Click on the Edit Content button to edit/add the content.

ਰੋਲ ਆਬਜ਼ਰਵਰ-ਕਮ-ਡਵੀਜ਼ਨਲ ਕਮਿਸ਼ਨਰ ਨੇ ਪੋਲਿੰਗ ਸਟੇਸ਼ਨਾਂ ‘ਤੇ ਲੱਗੇ ਵਿਸ਼ੇਸ਼ ਕੈਂਪਾਂ ਦਾ ਲਿਆ ਜਾਇਜ਼ਾ

ਜਲੰਧਰ, 6 ਸਤੰਬਰ : ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ.)- 2026 ਤਹਿਤ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਤਵਾਰ ਨੂੰ ਜਲੰਧਰ ਜ਼ਿਲ੍ਹੇ ਦੇ ਸਮੂਹ 1997 ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਗਏ।



ਇਸ ਦੌਰਾਨ ਭਾਰਤ ਚੋਣ ਕਮਿਸ਼ਨ ਵੱਲੋਂ ਐਸ.ਆਈ.ਆਰ. ਦੇ ਦੂਜੇ ਪੜਾਅ (ਨੋਟਿਸ ਫੇਜ਼/ਦਾਅਵੇ ਅਤੇ ਇਤਰਾਜ਼ਾਂ ਦੇ ਨਿਪਟਾਰੇ) ਦੇ ਕੰਮ ਨੂੰ ਮੁੱਖ ਰੱਖਦਿਆਂ ਜਲੰਧਰ ਜ਼ਿਲ੍ਹੇ ਲਈ ਤਾਇਨਾਤ ਕੀਤੇ ਗਏ ਰੋਲ ਆਬਜ਼ਰਵਰ-ਕਮ-ਡਵੀਜ਼ਨਲ ਕਮਿਸ਼ਨਰ ਜਲੰਧਰ ਸ਼੍ਰੀ ਰਾਮਵੀਰ ਨੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਵਿਸ਼ੇਸ਼ ਕੈਂਪਾਂ ਦਾ ਜਾਇਜ਼ਾ ਲਿਆ।



ਡਵੀਜ਼ਨਲ ਕਮਿਸ਼ਨਰ ਵੱਲੋਂ ਜਲੰਧਰ ਕੇਂਦਰੀ ਹਲਕੇ ਦੇ ਦਫ਼ਤਰ ਸਬ ਡਵੀਜ਼ਨਲ ਇੰਜੀਨੀਅਰ ਪੀ.ਡਬਲਯੂ.ਡੀ. (ਬੀ.ਐਂਡ ਆਰ) ਪੁਰਾਣੀ ਬਾਰਾਂਦਰੀ, ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਜਲੰਧਰ ਉੱਤਰੀ ਦੇ ਸਦਾ ਸੁਖ ਚੋਪੜਾ ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੰਤੋਖਪੁਰਾ, ਹਲਕਾ ਆਦਮਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਕੰਗਣੀਵਾਲ ਵਿਖੇ ਬਣੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਗਿਆ।



ਰੋਲ ਆਬਜ਼ਰਵਰ ਨੇ ਕੈਂਪਾਂ ਦੌਰਾਨ ਜਿਥੇ ਬੂਥ ਲੈਵਲ ਅਫ਼ਸਰਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਉਥੇ ਕੈਂਪਾਂ ਵਿੱਚ ਪਹੁੰਚੇ ਨਾਗਰਿਕਾਂ ਅਤੇ ਵੋਟਰਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਬੀ.ਐਲ.ਓਜ਼ ਨੂੰ ਐਸ.ਆਈ.ਆਰ. ਤਹਿਤ ਦੂਜੇ ਪੜਾਅ ਦੇ ਕੰਮ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ।



ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜ਼ਿਲ੍ਹੇ ਦਾ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਡ੍ਰਾਫ਼ਟ ਵੋਟਰ ਸੂਚੀ ਦੀ ਪ੍ਰਕਾਸ਼ਨਾ 13 ਅਗਸਤ 2026 ਨੂੰ ਕੀਤੀ ਜਾ ਚੁੱਕੀ ਹੈ, ਜਿਸ ਸਬੰਧੀ 12 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ ਦਾਇਰ ਪ੍ਰਾਪਤ ਕੀਤੇ ਜਾਣਗੇ।



ਉਨ੍ਹਾਂ ਦੱਸਿਆ ਕਿ ਨਵੀਂ ਵੋਟ ਬਣਵਾਉਣ ਲਈ ਫਾਰਮ ਨੰ. 6 ਸਮੇਤ ਘੋਸ਼ਣਾ ਪੱਤਰ, ਐਨ.ਆਰ.ਆਈ. ਵੋਟਰਾਂ ਦੀ ਰਜਿਸਟ੍ਰੇਸ਼ਨ ਲਈ 6 ਏ, ਨਾਮ ਕਟਵਾਉਣ ਲਈ ਫਾਰਮ 7 ਅਤੇ ਸੋਧ ਅਤੇ ਇੱਕ ਸਥਾਨ ਤੋਂ ਦੂਜੇ ਸਥਾਨ ’ਤੇ ਤਬਦੀਲੀ ਲਈ ਫਾਰਮ 8 ਭਰਿਆ ਜਾ ਸਕਦਾ ਹੈ। ਨੋਟਿਸ ਪੜਾਅ/ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 8 ਅਕਤੂਬਰ 2026 ਤੱਕ ਕੀਤਾ ਜਾਵੇਗਾ, ਜਿਸ ਤੋਂ ਬਾਅਦ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 12 ਅਕਤੂਬਰ 2026 ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟਰ ਇਹ ਫਾਰਮ ਆਨਲਾਈਨ voters.eci.gov.in ‘ਤੇ ਜਾਂ ECINET Mobile App ’ਤੇ ਵੀ ਭਰ ਸਕਦੇ ਹਨ।



ਰੋਲ ਅਬਜ਼ਰਵਰ ਨੇ ਕਿਹਾ ਕਿ ਐਸ.ਆਈ.ਆਰ. ਦਾ ਮੁੱਖ ਉਦੇਸ਼ ਸ਼ੁੱਧ, ਸਹੀ ਅਤੇ ਤਰੁੱਟੀ-ਰਹਿਤ ਵੋਟਰ ਸੂਚੀਆਂ ਤਿਆਰ ਕਰਨਾ ਹੈ, ਜੋ ਕਿ ਸੁਤੰਤਰ, ਸ਼ਾਂਤੀਪੂਰਨ, ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਲਈ ਬਹੁਤ ਮਹੱਤਪੂਰਣ ਹੈ।

ਇਸ ਮੌਕੇ ਸਬੰਧਤ ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਚੋਣ ਤਹਿਸੀਲਦਾਰ ਡਾ. ਦੀਪਕ ਰਾਜ ਅਤੇ ਹੋਰ ਚੋਣ ਸਟਾਫ਼ ਵੀ ਮੌਜੂਦ ਸੀ।

Table of Contents

Scroll to Top