
ਉਨ੍ਹਾਂ ਨੂੰ ਖੁਸ਼ ਕਰਨ ‘ਚ ਸਫਲ ਹੋਈ ਹੈ ਜਿਨ੍ਹਾਂ ਦੇ ਸਹਿਯੋਗ ਨਾਲ ‘ਮੋਦੀ ਸਰਕਾਰ’ ਚੱਲ ਰਹੀ ਹੈ। ਪਰ ਇਹ ਬਜਟ ਆਖਿਰਕਾਰ ਭਾਜਪਾ ਨੂੰ ਪਤਨ ਵੱਲ ਲੈ ਕੇ ਜਾਵੇਗਾ ਕਿਉਂਕਿ ਪਿਛਲੇ ਦਹਾਕੇ ਤੋਂ ਦੇਸ਼ ਭਾਜਪਾ ਦੇ ਲੋਕ ਵਿਰੋਧੀ ਬਜਟਾਂ ਤੋਂ ਥੱਕ ਗਿਆ ਹੈ, ਭਾਰਤ ਅਤੇ ਖਾਸ ਕਰਕੇ ਪੰਜਾਬ ਦੇ ਲੋਕ ਬਿਹਤਰ ਸਮੇਂ ਦੇ ਹੱਕਦਾਰ ਹਨ ਤੇ ਅਜਿਹੀ ਸਰਕਾਰ ਚਾਹੁੰਦੇ ਹਨ ਜੋ ਰਾਜਨੀਤਿਕ ਲਾਭਾਂ ਨਾਲੋਂ ਰਾਸ਼ਟਰ ਦੀ ਭਲਾਈ ਨੂੰ ਸੱਚਮੁੱਚ ਪਹਿਲ ਦਿੰਦੀ ਹੈ।”

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top