ਮਾਨ ਝੂਠਾਂ ਦਾ ਜਾਲ ਬੁਣ ਰਹੇ ਹਨ, ਪਰ ਹਰ ਵਾਰ ਬੇਨਕਾਬ ਹੋ ਰਹੇ ਹਨ: ਵੜਿੰਗ

ਚੰਡੀਗੜ੍ਹ, 25 ਜੂਨ: ਕਾਂਗਰਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਵਾਦਤ ਵੀਡੀਓ ਬਾਰੇ ਦਿੱਤੀ ਗਈ “ਮਾਸਕ” ਵਾਲੀ ਸਫਾਈ ਨੂੰ ਰੱਦ ਕਰਦਿਆਂ, ਇਸਨੂੰ ਬਾਅਦ ਵਿੱਚ ਘੜਿਆ ਗਿਆ ਕਮਜ਼ੋਰ ਬਹਾਨਾ ਕਰਾਰ ਦਿੱਤਾ ਹੈ, ਜਿਸਦਾ ਮਕਸਦ ਖੁਦ ਨੂੰ ਬਚਾਉਣ ਦੀ ਇਕ ਹੋਰ ਨਾਕਾਮ ਕੋਸ਼ਿਸ਼ ਹੈ।

ਪਾਰਟੀ ਨੇ ਆਪਣੀ ਮੰਗ ਨੂੰ ਮੁੜ ਤੋਂ ਦੁਹਰਾਇਆ ਹੈ ਕਿ ਮੁੱਖ ਮੰਤਰੀ ਤੁਰੰਤ ਅਸਤੀਫਾ ਦੇਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ। ਵੜਿੰਗ ਨੇ ਕਿਹਾ ਕਿ ਮਾਨ ਦੋਸ਼ੀ ਵੀ ਹਨ ਅਤੇ ਬਾਗ਼ੀ ਵੀ। ਇਹ ਜਿੰਨਾ ਵੱਧ ਅੜੀਅਲ ਰਵੱਈਆ ਅਪਣਾਉਂਦੇ ਹਨ, ਇਨ੍ਹਾਂ ਦੀ ਦੋਸ਼ੀ ਹੋਣ ਦੀ ਗੱਲ ਉਨੀ ਹੀ ਵੱਧ ਸਾਬਤ ਹੁੰਦੀ ਹੈ ਅਤੇ ਲੋਕਾਂ ਨੂੰ ਯਕੀਨ ਹੋ ਰਿਹਾ ਹੈ ਕਿ ਇਹ ਬਹੁਤ ਕੁਝ ਲੁਕਾ ਰਹੇ ਹਨ।

ਇਸ ਲੜੀ ਹੇਠ, ਮੁੱਖ ਮੰਤਰੀ ਵੱਲੋਂ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਕੀਤੇ ਗਏ ਦਾਅਵਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਆਲੇ-ਦੁਆਲੇ ਲਗਾਤਾਰ ਝੂਠਾਂ ਦਾ ਇੱਕ ਜਾਲ ਬੁਣ ਰਹੇ ਹਨ, ਜਿਸ ਵਿੱਚੋਂ ਇਨ੍ਹਾਂ ਲਈ ਬਾਹਰ ਨਿਕਲਣਾ ਅਸੰਭਵ ਹੋ ਜਾਵੇਗਾ।

ਵੜਿੰਗ ਨੇ ਮਾਨ ਦੀ ਇਸ ਸਫਾਈ ਦਾ ਮਜਾਕ ਉਡਾਇਆ ਹੈ ਕਿ ਕੋਈ ਵਿਅਕਤੀ ਇਨ੍ਹਾਂ ਵਰਗਾ ਦਿਖਣ ਲਈ ਮਾਸਕ ਪਾ ਕੇ ਘੁੰਮ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਰਾਸਰ ਝੂਠ ਹੈ। ਪਹਿਲਾਂ ਮਾਨ ਨੇ ਕਿਹਾ ਸੀ ਕਿ ਵੀਡੀਓ ਏਆਈ। ਰਾਹੀਂ ਬਣਾਈ ਗਈ ਹੈ, ਫਿਰ ਕਿਹਾ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਇਹ ਨਹੀਂ ਹਨ ਅਤੇ ਹੁਣ ਇਹ ਇੱਕ ਹੋਰ ਕਲਪਨਾਤਮਕ ਥਿਊਰੀ ਲੈ ਕੇ ਆਏ ਹਨ ਕਿ ਉਸ ਵਿਅਕਤੀ ਨੇ ਇਨ੍ਹਾਂ ਦੇ ਚਿਹਰੇ ਵਰਗਾ ਮਾਸਕ ਪਾਇਆ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ, ਜੇ ਮਾਨ ਕੱਲ੍ਹ ਨੂੰ ਕੋਈ ਹੋਰ ਕਮਜ਼ੋਰ ਬਹਾਨਾ ਲੈ ਕੇ ਆ ਜਾਣ। ਉਨ੍ਹਾਂ ਨੇ ਕਿਹਾ ਕਿ ਮਾਨ ਦੇ ਸਲਾਹਕਾਰ ਅੱਜ ਵਰਗੀਆਂ ਹਾਸੋਹੀਣ ਅਤੇ ਬੇਤੁਕੀਆਂ ਸਫਾਈਆਂ ਦੇ ਕੇ ਇਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਝੂਠਾਂ ਦੀ ਇੱਕ ਲੜੀ ਹੈ, ਜੋ ਹਰ ਨਵੇਂ ਝੂਠ ਨਾਲ ਮਾਨ ਨੂੰ ਹੋਰ ਬੇਨਕਾਬ ਕਰ ਰਹੀ ਹੈ। ਉਨ੍ਹਾਂ ਨੇ ਹੈਰਾਨੀ ਜਤਾਈ ਕਿ ਇੰਨੇ ਉੱਚੇ ਅਹੁਦੇ ’ਤੇ ਬੈਠਾ ਵਿਅਕਤੀ ਅਜਿਹੀਆਂ ਗੱਲਾਂ ਦੇ ਝਾਂਸੇ ਵਿੱਚ ਕਿਵੇਂ ਆ ਸਕਦਾ ਹੈ, ਜਿਹੜੀਆਂ ਉਸਨੂੰ ਬੇਕਸੂਰ ਸਾਬਤ ਕਰਨ ਦੀ ਬਜਾਏ ਹੋਰ ਵੱਧ ਝੂਠਾਂ ਦੇ ਜਾਲ ਵਿੱਚ ਫਸਾ ਰਹੀਆਂ ਹਨ।

ਵੜਿੰਗ ਨੇ ਮਾਨ ਦੇ ਇਸ ਦਾਅਵੇ ’ਤੇ ਤੰਜ ਕੱਸਦਿਆਂ ਕਿ ਪੰਜਾਬ ਦੇ ਲੋਕ ਉਨ੍ਹਾਂ ਦੇ ਨਾਲ ਹਨ, ਕਿਹਾ ਕਿ ਲੋਕਾਂ ਨੂੰ ਛੱਡੋ, ਹੁਣ ਤਾਂ ਆਮ ਆਦਮੀ ਪਾਰਟੀ ਅਤੇ ਇਨ੍ਹਾਂ ਦੀ ਆਪਣੀ ਸਰਕਾਰ ਵੀ ਇਨ੍ਹਾਂ ਤੋਂ ਕਿਨਾਰਾ ਕਰਨ ਲੱਗ ਪਈ ਹੈ।

ਉਨ੍ਹਾਂ ਕਿਹਾ ਕਿ ਹਾਲਤ ਇਹ ਹੈ ਕਿ ਹੁਣ ਮਾਨ ਨੂੰ ਆਪਣਾ ਬਚਾਅ ਖੁਦ ਕਰਨਾ ਪੈ ਰਿਹਾ ਹੈ, ਕਿਉਂਕਿ ਨਾ ਤਾਂ ਇਨ੍ਹਾਂ ਦੀ ਪਾਰਟੀ ਅਤੇ ਨਾ ਹੀ ਸਰਕਾਰ ਵਿੱਚ ਕੋਈ ਹੋਰ ਇਨ੍ਹਾਂ ਦੇ ਝੂਠਾਂ ਦਾ ਬਚਾਅ ਕਰਨ ਲਈ ਤਿਆਰ ਹੈ। ਇਸ ਦੌਰਾਨ, ਉਨ੍ਹਾਂ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਹੋਈ ਉਸ ਨਮੋਸ਼ੀ ਦਾ ਵੀ ਜ਼ਿਕਰ ਕੀਤਾ, ਜਦੋਂ ਉਨ੍ਹਾਂ ਵੱਲੋਂ ਪੇਸ਼ ਕੀਤੀ ਗਈ ਫੋਰੈਂਸਿਕ ਰਿਪੋਰਟ ਬਾਅਦ ਵਿੱਚ ਜਾਅਲੀ ਨਿਕਲੀ ਸੀ।

Leave a Comment

Your email address will not be published. Required fields are marked *

Scroll to Top