ਜਲੰਧਰ, 10 ਸਤੰਬਰ: ਵਿਦਿਆਰਥੀਆਂ ਨੂੰ ਕਰੀਅਰ ਸਬੰਧੀ ਮਾਰਗ ਦਰਸ਼ਨ ਪ੍ਰਦਾਨ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਮਾਡਲ ਕੈਰੀਅਰ ਸੈਂਟਰ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਖੁਰਦਪੁਰ ਵਿਖੇ ਕਰੀਅਰ ਕਾਊਂਸਲਿੰਗ ਸੈਸ਼ਨ ਕਰਵਾਇਆ ਗਿਆ।
ਸੈਸ਼ਨ ਦੌਰਾਨ ਕੈਰੀਅਰ ਕਾਊਂਸਲਰ ਭਾਰਤੀ ਸ਼ਰਮਾ ਵੱਲੋਂ ਵਿਦਿਆਰਥਣਾਂ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ, ਕਰੀਅਰ ਕਾਊਂਸਲਿੰਗ ਆਦਿ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ।
ਮਾਡਲ ਕੈਰੀਅਰ ਸੈਂਟਰ ਵੱਲੋਂ ਸ਼ਾਹ ਫੈਜ਼ਲ ਨੇ ਵਿਦਿਆਰਥਣਾਂ ਨੂੰ ਉਚੇਰੀ ਸਿੱਖਿਆ ਦੇ ਸਾਰੇ ਵਿਕਲਪਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਵਿਦਿਆਰਥਣਾਂ ਨੂੰ ਸਾਫ਼ਟ ਸਕਿੱਲ, ਸਵੈ-ਰੋਜ਼ਗਾਰ, ਹੁਨਰ ਵਿਕਾਸ ਸਿਖ਼ਲਾਈ, ਵੱਖ-ਵਾਖ ਤਕਨੀਕੀ ਕੋਰਸਾਂ ਆਦਿ ਬਾਰੇ ਜਾਣਕਾਰੀ ਦਿੱਤੀ ਗਈ।
ਵਿਦਿਆਰਥਣਾਂ ਵੱਲੋਂ ਸੈਮੀਨਾਰ ਵਿੱਚ ਉਤਸ਼ਾਹ ਪੂਰਵਕ ਭਾਗ ਲੈਂਦਿਆਂ ਮਾਹਿਰਾਂ ਪਾਸੋਂ ਵੱਖ-ਵੱਖ ਖੇਤਰਾਂ ਵਿੱਚ ਕਰੀਅਰ ਸਬੰਧੀ ਸਵਾਲ ਵੀ ਪੁੱਛੇ ਗਏ, ਜਿਨ੍ਹਾਂ ਦੇ ਉਨ੍ਹਾਂ ਵੱਲੋਂ ਤਸੱਲੀਖਸ਼ ਜਵਾਬ ਦਿੱਤੇ ਗਏ।

















































