ਜਲੰਧਰ, 24 ਜੂਨ : ਪਸ਼ੂਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਸੁਸਾਇਟੀ ਫਾਰ ਪ੍ਰੀਵੈਨਸ਼ਨ ਆਫ਼ ਕਰੂਐਲਿਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.) ਦੀ ਉਚ ਪੱਧਰੀ ਮੀਟਿੰਗ ਦੌਰਾਨ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬੁੱਧੀ ਰਾਜ ਸਿੰਘ ਸਮੇਤ ਐਸ.ਪੀ.ਸੀ.ਏ. ਦੇ ਮੈਂਬਰਾਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਸ਼ੂ ਪਾਲਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਜੋ ਪਸ਼ੂ ਦੁੱਧ ਦੇਣਾ ਛੱਡ ਚੁੱਕੇ ਹਨ, ਉਨ੍ਹਾਂ ਨੂੰ ਬੇਸਹਾਰਾ ਛੱਡਣ ਦੀ ਬਜਾਏ ਗਊਸ਼ਲਾਵਾਂ ਵਿੱਚ ਪਹੁੰਚਾਇਆ ਜਾਵੇ, ਤਾਂ ਜੋ ਇਨ੍ਹਾਂ ਪਸ਼ੂਆਂ ਦੀ ਸੰਭਾਲ ਸਹੀ ਢੰਗ ਨਾਲ ਹੋ ਸਕੇ ਅਤੇ ਸੜਕਾਂ ’ਤੇ ਅਵਾਰਾ ਘੁੰਮ ਰਹੇ ਪਸ਼ੂਆਂ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ।
ਡਾ. ਅਗਰਵਾਲ ਨੇ ਡੇਅਰੀ ਵਿਕਾਸ ਵਿਭਾਗ ਅਤੇ ਮਿਲਕਫੈੱਡ ਨੂੰ ਵੀ ਇਸ ਜਾਗਰੂਕਤਾ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ, ਤਾਂ ਜੋ ਵੱਧ ਤੋਂ ਵੱਧ ਪਸ਼ੂ ਪਾਲਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਪਸ਼ੂ ਪਾਲਕਾਂ ਨੂੰ ਐਸ.ਪੀ.ਸੀ.ਏ. ਵਿੱਚ ਸ਼ਾਮਲ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਐਨੀਮਲ ਬਰਥ ਕੰਟਰੋਲ (ਏ.ਬੀ.ਸੀ.) ਪ੍ਰੋਗਰਾਮ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਡਾਗ ਸਟਰਲਾਈਜ਼ੇਸ਼ਨ ਦੇ ਕੰਮ ਨੂੰ ਵਾਰਡ ਵਾਈਜ਼ ਅਮਲ ਵਿੱਚ ਲਿਆਂਦਾ ਜਾਵੇ ਅਤੇ ਇਸ ਸਬੰਧੀ ਨਿਯਮਿਤ ਰਿਪੋਰਟ ਭੇਜਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਬਿਮਾਰ ਅਤੇ ਜ਼ਖਮੀ ਜਾਨਵਰਾਂ ਦੀ ਸੰਭਾਲ ਲਈ ਐਂਬੂਲੈਂਸ ਦੀ ਖ਼ਰੀਦ ਸੰਬੰਧੀ ਵੀ ਜਾਣਕਾਰੀ ਹਾਸਲ ਕੀਤੀ। ਨਗਰ ਨਿਗਮ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਕਿ ਇਕ ਐਂਬੂਲੈਂਸ ਨਗਰ ਨਿਗਮ ਪਾਸ ਉਪਲਬਧ ਹੈ, ਜਦਕਿ ਦੂਜੀ ਐਂਬੂਲੈਂਸ ਜਲਦ ਖ਼ਰੀਦ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਈ.ਓ. ਆਦਮਪੁਰ ਨੂੰ ਸਬ ਡਵੀਜ਼ਨ ਵਿਖੇ ਡਾਗ ਪੌਂਡ ਦੇ ਨਿਰਮਾਣ ਲਈ 15 ਜੁਲਾਈ ਤੱਕ ਢੁੱਕਵੀਂ ਜਗ੍ਹਾ ਦੀ ਸ਼ਨਾਖਤ ਕਰਕੇ ਰਿਪੋਰਟ ਦੇਣ ਦੀ ਹਦਾਇਤ ਕੀਤੀ, ਜਿਥੇ ਕਿ ਸਟਰਲਾਈਜ਼ੇਸ਼ਨ ਉਪਰੰਤ ਕੁੱਤਿਆਂ ਨੂੰ ਨਿਰਧਾਰਿਤ ਦਿਨਾਂ ਲਈ ਰੱਖਿਆ ਜਾਵੇਗਾ।
ਉਨ੍ਹਾਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚੋਂ ਗਊ ਸੈੱਸ ਇਕੱਤਰ ਕਰਕੇ ਸਮੇਂ ਸਿਰ ਜਮ੍ਹਾ ਕਰਵਾਇਆ ਜਾਵੇ, ਤਾਂ ਜੋ ਗਊਸ਼ਾਲਾਵਾਂ ਵਿੱਚ ਗਊ ਵੰਸ਼ ਦੀ ਸੇਵਾ ਤੇ ਬਿਹਤਰੀ ਲਈ ਇਸਨੂੰ ਖਰਚ ਕੀਤਾ ਜਾ ਸਕੇ। ਉਨ੍ਹਾਂ ਨਾਲ ਹੀ ਇਹ ਵੀ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਪੈਟਰੋਲ ਪੰਪਾਂ, ਮੈਰਿਜ ਪੈਲੇਸਾਂ, ਸੀਮੈਂਟ ਦੀਆਂ ਦੁਕਾਨਾਂ, ਵਾਹਨ ਵੇਚਣ ਵਾਲੀਆਂ ਏਜੰਸੀਆਂ ਸਮੇਤ ਹੋਰ ਜਿਹੜੇ ਵੀ ਕਾਰੋਬਾਰੀ ਅਦਾਰਿਆਂ ਜਾਂ ਵਸਤਾਂ ਉੱਪਰ ਗਊ ਸੈੱਸ ਲਗਾਇਆ ਗਿਆ ਹੈ, ਉਸਨੂੰ ਪੂਰੀ ਤਰ੍ਹਾਂ ਇਕੱਤਰ ਕੀਤਾ ਜਾਵੇ।
ਮੀਟਿੰਗ ਵਿੱਚ ਐਸ.ਡੀ.ਐਮ. ਰਣਦੀਪ ਸਿੰਘ ਹੀਰ ਤੇ ਸ਼ਾਇਰੀ ਮਲਹੋਤਰਾ, ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸੁਖਵਿੰਦਰ ਸਿੰਘ, ਸਹਾਇਕ ਡਾਇਰੈਕਟਰ ਡਾ. ਕੁਲਵਿੰਦਰ ਸਿੰਘ ਤੇ ਡਾ. ਬਲਵੀਰ ਸਿੰਘ, ਡਾ. ਜਸਵੀਰ ਸਿੰਘ, ਡਾ. ਰਾਮ ਮੂਰਤੀ. ਡਾ. ਅਮਨਦੀਪ ਤੇ ਡਾ. ਜਗਜੀਤ ਸਿੰਘ, ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਗਿੱਲ ਵੈੱਲਫੇਅਰ ਸੁਸਾਇਟੀ ਤੋਂ ਰਜਿੰਦਰ ਕੌਰ ਮਾਨ ਵੀ ਮੌਜੂਦ ਸਨ।
——–
