ਫਿਲੌਰ, 25 ਜੁਲਾਈ – ਪੰਜਾਬ ਦੇ ਮਾਲ, ਮੁੜ ਵਸੇਬਾ ਤੇ ਆਫਤ ਪ੍ਰਬੰਧਨ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਯਾਦ ਵਿੱਚ ਫਿਲੌਰ ਵਿਖੇ ਬਣਾਏ ਸਮਾਰਕ ਵਿੱਚ ਉਨ੍ਹਾਂ ਦੇ ਬੁੱਤ ਦਾ ਉਦਘਾਟਨ ਕੀਤਾ। ਇਹ ਬੁੱਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਫਿਲੌਰ ਵਿਖੇ ਸਥਾਪਤ ਕੀਤਾ ਗਿਆ ਹੈ। ਪੰਡਿਤ ਸ਼ਰਧਾ ਰਾਮ ਫਿਲੌਰੀ ਪ੍ਰਸਿੱਧ ਲੇਖਕ ਅਤੇ ਦੁਨੀਆਂ ਭਰ ਵਿਚ ਮਕਬੂਲ ਆਰਤੀ “ਓਮ ਜੈ ਜਗਦੀਸ਼ ਹਰੇ” ਦੇ ਰਚੇਤਾ ਸਨ। ਉਨ੍ਹਾਂ ਦਾ ਜਨਮ ਫਿਲੌਰ ’ਚ 30 ਸਤੰਬਰ 1837 ਨੂੰ ਹੋਇਆ ਸੀ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਦੀ ਇਸ ਮਹਾਂ ਵਿਦਵਾਨ ਸਖਸ਼ੀਅਤ ਪੰਡਿਤ ਸ਼ਰਧਾ ਰਾਮ ਫਿਲੌਰੀ ਨੇ ਪੰਜਾਬੀ, ਹਿੰਦੀ ਅਤੇ ਉਰਦੂ ਜ਼ੁਬਾਨਾਂ ਵਿੱਚ ਸਾਹਿਤਕ ਰਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ “ਓਮ ਜੈ ਜਗਦੀਸ਼ ਹਰੇ” ਆਰਤੀ ਦਾ ਸਨਾਤਨ ਧਰਮ ਵਿਚ ਖਾਸ ਸਥਾਨ ਹੈ ਅਤੇ ਇਸ ਆਰਤੀ ਦੇ ਰਚੇਤਾ ਨੂੰ ਯਾਦ ਰੱਖਣਾ ਅਤੇ ਨਵੀਂ ਪੀੜ੍ਹੀ ਨੂੰ ਇਸ ਬਾਬਤ ਜਾਣੂੰ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਮਹਾਨ ਸਖਸ਼ੀਅਤ ਦੀ ਯਾਦਗਾਰ ਸਕੂਲ ਵਿਚ ਬਣਾਉਣਾ ਚੰਗੀ ਪ੍ਰਥਾ ਹੈ ਕਿਉਂ ਕਿ ਇਸ ਨਾਲ ਵਿਿਦਆਰਥੀ ਰੋਜ਼ ਇਸ ਮਹਾਨ ਸਖਸ਼ੀਅਤ ਦੇ ਦਰਸ਼ਨ ਕਰਕੇ ਪ੍ਰੇਰਣਾ ਲੈ ਸਕਣਗੇ। ਉਨ੍ਹਾਂ ਨਵੇਂ ਲੱਗੇ ਬੁੱਤ ਦਾ ਉਦਘਾਟਨ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਸਕੂਲ ਵਿਚ ਇਕ ਬੂਟਾ ਵੀ ਲਗਾਇਆ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ ਕਿ ਪੰਜਾਬ ਦਾ ਨਾਂ ਦੁਨੀਆਂ ਵਿਚ ਮਕਬੂਲ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਢੁਕਵੇਂ ਰੂਪ ਵਿਚ ਯਾਦ ਕੀਤਾ ਜਾਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਵਿਚ ਪੰਜਾਬ ਦਾ ਨਾਂ ਚਮਕਾਉਣ ਵਾਲੀਆਂ ਸਖਸ਼ੀਅਤਾਂ ‘ਤੇ ਪੰਜਾਬ ਵਾਸੀਆਂ ਨੂੰ ਮਾਣ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਯਾਦਗਾਰਾਂ ਸਥਾਪਤ ਕਰਨ ਨੂੰ ਵਿਸ਼ੇਸ਼ ਤਵੱਜੋਂ ਦੇਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਉਨ੍ਹਾਂ ਤੋਂ ਸੇਧ ਅਤੇ ਪ੍ਰੇਰਣਾ ਲੈ ਸਕੇ।
ਕਾਬਿਲੇਗੌਰ ਹੈ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਵੱਲੋਂ ਪੰਜਾਬੀ ‘ਚ ਲਿਖੀ ਪੁਸਤਕ ‘ਪੰਜਾਬੀ ਬਾਤਚੀਤ’ ਅਤੇ ਹਿੰਦੀ ਨਾਵਲ ‘ਭਾਗਯਵਤੀ’ ਸਾਹਿਤਕ ਸਫਾਂ ਵਿਚ ਵਿਸ਼ੇਸ਼ ਥਾਂ ਰੱਖਦੇ ਹਨ। ਇਸ ਤੋਂ ਇਲਾਵਾ ਆਰਤੀ ‘ਓਮ ਜੈ ਜਗਦੀਸ਼ ਹਰੇ’ ਦੁਨੀਆਂ ਭਰ ਦੇ ਹਿੰਦੂ ਮੰਦਿਰਾਂ ‘ਚ ਗਾਈ ਜਾਂਦੀ ਹੈ।
———–

















































