ਸਮਾਜਿਕ ਭਾਈਚਾਰੇ ਨੂੰ ਬਣਾਉਣ ਵਾਲੀ ਵਿਚਾਰਧਾਰਾ ਨੂੰ ਉਤਸ਼ਾਹਤ ਕਰਨ ਲਈ ਡਾ. ਅੰਬੇਡਕਰ ਜੀ ਦੀਆਂ ਲਿਖਤਾਂ ਤੇ ਭਾਸ਼ਣ ਮੁੜ ਪੜੇ ਜਾਣ – ਚੇਅਰਮੈਨ ਜਸਵੀਰ ਸਿੰਘ ਗੜੀ

ਲੁਧਿਆਣਾ – ਸਮਾਜਿਕ ਭਾਈਚਾਰੇ ਨੂੰ ਬਣਾਉਣ ਵਾਲੀ ਵਿਚਾਰਧਾਰਾ ਨੂੰ ਉਤਸ਼ਾਹਤ ਕਰਨ ਲਈ ਡਾ. ਅੰਬੇਡਕਰ ਦੀਆਂ ਲਿਖਤਾਂ ਤੇ ਭਾਸ਼ਣ ਮੁੜ ਪੜੇ ਜਾਣ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਵੱਲੋਂ, ਭਾਰਤੀ ਸੰਵਿਧਾਨ ਨਿਰਮਾਤਾ, ਮਹਿਲਾ ਮੁਕਤੀ ਦਾਤਾ, ਸਮਾਜ ਦੇ ਦੱਬੇ ਕੁਚਲੇ ਲੋਕਾਂ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਮਹਾਂ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ।

ਸਥਾਨਕ ਜਲੰਧਰ ਬਾਈ ਪਾਸ ਸਥਿਤ ਪੰਜਾਬ ਦੇ ਸੱਭ ਤੋਂ ਵੱਡੇ ਡਾ. ਬੀ. ਆਰ. ਅੰਬੇਡਕਰ ਭਵਨ ਵਿਖੇ “ਜਾਤੀ ਤੋੜੋ ਸਮਾਜ ਜੋੜੋ” ਥੀਮ ਹੇਠ ਆਯੋਜਿਤ ਸਮਾਗਮ ਮੌਕੇ ਚੇਅਰਮੈਨ ਗੜ੍ਹੀ ਦੇ ਨਾਲ ਰਮਨਜੀਤ ਲਾਲੀ, ਖਾਦੀ ਬੋਰਡ ਦੇ ਵਾਈਸ ਚਾਂਸਲਰ ਪਵਨ ਹਾਂਸ, ਰਾਜ ਕੁਮਾਰ ਹੈਪੀ ਤੋਂ ਇਲਾਵਾ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।

ਆਪਣੇ ਸੰਬੋਧਨ ਦੌਰਾਨ, ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਦੇਸ਼ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਚਲੀਆਂ ਆ ਰਹੀਆਂ ਕੂਰੀਤੀਆਂ ਤੇ ਵਿਚਾਰਕ ਕੰਧਾਂ ਨੂੰ ਢਾਹੁਣ ਦੇ ਲਈ ਭਾਰਤ ਰਤਨ, ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਵੱਲੋਂ ਜੋ ਡੂੰਘੀਆਂ ਖੋਜਾਂ ਕਰਕੇ ਲਿਖੇ ਮਹਾਨ ਗ੍ਰੰਥ ਜਿਨ੍ਹਾਂ ਵਿੱਚ “ਸ਼ੂਦਰ ਕੌਣ ਸਨ?”, “ਦ ਅਨਟਚਏਬਲ”, “ਐਨੀਲੇਸ਼ਨ ਆਫ ਕਾਸਟ” ਆਦਿ ਸ਼ਾਮਲ ਹਨ ਨੂੰ ਸਹੀ ਰੂਪ ਦੇ ਵਿੱਚ ਜਨ-ਜਨ ਖਾਸ ਕਰਕੇ ਅੰਬੇਡਕਰੀ ਸਮਾਜ ਤੱਕ ਲੈ ਕੇ ਜਾਣਾ ਸਮੇਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਅੱਜ ਦਾ ਪ੍ਰੋਗਰਾਮ ਵੀ ਉਸੇ ਲੜੀ ਦਾ ਹਿੱਸਾ ਹੈ।

ਚੇਅਰਮੈਨ ਗੜ੍ਹੀ ਵੱਲੋਂ ਇਸ ਗੱਲ ‘ਤੇ ਚਿੰਤਾ ਪ੍ਰਗਟਾਈ ਗਈ ਕਿ ਬਾਬਾ ਸਾਹਿਬ ਨੇ “ਸ਼ੂਦਰ ਕੌਣ ਸਨ?” ਕਿਤਾਬ ਵਿੱਚ ਜੋ ਆਰੀਆ ਸਮਾਜ ਬਾਰੇ, ਸ਼ੂਦਰਾਂ ਬਾਰੇ, ਮੂਲ ਨਿਵਾਸੀ ਸੰਕਲਪਨਾ ਬਾਰੇ ਲਿਖਿਆ ਹੈ, ਦੇਸੀ ਅਤੇ ਵਿਦੇਸ਼ੀ ਬਾਰੇ ਚਾਨਣਾ ਪਾਇਆ ਹੈ, ਨੂੰ ਹੁਣ ਤੱਕ ਉਜਾਗਰ ਨਹੀਂ ਕੀਤਾ ਗਿਆ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇਨ੍ਹਾਂ ਕਿਤਾਬਾਂ ਨੂੰ ਸਕੂਲੀ ਬੱਚਿਆਂ ਦੇ ਸਿਲੇਬਸ ਦਾ ਹਿੱਸ ਬਣਾਇਆ ਜਾਵੇ। ਉਨ੍ਹਾਂ ਸਮੁੱਚੇ ਅੰਬੇਡਕਰੀ ਸਮਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਕ ਵਾਰ ਡਾ. ਅੰਬੇਡਕਰ ਜੀ ਵੱਲੋਂ ਲਿਖੀਆਂ ਉਪਰੋਕਤ ਕਿਤਾਬਾਂ ਨੂੰ ਰਿਫਰੈਸ਼ਮੈਂਟ ਕੋਰਸ ਵਜੋਂ ਲਾਜ਼ਮੀ ਤੌਰ ‘ਤੇ ਝਾਤ ਮਾਰੀਏ।

ਪੱਤਰਕਾਰਾਂ ਵੱਲੋਂ, ਰਾਜ ਅਨੁਸੂਚਿਤ ਜਾਤੀਆਂ ਦੇ ਲੋਕਾਂ ਵਿੱਚ ਚੇਅਰਮੈਨ ਗੜ੍ਹੀ ਦੀ ਵੱਡੇ ਪੱਧਰ ਤੇ ਲੋਕਪ੍ਰਿਯਤਾ ਬਾਰੇ ਪੁੱਛੇ ਸਵਾਲ ਦੇ ਜੁਆਬ ਵਿੱਚ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ “ਬੇਸ਼ੱਕ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਇਨਸਾਫ ਦੁਆਇਆ ਹੈ ਪਰ ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਅਜੇ ਤਾਂ ਕੋਟੇ ਵਿੱਚੋਂ ਇੱਕ ਪੂਣੀ ਵੀ ਕੱਤੀ ਨਹੀਂ ਗਈ, ਤਾਣਾ ਗੱਠਣ ਨੂੰ ਪਿਆ ਹੈ, ਚਾਦਰਾਂ, ਦਰੀਆਂ, ਖੇਸੀਆਂ ਬਣਨ ਤੋਂ ਹਾਲੇ ਵਾਂਝੀਆਂ ਨੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਪਿਤਾ ਜੀ, ਦਾਦਾ ਜੀ, ਪੜਦਾਦਾ ਜੀ ਵੀ ਖੱਡੀ ਦਾ ਕੰਮ ਕਰਦੇ ਰਹੇ ਤੇ ਮੈਂ ਆਪ ਵੀ ਖੱਡੀ ਦਾ ਜਾਣਦਾ ਹਾਂ।” ਉਨ੍ਹਾਂ ਕਿਹਾ ਕਿ ਉਹ ਦਲਿਤ ਸਮਾਜ ਦੇ ਹੱਕਾਂ ਲਈ ਜੋਰਾਵਰ ਹਕੂਮਤਾਂ ਨਾਲ ਹਮੇਸ਼ਾਂ ਲੜਦੇ ਆ ਰਹੇ ਹਨ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਲੋੜ ਪੈਣ ‘ਤੇ ਪੰਜਾਬੀ ਵੀ ਉਨ੍ਹਾਂ ਨਾਲ ਚੱਟਾਨ ਵਾਂਗ ਖੜੇ ਹੋਣਗੇ।

ਇਸ ਮੌਕੇ ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਅਤੇ ਬੀਤੇ ਸਮੇਂ ਵਿੱਚ ਜਿਹੜੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਚੇਅਰਮੈਨ ਗੜ੍ਹੀ ਵੱਲੋਂ ਨਿਪਟਾਰਾ ਕੀਤਾ ਗਿਆ ਸੀ, ਉਹ ਵੀ ਪੁੱਜੇ ਸਨ। ਉਨ੍ਹਾਂ ਆਪਣੇ ਮੱਸਲਿਆਂ ਦਾ ਹੱਲ ਕਰਨ ਲਈ, ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਣ ਤੱਕ ਦੇ ਸੱਭ ਤੋਂ ਧਾਕੜ ਚੇਅਰਮੈਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜ਼ਾਂ ਦੀ ਸ਼ਲਾਘਾ ਵੀ ਕੀਤੀ।

ਜ਼ਿਕਰਯੋਗ ਹੈ ਕਿ ਡਾ. ਬੀ.ਆਰ. ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਹਰ ਸਾਲ 6 ਦਸੰਬਰ ਨੂੰ ਮਨਾਇਆ ਜਾਂਦਾ ਹੈ ਜਿਸ ਨੂੰ ਉਨ੍ਹਾਂ ਦੇ ਮਹਾਪ੍ਰੀਨਿਰਵਾਣ ਦਿਵਸ ਵਜੋਂ ਜਾਣਿਆ ਜਾਂਦਾ ਹੈ। ਇਸ ਦਿਨ ਭਾਰਤ ਰਤਨ ਡਾ. ਅੰਬੇਡਕਰ ਨੂੰ ਉਨ੍ਹਾਂ ਦੇ ਜੀਵਨ ਅਤੇ ਸਮਾਜ ਲਈ ਪਾਏ ਯੋਗਦਾਨ ਲਈ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਇਸ ਮੌਕੇ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਵੱਲੋਂ ਸ਼ਰਧਾਂਜਲੀ ਸਮਾਗਮ ਅਤੇ ਖੂਨਦਾਨ ਕੈਂਪ ਵਰਗੇ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।

ਅੰਬੇਡਕਰ ਸੋਸਾਇਟੀ ਵੱਲੋਂ ਇਸ ਮੌਕੇ ਬਲੱਡ ਡੋਨੇਸ਼ਨ ਕੈਂਪ ਦਾ ਵੀ ਵਿਸ਼ੇਸ਼ ਤੌਰ ‘ਤੇ ਆਯੋਜਨ ਕੀਤਾ ਗਿਆ ਜਿੱਥੇ ਨੌਜਵਾਨਾਂ ਨੇ ਸੜਕ ਦੁਰਘਟਨਾਵਾਂ ਵਿੱਚ ਫੱਟੜ ਹੋਏ ਲੋਕਾਂ ਤੇ ਹੋਰ ਮਰੀਜ਼ਾਂ ਦੀ ਜਾਨ ਬਚਾਉਣ ਲਈ ਆਪਣਾ ਖੂਨ ਦਾਨ ਕੀਤਾ।

Leave a Comment

Your email address will not be published. Required fields are marked *

Scroll to Top