Click on the Edit Content button to edit/add the content.

ਕੈਬਨਿਟ ਮੰਤਰੀ, ਮੇਅਰ ਤੇ ਡਿਪਟੀ ਕਮਿਸ਼ਨਰ ਵਲੋਂ ਜਲੰਧਰ ’ਚ ‘ਕਲੀਨ ਪੰਜਾਬ’ ਸਫ਼ਾਈ ਮੁਹਿੰਮ ਦੀ ਸ਼ੁਰੂਆਤ

ਜਲੰਧਰ, 29 ਅਗਸਤ : ਪੰਜਾਬ ਭਰ ਵਿੱਚ ਕੂੜੇ ਦੇ ਢੇਰਾਂ ਵਾਲੀਆਂ ਥਾਵਾਂ (ਜੀ.ਵੀ.ਪੀ.) ਖ਼ਤਮ ਕਰਨ ਲਈ ਸ਼ੁਰੂ ਕੀਤੇ 10 ਦਿਨਾਂ ਸੂਬਾ ਪੱਧਰੀ ਸਫਾਈ ਅਭਿਆਨ ਤਹਿਤ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ, ਮੇਅਰ ਵਿਨੀਤ ਧੀਰ ਅਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ ਅੱਜ ਇੱਥੇ ਭਗਵਾਨ ਮਹਾਵੀਰ ਮਾਰਗ ਵਿਖੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।

ਕੈਬਨਿਟ ਮੰਤਰੀ ਮੋਹਿੰਦਰ ਭਗਤ, ਮੇਅਰ ਵਨੀਤ ਧੀਰ ਅਤੇ ਸੀਨੀਅਰ ‘ਆਪ’ ਆਗੂ ਨਿਤਿਨ ਕੋਹਲੀ ਨੇ ਸਫ਼ਾਈ ਕਰਮੀਆਂ ਦੇ ਨਾਲ ਖੁਦ ਸੜਕ ‘ਤੇ ਝਾੜੂ ਲਗਾਇਆ ਤਾਂ ਜੋ ਪੰਜਾਬ ਸਰਕਾਰ ਦੇ ‘ਕਲੀਨ ਪੰਜਾਬ’ ਦੇ ਸੰਦੇਸ਼ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਹ ਮੁਹਿੰਮ 29 ਅਗਸਤ ਤੋਂ 8 ਸਤੰਬਰ ਤੱਕ ਚਲਾਈ ਜਾਵੇਗੀ, ਜਿਸ ਦਾ ਮਕਸਦ ਖੁੱਲ੍ਹੇ ਵਿੱਚ ਕੂੜਾ ਸੁੱਟਣ ਵਾਲੀਆਂ ਥਾਵਾਂ ਨੂੰ ਹਟਾਉਣਾ ਅਤੇ ਉਨ੍ਹਾਂ ਨੂੰ ਦੁਬਾਰਾ ਬਣਨ ਤੋਂ ਰੋਕਣਾ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਪਹਿਲਕਦਮੀ ਮੁੱਖ ਮੰਤਰੀ, ਪੰਜਾਬ ਸ੍ਰ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਵਿਆਪਕ ਪੱਧਰ ’ਤੇ ਚਲਾਈ ਜਾ ਰਹੀ ਸਫ਼ਾਈ ਮੁਹਿੰਮ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀਆਂ, ਵਿਧਾਇਕਾਂ, ਡਿਪਟੀ ਕਮਿਸ਼ਨਰਾਂ, ਨਗਰ ਨਿਗਮ ਕਮਿਸ਼ਨਰਾਂ ਅਤੇ ਹੋਰਨਾਂ ਅਧਿਕਾਰੀਆਂ ਨੂੰ ਆਖਿਆ ਗਿਆ ਹੈ ਕਿ ਫੀਲਡ ਗਤੀਵਿਧੀਆਂ ਵਿੱਚ ਹਿੱਸਾ ਲਿਆ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਫ਼-ਸਫ਼ਾਈ ਲਈ ਕੀਤੇ ਜਾ ਰਹੇ ਯਤਨ ਹੇਠਲੇ ਪੱਧਰ ਤੱਕ ਸੁਧਾਰਾਂ ਵਿੱਚ ਤਬਦੀਲ ਹੋ ਸਕਣ।

ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਸਫ਼ਾਈ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਜ਼ਿੰਮੇਵਾਰੀ ਨਾਲ ਕੂੜੇ ਦਾ ਨਿਪਟਾਰਾ ਕਰਨ, ਸਾਫ਼-ਸਫ਼ਾਈ ਵਿੱਚ ਨਗਰ ਨਿਗਮ ਤੇ ਹੋਰ ਅਧਿਕਾਰੀਆਂ ਨੂੰ ਸਹਿਯੋਗ ਦੇਣ ਅਤੇ ਜੋ ਥਾਵਾਂ ਸਾਫ਼ ਹੋ ਚੁੱਕੀਆਂ ਹਨ, ਉਨ੍ਹਾਂ ਥਾਵਾਂ ’ਤੇ ਮੁੜ ਕੂੜਾ ਸੁੱਟਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।

ਮੇਅਰ ਵਨੀਤ ਧੀਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਕੂੜੇ ਦੇ ਢੇਰ ਵਾਲੀਆਂ ਥਾਵਾਂ ਦੀ ਪਹਿਚਾਣ ਅਤੇ ਸਫਾਈ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਉਨ੍ਹਾਂ ਅਜਿਹੀਆਂ ਥਾਵਾਂ ਨੂੰ ਮੁੜ ਬਣਨ ਤੋਂ ਰੋਕਣ ਲਈ ਲੋਕਾਂ ਦੇ ਲਗਾਤਾਰ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਪੰਜਾਬ ਸਰਕਾਰ ਦੀ ਐਮ-ਸੇਵਾ ਐਪ ਉਤੇ ਆਪਣੇ ਇਲਾਕੇ ਦੀਆਂ ਕੂੜੇ ਦੇ ਢੇਰ ਵਾਲੀਆਂ ਥਾਵਾਂ ਦੀਆਂ ਫੋਟੋ ਅਪਲੋਡ ਕਰਕੇ ਮੁਹਿੰਮ ਵਿੱਚ ਯੋਗਦਾਨ ਦੇ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ‘ਕਲੀਨ ਪੰਜਾਬ’ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਰਕਾਰੀ ਵਿਭਾਗਾਂ, ਨਗਰ ਨਿਗਮ ਅਤੇ ਸ਼ਹਿਰ ਵਾਸੀਆਂ ਦੇ ਆਪਸੀ ਤਾਲਮੇਲ ਵਾਲੀਆਂ ਕੋਸ਼ਿਸ਼ਾਂ ਦਾ ਸੱਦਾ ਦਿੱਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰ ਵਿੱਚ ਹੀ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰ ਲਿਆ ਜਾਵੇ ਤਾਂ ਜੋ ਇਸ ਦਾ ਹੋਰ ਅਸਰਦਾਰ ਢੰਗ ਨਾਲ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਆਸ-ਪਾਸ ਦੀਆਂ ਸਫ਼ਾਈ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਇਸ ਨੂੰ ਇਕ ਵਾਰ ਦੀ ਸਫ਼ਾਈ ਮੁਹਿੰਮ ਬਣਾਉਣ ਦੀ ਬਜਾਏ ਨਿਰੰਤਰ ਜਨਤਕ ਲਹਿਰ ਬਣਾਉਣ ਵਿੱਚ ਸਹਿਯੋਗ ਕਰਨ।

ਇਸ ਤੋਂ ਇਲਾਵਾ ਸੀਨੀਅਰ ‘ਆਪ’ ਆਗੂ ਨਿਤਿਨ ਕੋਹਲੀ ਵਲੋਂ ਵੀ ਜ਼ਿਲ੍ਹੇ ਵਿੱਚ ਇਸ ਸਫ਼ਾਈ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਾਂਝੀ ਭਾਗੀਦਾਰੀ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇੱਧਰ-ਉੱਧਰ ਕੂੜਾ ਨਾ ਸੁੱਟ ਕੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ।

Table of Contents

Scroll to Top