ਪਟਿਆਲਾ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਆਂਦੀ ਗਈ “ਲੈਂਡ ਪੁਲਿੰਗ ਸਕੀਮ” ਖਿਲਾਫ ਕਾਂਗਰਸੀ ਆਗੂਆਂ ਨੇ ਅੱਜ ਪਟਿਆਲਾ ਵਿੱਚ ਧਰਨਾ ਦਿੱਤਾ। ਇਸ ਧਰਨੇ ਦੀ ਅਗਵਾਈ ਪੰਜਾਬ ਕਾਂਗਰਸ ਕਮੇਟੀ ਦੇ ਸੀਨੀਅਰ ਆਗੂਆਂ ਨੇ ਕੀਤੀ, ਜਿਸ ਵਿੱਚ ਸੈਂਕੜੇ ਕਿਸਾਨਾਂ, ਕਾਰਕੁਨਾਂ ਅਤੇ ਆਮ ਨਾਗਰਿਕਾਂ ਨੇ ਹਿੱਸਾ ਲਿਆ।
ਧਰਨੇ ਦੌਰਾਨ ਕਾਂਗਰਸ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਸਿੱਧੇ ਨਿਸ਼ਾਨੇ ਲਗਾਉਂਦੇ ਹੋਏ ਕਿਹਾ ਕਿ ਇਹ ਸਕੀਮ ਕਿਸਾਨ ਵਿਰੋਧੀ ਅਤੇ ਜਮੀਨ ਦਾਅ ’ਤੇ ਲਾਉਣ ਵਾਲੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ “ਵਿਕਾਸ” ਦੇ ਨਾਂ ਤੇ ਕਿਸਾਨਾਂ ਦੀ ਜਮੀਨ ਨੂੰ ਜਬਰੀ ਤੌਰ ’ਤੇ ਖਿੱਚਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਧਰਨੇ ਦੌਰਾਨ ਕੀਤੀ ਗਈ ਗੱਲਬਾਤ
ਪੰਜਾਬ ਕਾਂਗਰਸ ਕਮੇਟੀ ਯੂਥ ਦੇ ਪ੍ਰਧਾਨ ਅਤੇ ਸੀਨੀਅਰ ਆਗੂ ਮੋਹਿਤ ਮਹਿੰਦਰਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ “ਜਮੀਨ ਕਿਸਾਨ ਦੀ ਮਾਂ ਵਾਂਗ ਹੁੰਦੀ ਹੈ। ਉਸ ਦੀ ਜ਼ਮੀਨ ਖੋਹ ਕੇ ਕਿਸ ਤਰ੍ਹਾਂ ਕੋਈ ਵੀ ਸਰਕਾਰ ਲੋਕ ਹਿਤ ਦੀ ਗੱਲ ਕਰ ਸਕਦੀ ਹੈ?” ਉਨ੍ਹਾਂ ਆਮ ਆਦਮੀ ਪਾਰਟੀ ਉੱਤੇ ਇਲਜ਼ਾਮ ਲਾਇਆ ਕਿ ਇਹ ਸਰਕਾਰ ਪੰਜਾਬ ਦੀ ਜਮੀਨ ਨੂੰ ਉਦਯੋਗਪਤੀਆਂ ਨੂੰ ਵੇਚਣ ਲਈ ਜ਼ਮੀਨੀ ਪੱਧਰ ‘ਤੇ ਪਲਾਨ ਬਣਾਈ ਬੈਠੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਲੈਂਡ ਪੁਲਿੰਗ ਸਕੀਮ, ਜੋ ਦਿੱਲੀ ਮਾਡਲ ਦੀ ਤਰਜ਼ ’ਤੇ ਲਿਆਂਦੀ ਜਾ ਰਹੀ ਹੈ, ਪੰਜਾਬੀ ਜਣਤਾ, ਖ਼ਾਸ ਕਰਕੇ ਕਿਸਾਨ ਵਰਗ ਲਈ ਮਾੜੀ ਖ਼ਬਰ ਹੈ। “ਇਹ ਸਕੀਮ ਕਿਸਾਨਾਂ ਦੀ ਜ਼ਮੀਨ ਨੂੰ ਇਕੱਠਾ ਕਰਕੇ, ਉਸ ’ਤੇ ਰਿਹਾਇਸ਼ੀ ਜਾਂ ਵਪਾਰਕ ਪ੍ਰਾਜੈਕਟ ਬਣਾਉਣ ਦੀ ਯੋਜਨਾ ਹੈ, ਜਿਸ ’ਚ ਕਿਸਾਨਾਂ ਦੀ ਭਲਾਈ ਦੀ ਕੋਈ ਗੱਲ ਨਹੀਂ ਕੀਤੀ ਗਈ।”ਧਰਨੇ ਵਿੱਚ ਖਾਸ ਤੌਰ ਤੇ ਮਹਿਲਾਵਾਂ ਅਤੇ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।
ਮੋਹਿਤ ਮਹਿੰਦਰਾ ਨੇ ਹੋਰ ਕਿਹਾ ਕਿ ਪੰਜਾਬ ਸਰਕਾਰ “ਜੇਕਰ ਇਹ ਸਕੀਮ ਥੋਪੀ ਗਈ ਤਾਂ ਪੰਜਾਬ ਵਿੱਚ ਇੱਕ ਨਵੀਂ ਕਿਸਮ ਦੀ ਬਰਬਾਦੀ ਆਵੇਗੀ, ਜਿਸ ਤੋਂ ਮੁਕਤ ਹੋਣਾ ਮੁਸ਼ਕਿਲ ਹੋ ਜਾਵੇਗਾ।”
ਉਨ੍ਹਾ ਕਿਹਾ ਕਿ ਇਸ ਵਿਵਾਦਿਤ ਸਕੀਮ ਨੂੰ ਤੁਰੰਤ ਰੱਦ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਜ਼ਿਲਾ ਪੱਧਰੀ ਨਹੀਂ ਸੂਬਾ ਪੱਧਰੀ ਅੰਦੋਲਨ ਕੀਤਾ ਜਾਵੇਗਾ।
ਸਰਕਾਰ ਵੱਲੋਂ ਜਵਾਬ ਦੀ ਉਡੀਕ-
ਹਾਲਾਂਕਿ ਸਰਕਾਰ ਵੱਲੋਂ ਅਜੇ ਤਕ ਇਸ ਧਰਨੇ ਜਾਂ ਕਾਂਗਰਸ ਵੱਲੋਂ ਉਠਾਈਆਂ ਗਈਆਂ ਮੰਗਾਂ ’ਤੇ ਕੋਈ ਸਰਕਾਰੀ ਪ੍ਰਤੀਕਿਰਿਆ ਨਹੀਂ ਆਈ, ਪਰ ਅੰਦੇਸ਼ਾ ਜਤਾਇਆ ਜਾ ਰਿਹਾ ਹੈ ਕਿ ਲੈਂਡ ਪੁਲਿੰਗ ਸਕੀਮ ਖਿਲਾਫ ਵਧ ਰਹੀ ਜਨਤਕ ਨਾਰਾਜ਼ਗੀ ਦੇ ਮੱਦੇਨਜ਼ਰ ਸਰਕਾਰ ਨੂੰ ਆਪਣਾ ਫੈਸਲਾ ਦੁਬਾਰਾ ਸੋਚਣਾ ਪਵੇਗਾ।
ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਜਿੱਥੇ ਸਰਕਾਰ ਇਸ ਨੂੰ ਵਿਕਾਸੀ ਪਹਿਲ ਦੱਸ ਰਹੀ ਹੈ, ਉਥੇ ਵਿਰੋਧੀ ਪਾਰਟੀਆਂ ਅਤੇ ਲੋਕ ਇਸਨੂੰ ਜ਼ਮੀਨ ਹੜਪਣ ਦੀ ਯੋਜਨਾ ਕਰਾਰ ਦੇ ਰਹੇ ਹਨ। ਅਜਿਹਾ ਲੱਗਦਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਇਹ ਮਸਲਾ ਹੋਰ ਵੀ ਗੰਭੀਰ ਰੂਪ ਧਾਰਨ ਕਰ ਸਕਦਾ ਹੈ।