ਚੰਡੀਗੜ੍ਹ, 21 ਦਸੰਬਰ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸੈਂਕੜੇ ਕਾਂਗਰਸੀ ਵਰਕਰਾਂ ਨੇ ਅੱਜ ਖਰੜ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) ਨੂੰ ਖਤਮ ਕਰਨ ਨੂੰ ਲੈ ਕੇ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਇਹ ਵਿਰੋਧ ਪ੍ਰਦਰਸ਼ਨ ਪੰਜਾਬ ਕਾਂਗਰਸ ਵਲੋਂ ਕੇਂਦਰ ਦੇ ਉਸ ਫੈਸਲੇ ਵਿਰੁੱਧ ਸ਼ੁਰੂ ਕੀਤੀ ਗਈ ਇੱਕ ਸੂਬਾ ਪੱਧਰੀ ਮੁਹਿੰਮ ਹੈ, ਜਿਹੜੀ ਦਲਿਤਾਂ, ਪਿਛੜਿਆਂ ਅਤੇ ਸਮਾਜ ਦੇ ਹੋਰ ਹਾਸ਼ੀਏ ‘ਤੇ ਧੱਕੇ ਗਏ ਵਰਗਾਂ ਨੂੰ ਹਰ ਸਾਲ 100 ਦਿਨਾਂ ਦੀ ਗਰੰਟੀਸ਼ੁਦਾ ਕੰਮ ਤੋਂ ਵਾਂਝਾ ਕਰਨ ਖਿਲਾਫ਼ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਭਾਜਪਾ ਸਰਕਾਰ ਦੇ ਫੈਸਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਨਾ ਸਿਰਫ਼ ਤਾਨਾਸ਼ਾਹੀ ਹੈ, ਸਗੋਂ ਇਸਦਾ ਉਦੇਸ਼ ਦਲਿਤਾਂ, ਪਿਛੜਿਆਂ ਅਤੇ ਸਮਾਜ ਦੇ ਹੋਰ ਦੱਬੇ-ਕੁਚਲੇ ਵਰਗਾਂ ਨੂੰ ਨਿਸ਼ਾਨਾ ਬਣਾਉਣਾ ਹੈ, ਜਿਹੜੇ ਆਮ ਤੌਰ ‘ਤੇ ਭਾਜਪਾ ਨੂੰ ਵੋਟ ਨਹੀਂ ਦਿੰਦੇ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਕਿਹਾ ਕਿ ਜੇਕਰ ਉਹ ਸੱਚਮੁੱਚ ਸਮਾਜ ਦੇ ਹਾਸ਼ੀਏ ‘ਤੇ ਧੱਕੇ ਵਰਗਾਂ ਦੀ ਮਦਦ ਕਰਨਾ ਚਾਹੁੰਦੀ ਹੈ, ਤਾਂ ਉਹ ਸੂਬੇ ਵਿੱਚ ਇੱਕ ਵਿਕਲਪਿਕ ਯੋਜਨਾ ਲੈ ਕੇ ਆਵੇ।
ਵੜਿੰਗ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਮਗਰਮੱਛ ਦੇ ਹੰਝੂ ਵਹਾਉਣ ਦੀ ਬਜਾਏ, ਉਸਨੂੰ ਆਪਣੀ ਯੋਜਨਾ ਲੈ ਕੇ ਆਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ‘ਆਪ’ ਸਰਕਾਰ ਦੇ ਇਰਾਦੇ ਇਮਾਨਦਾਰ ਹੁੰਦੇ, ਤਾਂ ਇਹ ਆਪਣੇ ਪ੍ਰਬੰਧ ਖੁਦ ਕਰਦੀ, ਨਾ ਕਿ ਝੂਠੇ ਪ੍ਰਚਾਰ ਲਈ ਦਿਖਾਵੇਬਾਜ਼ੀ ਦਾ ਸਹਾਰਾ ਲੈਂਦੀ।
ਵੜਿੰਗ ਨੇ ਕਿਹਾ ਕਿ ਜਿੱਥੇ ਭਾਜਪਾ ਦੇ ਦਲਿਤ ਅਤੇ ਪਿਛੜਿਆਂ ਵਿਰੋਧੀ ਸਟੈਂਡ ਤੋਂ ਹਰ ਕੋਈ ਜਾਣੂ ਹੈ। ਉੱਥੇ ਹੀ, ‘ਆਪ’ ਵੀ ਕਿਸੇ ਤੋਂ ਘੱਟ ਨਹੀਂ ਹੈ, ਕਿਉਂਕਿ ਇਹ ਆਪਣੀ ਏ-ਟੀਮ ਦੇ ਨਕਸ਼ੇ ਕਦਮਾਂ ‘ਤੇ ਚੱਲਦੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪਹਿਲਾਂ ਹੀ ਮਨਰੇਗਾ ਨੂੰ ਲਾਗੂ ਕਰਨ ਵਿੱਚ ਅਸਫਲ ਰਹੀ ਹੈ, ਜਿੱਥੇ ਇਸਨੂੰ ਕੇਂਦਰ ਵੱਲੋਂ 90 ਪ੍ਰਤੀਸ਼ਤ ਗ੍ਰਾਂਟਾਂ ਦੇ ਮੁਕਾਬਲੇ ਸਿਰਫ 10 ਪ੍ਰਤੀਸ਼ਤ ਗ੍ਰਾਂਟਾਂ ਦਾ ਯੋਗਦਾਨ ਪਾਉਣਾ ਪਿਆ ਸੀ।
ਉਨ੍ਹਾਂ ਕਿਹਾ ਕਿ ਹੁਣ ਕੇਂਦਰ ਵੱਲੋਂ ਸੂਬੇ ਦਾ ਹਿੱਸਾ 10 ਪ੍ਰਤੀਸ਼ਤ ਤੋਂ ਵਧਾ ਕੇ 40 ਪ੍ਰਤੀਸ਼ਤ ਕਰਨ ਨਾਲ, ਇਹ ਪੰਜਾਬ ਵਿੱਚ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। “ਜਦੋਂ ‘ਆਪ’ ਸਰਕਾਰ, ਖੁਦ ਉਸ ਵੱਲੋਂ ਪੈਦਾ ਕੀਤੇ ਵਿੱਤੀ ਸੰਕਟ ਕਾਰਨ, 10 ਪ੍ਰਤੀਸ਼ਤ ਹਿੱਸਾ ਨਹੀਂ ਦੇ ਸਕੀ, ਤਾਂ ਅਸੀਂ ਇਸ ਯੋਜਨਾ ਵਿੱਚ 40 ਪ੍ਰਤੀਸ਼ਤ ਹਿੱਸਾ ਦੇਣ ਦੀ ਉਮੀਦ ਕਿਵੇਂ ਕਰ ਸਕਦੇ ਹਾਂ?
ਸੂਬਾ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ‘ਆਪ’ ਸਰਕਾਰ ਦੀਆਂ ਪੂਰੀ ਤਰ੍ਹਾਂ ਨਾਕਾਮੀਆਂ ਦੇ ਬਾਵਜੂਦ, ਕਾਂਗਰਸ ਮਨਰੇਗਾ ਨੂੰ ਖਤਮ ਕਰਨ ਦੇ ਵਿਰੋਧ ਵਿੱਚ ਸਰਕਾਰ ਦੇ ਨਾਲ ਖੜ੍ਹੀ ਹੈ। ਉਨ੍ਹਾਂ ਮੰਗ ਕੀਤੀ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਮਨਰੇਗਾ ਦੇ ਕਤਲ ‘ਤੇ ਸਿਰਫ਼ ਮਗਰਮੱਛ ਦੇ ਹੰਝੂ ਵਹਾਏ ਦੀ ਬਜਾਏ ਵਿਕਲਪਾਂ ਨਾਲ ਸਾਹਮਣੇ ਆਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਵਿਜੇ ਸ਼ਰਮਾ ਟਿੰਕੂ, ਰੂਬੀ ਸਿੱਧੂ, ਉਦੇਵੀਰ ਢਿੱਲੋਂ, ਸਵਰਨਜੀਤ ਕੌਰ ਪ੍ਰਧਾਨ ਮਹਿਲਾ ਕਾਂਗਰਸ, ਸਰਬੋਤਮ ਰਾਣਾ ਪ੍ਰਧਾਨ ਯੂਥ ਕਾਂਗਰਸ, ਜੀਤੀ ਪਡਿਆਲਾ ਸਾਬਕਾ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਮੋਹਾਲੀ, ਕੁਲਜੀਤ ਸਿੰਘ ਬੇਦੀ ਮੋਹਾਲੀ ਵੀ ਮੌਜੂਦ ਰਹੇ।

















































