ਜਲੰਧਰ: ਪੰਜਾਬ ਕੇਸਰੀ ਗਰੁੱਪ ਦੀ ਟੀਮ ਵੱਲੋਂ ਇਸ ਵਾਰ 906ਵਾਂ ਰਾਹਤ ਸਮੱਗਰੀ ਨਾਲ ਭਰਿਆ ਟਰੱਕ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਤੋਂ ਅੱਗੇ ਤਾਰਾਗੜ੍ਹ ਬਾਬੇ ਪੀਰ ਦੀ ਸਮਾਧੀ ਦੇ ਨਜ਼ਦੀਕ ਬਾਰਡਰ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਲਈ ਭੇਜਿਆ ਗਿਆ। ਇਹ ਰਾਹਤ ਸਮੱਗਰੀ ਦਾ ਟਰੱਕ ਫਗਵਾੜਾ ਦੇ ਦਾਨੀ ਸੱਜਣਾਂ ਅਨੂ ਸ਼ਰਮਾ ਅਤੇ ਰਿਟਾਇਰਡ ਐਸਡੀਐਮ ਰਵਿੰਦਰ ਸੱਬਰਵਾਲ ਵੱਲੋਂ ਵੰਡਿਆ ਗਿਆ।

ਜਦੋਂ ਪੰਜਾਬ ਕੇਸਰੀ ਗਰੁੱਪ ਦੀ ਟੀਮ ਇਹ ਟਰੱਕ ਲੈ ਕੇ ਬਾਰਡਰ ਇਲਾਕੇ ਵਿੱਚ ਪਹੁੰਚੀ ਤਾਂ ਉੱਥੇ ਦੇ ਲੋਕ ਬੜੀ ਬੇਸਬਰੀ ਨਾਲ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਟੀਮ ਦੇ ਪਹੁੰਚਣ ਉਪਰੰਤ ਬੀਐਸਐਫ ਦੇ ਅਧਿਕਾਰੀਆਂ ਅਤੇ ਪਿੰਡ ਦੇ ਸਰਪੰਚ ਅਸ਼ੋਕ ਕੁਮਾਰ ਵੱਲੋਂ ਸਭ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਬੀਐਸਐਫ ਵੱਲੋਂ ਚਾਹ, ਪਾਣੀ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।

ਪੰਜਾਬ ਕੇਸਰੀ ਟੀਮ ਨਾਲ ਗਈ ਮੈਡਮ ਡਿੰਪਲ ਸੂਰੀਆ ਨੇ ਮੌਕੇ ’ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਬਾਰਡਰ ਵਾਸੀਆਂ ਦੀ ਦੇਸ਼ ਪ੍ਰਤੀ ਵਫ਼ਾਦਾਰੀ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਪਿੰਡ ਦੇ ਸਰਪੰਚ ਅਸ਼ੋਕ ਕੁਮਾਰ ਨੇ ਪੰਜਾਬ ਕੇਸਰੀ ਦੀ ਟੀਮ ਨੂੰ ਦੱਸਿਆ ਕਿ ਇਹ ਲੋਕ ਅਨੇਕਾਂ ਮੁਸ਼ਕਲਾਂ ਦੇ ਬਾਵਜੂਦ ਆਪਣਾ ਗੁਜ਼ਾਰਾ ਕਰਦੇ ਹੋਏ ਦੇਸ਼ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਹਨ।

ਬੀਐਸਐਫ ਦੇ ਅਧਿਕਾਰੀਆਂ ਨੇ ਵੀ ਬਾਰਡਰ ਵਾਸੀਆਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਲੋਕ ਸੁਰੱਖਿਆ ਬਲਾਂ ਲਈ ਮਜ਼ਬੂਤ ਸਹਾਰਾ ਹਨ। ਇਸ ਮੌਕੇ ਸੀ.ਆਰ.ਪੀ.ਐਫ. ਐਕਸ-ਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਬਾਰਡਰ ਵਾਸੀਆਂ ਦਾ ਸਤਿਕਾਰ ਕੀਤਾ ਅਤੇ ਕਿਹਾ ਕਿ ਇਨ੍ਹਾਂ ਲੋਕਾਂ ਦੀ ਵਫ਼ਾਦਾਰੀ ਕਰਕੇ ਹੀ ਸੁਰੱਖਿਆ ਬਲ ਇੱਥੇ ਨਿਡਰ ਹੋ ਕੇ ਆਪਣੀ ਡਿਊਟੀ ਨਿਭਾ ਰਹੇ ਹਨ। ਇਹ ਲੋਕ ਸਮੇਂ-ਸਮੇਂ ’ਤੇ ਹਰ ਚੰਗੀ-ਮੰਦੀ ਖ਼ਬਰ ਸੁਰੱਖਿਆ ਬਲਾਂ ਤੱਕ ਪਹੁੰਚਾਉਂਦੇ ਹਨ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਬਣਾਈ ਰੱਖਦੇ ਹਨ।

ਵਰਿੰਦਰ ਸ਼ਰਮਾ ਜੀ ਨੇ ਆਪਣੇ ਸੰਬੋਧਨ ਵਿੱਚ ਹਰ ਵਿਅਕਤੀ ਨੂੰ ਅਪੀਲ ਕੀਤੀ ਕਿ ਬਾਰਡਰ ਇਲਾਕਿਆਂ ਦੇ ਲੋਕਾਂ ਦਾ ਸਹਿਯੋਗ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ, ਤਾਂ ਜੋ ਉਹ ਹੋਰ ਮਜ਼ਬੂਤ ਹੋ ਕੇ ਦੇਸ਼ ਅਤੇ ਸੁਰੱਖਿਆ ਬਲਾਂ ਦੀ ਸੇਵਾ ਕਰ ਸਕਣ।
ਅੰਤ ਵਿੱਚ ਬੀਐਸਐਫ ਦੇ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਵੱਲੋਂ ਪੰਜਾਬ ਕੇਸਰੀ ਗਰੁੱਪ ਦੇ ਐਮ.ਡੀ. ਪਦਮ ਸ੍ਰੀ ਵਿਜੇ ਚੋਪੜਾ ਜੀ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ ਗਈ ਅਤੇ ਉਮੀਦ ਜਤਾਈ ਗਈ ਕਿ ਭਵਿੱਖ ਵਿੱਚ ਵੀ ਪੰਜਾਬ ਕੇਸਰੀ ਗਰੁੱਪ ਇਸੇ ਤਰ੍ਹਾਂ ਸਹਿਯੋਗ ਕਰਦਾ ਰਹੇਗਾ, ਤਾਂ ਜੋ ਬਾਰਡਰ ਵਾਸੀਆਂ ਦੇ ਹੌਸਲੇ ਬੁਲੰਦ ਰਹਿਣ।
ਜੈ ਹਿੰਦ

















































