ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ 30 ਲੱਖ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ

ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਸ੍ਰੀ ਗੁਰੂ ਰਵਿਦਾਸ ਚੌਕ ਦੇ ਨਵੀਨੀਕਰਨ ਤੇ ਮਾਡਲ ਹਾਊਸ ’ਚ ਸੜਕਾਂ ਦੇ ਕੰਮ ਦੀ ਕਰਵਾਈ ਸ਼ੁਰੂਆਤ

ਜਲੰਧਰ, 3 ਜਨਵਰੀ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਸ਼ਨੀਵਾਰ ਨੂੰ ਸ਼ਹਿਰ ਵਿੱਚ 30 ਲੱਖ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ, ਜੋ ਕਿ ਪੰਜਾਬ ਸਰਕਾਰ ਦੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਬਿਹਤਰ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਮੇਅਰ ਵਿਨੀਤ ਧੀਰ, ਸੀਨੀਅਰ ‘ਆਪ’ ਆਗੂ ਨਿਤਿਨ ਕੋਹਲੀ, ਰਾਜਵਿੰਦਰ ਕੌਰ ਥਿਆੜਾ ਸਮੇਤ ਕੈਬਨਿਟ ਮੰਤਰੀ ਨੇ ਕਿਹਾ ਕਿ 21 ਲੱਖ ਰੁਪਏ ਦੀ ਲਾਗਤ ਵਾਲੇ ਨਵੀਨੀਕਰਨ ਪ੍ਰਾਜੈਕਟ ਤਹਿਤ ਸ਼੍ਰੀ ਗੁਰੂ ਰਵਿਦਾਸ ਚੌਕ ਦੀ ਨੁਹਾਰ ਬਦਲ ਕੇ ਇਸਨੂੰ ਖਿੱਚ ਦਾ ਕੇਂਦਰ ਬਣਾਇਆ ਜਾਵੇਗਾ। ਚੌਕ ਦੀ ਧਾਰਮਿਕ ਅਤੇ ਅਧਿਆਤਮਿਕ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਚੌਕ ਲੱਖਾਂ ਸ਼ਰਧਾਲੂਆਂ ਲਈ ਸ਼ਰਧਾ ਦਾ ਕੇਂਦਰ ਹੈ, ਜੋ ਸਤਿਗੁਰੂ ਰਵਿਦਾਸ ਜੀ ਨੂੰ ਨਤਮਸਤਕ ਹੋਣ ਲਈ ਆਉਂਦੇ ਹਨ, ਖਾਸ ਕਰਕੇ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ । ਉਨ੍ਹਾਂ ਕਿਹਾ ਕਿ ਵਿਆਪਕ ਨਵੀਨੀਕਰਨ ਵਿੱਚ ਖੇਤਰ ਦਾ ਸੁੰਦਰੀਕਰਨ ਅਤੇ ਰੀ-ਡਿਜ਼ਾਈਨ ਸ਼ਾਮਲ ਹੋਵੇਗਾ, ਜਿਸ ਨਾਲ ਸ਼ਹਿਰ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ।
ਸ੍ਰੀ ਭਗਤ ਨੇ ਕਿਹਾ ਕਿ ਹਰ ਸਾਲ ਹਜ਼ਾਰਾਂ ਸ਼ਰਧਾਲੂ ਇਸ ਸਥਾਨ ‘ਤੇ ਆਉਂਦੇ ਹਨ ਅਤੇ ਨਵੀਨੀਕਰਨ ਪ੍ਰਾਜੈਕਟ ਸ਼ਰਧਾਲੂਆਂ ਦੇ ਅਨੁਭਵ ਨੂੰ ਕਾਫ਼ੀ ਬਿਹਤਰ ਬਣਾਏਗਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਸ ਕੰਮ ਨੂੰ ਨਿਰਧਾਰਤ ਸਮੇਂ ਦੇ ਅੰਦਰ ਅਤੇ ਨਿਰਧਾਰਤ ਗੁਣਵੱਤਾ ਮਾਪਦੰਡਾਂ ਅਨੁਸਾਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਗੁਣਵੱਤਾ ਨਾਲ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਮਾਡਲ ਹਾਊਸ ਖੇਤਰ ਵਿੱਚ ਇੱਕ ਹੋਰ ਵਿਕਾਸ ਪਹਿਲਕਦਮੀ ਦਾ ਨੀਂਹ ਪੱਥਰ ਵੀ ਰੱਖਿਆ, ਜਿੱਥੇ 9 ਲੱਖ ਰੁਪਏ ਦੀ ਲਾਗਤ ਨਾਲ ਦੋ ਸੜਕਾਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੜਕੀ ਪ੍ਰਾਜੈਕਟ ਨਾਲ ਸਥਾਨਕ ਨਿਵਾਸੀਆਂ ਦੀ ਪ੍ਰਮੁੱਖ ਮੰਗ ਪੂਰੀ ਹੋਵੇਗੀ ਅਤੇ ਖੇਤਰ ਵਿੱਚ ਸੰਪਰਕ ਬਿਹਤਰ ਬਣੇਗਾ।
ਸੂਬਾ ਸਰਕਾਰ ਵੱਲੋਂ ਜ਼ਮੀਨੀ ਪੱਧਰ ‘ਤੇ ਵਿਕਾਸ ਨੂੰ ਦਿੱਤੀ ਜਾ ਰਹੀ ਤਵਜੋਂ ਬਾਰੇ ਗੱਲ ਕਰਦਿਆਂ ਸ਼੍ਰੀ ਭਗਤ ਨੇ ਕਿਹਾ ਕਿ ਅਜਿਹੇ ਪ੍ਰਾਜੈਕਟ ਸੂਬੇ ਭਰ ਵਿੱਚ ਸਮਾਵੇਸ਼ੀ ਅਤੇ ਟਿਕਾਊ ਸ਼ਹਿਰੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੇ ਸੰਕਲਪ ਨੂੰ ਦਰਸਾਉਂਦੇ ਹਨ।

Leave a Comment

Your email address will not be published. Required fields are marked *

Scroll to Top