ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਵੱਖ-ਵੱਖ ਠੇਕਿਆਂ ਦੀ ਨਿਲਾਮੀ 26 ਜੁਲਾਈ ਨੂੰ

ਜਲੰਧਰ, 23 ਜੁਲਾਈ :- ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚਲੀ ਕੰਟੀਨ, ਡੀ.ਏ.ਸੀ. ਟਾਈਪ-1 ਸੇਵਾ ਕੇਂਦਰ ਵਿੱਚ ਬਣੀ ਕੰਟੀਨ ਅਤੇ ਸਾਈਕਲ ਸਟੈਂਡ ਠੇਕਿਆਂ ਦੀ ਨਿਲਾਮੀ 26 ਜੁਲਾਈ 2024 ਨੂੰ ਸਵੇਰੇ 11 ਵਜੇ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਅਦਾਲਤ ਕਮਰਾ ਨੰ. 18 ਜ਼ਮੀਨੀ ਮੰਜ਼ਿਲ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਰੱਖੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੀ ਕੰਟੀਨ ਦੇ ਠੇਕੇ ਦੀ ਰਾਖਵੀਂ ਬੋਲੀ 8,56,667 ਰੁਪਏ ਅਤੇ ਸਕਿਓਰਿਟੀ ਦੀ ਰਕਮ 1,00,000 ਰੁਪਏ ਤੈਅ ਕੀਤੀ ਗਈ ਹੈ। ਇਸੇ ਤਰ੍ਹਾਂ ਟਾਈਪ-1 ਸੇਵਾ ਕੇਂਦਰ ਵਿਚਲੀ ਕੰਟੀਨ ਦੇ ਠੇਕੇ ਦੀ ਰਾਖਵੀਂ ਬੋਲੀ 1,44,800 ਰੁਪਏ ਤੇ ਸਕਿਓਰਿਟੀ 50,000 ਰੁਪਏ ਅਤੇ ਸਾਈਕਲ ਸਟੈਂਡ ਦੇ ਠੇਕੇ ਦੀ ਰਾਖਵੀਂ ਬੋਲੀ 20,66,667 ਰੁਪਏ ਅਤੇ ਸਕਿਓਰਿਟੀ ਦੀ ਰਕਮ 2,00,000 ਰੁਪਏ ਹੈ।
ਬੋਲੀ ਦੀਆਂ ਸ਼ਰਤਾਂ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਹਰ ਬੋਲੀਕਾਰ ਨੂੰ ਬੋਲੀ ਵਿੱਚ ਸ਼ਾਮਲ ਹੋਣ ਲਈ ਆਪਣੀ ਦਰਖਾਸਤ ਅਤੇ ਸਕਿਓਰਿਟੀ ਦੀ ਰਕਮ ਦਾ ਡ੍ਰਾਫਟ, ਜੋ ਕਿ ਡੀਸੀ-ਕਮ-ਚੇਅਰਮੈਨ ਓ ਐਂਡ ਐਮ ਸੁਸਾਇਟੀ ਜਲੰਧਰ ਦੇ ਪੱਖ ਵਿੱਚ ਹੋਵੇ, ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ (ਨਜਾਰਤ ਸ਼ਾਖਾ) ਕਮਰਾ ਨੰ. 123 ਪਹਿਲੀ ਮੰਜ਼ਿਲ ਡੀ.ਏ.ਸੀ. ਵਿੱਚ ਬੋਲੀ ਦੀ ਮਿਤੀ ਤੋਂ ਇਕ ਦਿਨ ਪਹਿਲਾਂ ਜਮ੍ਹਾ ਕਰਵਾਉਣਾ ਹੋਵੇਗਾ, ਜੋ ਬਾਅਦ ਵਿਚ ਸਫ਼ਲ ਬੋਲੀਕਾਰ ਵੱਲੋਂ ਠੇਕੇ ਦੀ ਅੱਧੀ ਰਕਮ ਜਮ੍ਹਾ ਕਰਵਾਉਣ ਉਪਰੰਤ ਬਾਕੀ ਸਾਰਿਆਂ ਨੂੰ ਵਾਪਸ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਬੋਲੀ ਦੀ ਦਰਖਾਸਤ ਦੇਣ ਵਾਲੇ ਨੂੰ ਉਕਤ ਬੋਲੀ ਵਿੱਚ ਹਾਜ਼ਰ ਹੋ ਕੇ ਬੋਲੀ ਦੇਣਾ ਲਾਜ਼ਮੀ ਹੈ। ਬੋਲੀ ਨਾ ਦੇਣ ਦੀ ਸੂਰਤ ਵਿੱਚ ਸਕਿਓਰਿਟੀ ਦੀ ਰਕਮ ਜ਼ਬਤ ਕਰ ਲਈ ਜਾਵੇਗੀ। ਕੰਟੀਨ ਖੋਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ ਅਤੇ ਜੇਕਰ ਅਧਿਕਾਰੀਆਂ ਵੱਲੋਂ ਕੋਈ ਅਚਨਚੇਤ ਮੀਟਿੰਗ ਸ਼ਨੀਵਾਰ ਜਾਂ ਐਤਵਾਰ ਜਾਂ ਕਿਸੇ ਸਰਕਾਰੀ ਛੁੱਟੀ ਵਾਲੇ ਦਿਨ ਰੱਖੀ ਜਾਂਦੀ ਹੈ ਤਾਂ ਠੇਕੇਦਾਰ ਕੰਟੀਨ ਖੋਲ੍ਹਣ ਲਈ ਪਾਬੰਦ ਹੋਵੇਗਾ। ਅਜਿਹਾ ਕੋਈ ਵਿਅਕਤੀ ਜਿਸ ਵੱਲ ਪਹਿਲਾਂ ਕੋਈ ਬਕਾਇਆ ਹੈ ਜਾਂ ਬਲੈਕ ਲਿਸਟਿਡ ਹੈ, ਨੂੰ ਬੋਲੀ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਨਹੀਂ ਹੋਵੇਗਾ। ਇਸ ਸਬੰਧੀ ਬੋਲੀਕਾਰ ਬੋਲੀ ਸਮੇਂ ਹਲਫੀਆ ਬਿਆਨ ਪੇਸ਼ ਕਰੇਗਾ ਕਿ ਉਹ ਕਿਸੇ ਦਫ਼ਤਰ ਦਾ ਦੇਣਦਾਰ/ਡਿਫਾਲਟਰ ਨਹੀਂ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਫ਼ਲ ਬੋਲੀਕਾਰ ਨੂੰ ਅੰਤਿਮ ਮਨਜ਼ੂਰ ਹੋਈ ਬੋਲੀ ਦਾ 40 ਫੀਸਦੀ ਬੋਲੀ ਦੀ ਕਾਰਵਾਈ ਮੁਕੰਮਲ ਹੋਣ ਉਪਰੰਤ ਉਸੇ ਸਮੇਂ ਜਮ੍ਹਾ ਕਰਵਾਉਣਾ ਹੋਵੇਗਾ। ਠੇਕੇ ਦੀ ਮਿਆਦ 1 ਅਗਸਤ 2024 ਤੋਂ 31 ਮਾਰਚ 2025 ਤੱਕ ਹੋਵੇਗੀ ਅਤੇ 31 ਮਾਰਚ 2025 ਸ਼ਾਮ 5 ਵਜੇ ਤੋਂ ਬਾਅਦ ਠੇਕੇਦਾਰ ਨੂੰ ਆਪਣਾ ਸਾਮਾਨ ਡੀ.ਏ.ਸੀ. ਵਿੱਚ ਰੱਖਣ ਦਾ ਕੋਈ ਅਖਤਿਆਰ ਨਹੀਂ ਹੋਵੇਗਾ।

Leave a Comment

Your email address will not be published. Required fields are marked *

Scroll to Top