ਜਲੰਧਰ- ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਨੂੰ ਰੱਖਦਿਆਂ 1/11/2026 ਨੂੰ ਸੀਆਰਪੀਐਫ (CRPF) ਵੱਲੋਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਕੇਸਰੀ ਗਰੁੱਪ ਦੇ ਐਮ.ਡੀ. ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਸ਼ਿਰਕਤ ਕੀਤੀ।

ਇਸ ਮੌਕੇ ਸੀਆਰਪੀਐਫ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ, ਸਾਬਕਾ ਕਮਾਂਡਰ ਐਸ.ਐਸ. ਘੁੰਮਣ, ਡੀ.ਐਸ.ਪੀ. ਸੁਰਿੰਦਰ ਸਿੰਘ ਭਟਨੂਰਾ, ਨਿਰਮਲ ਸਿੰਘ ਬਡੋ ਅਤੇ ਕਪੂਰਥਲਾ ਦੇ ਪ੍ਰਧਾਨ ਸੁੱਚਾ ਸਿੰਘ ਵੱਲੋਂ ਮੁੱਖ ਮਹਿਮਾਨ ਸਮੇਤ ਹੋਰ ਪਤਵੰਤੇ ਸੱਜਣਾਂ ਦਾ ਬੁੱਕੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਕਮਾਂਡਰ ਐਸ.ਐਸ. ਘੁੰਮਣ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਸ਼ਹੀਦ ਹੋਏ ਜਵਾਨਾਂ ਦੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਮੁੱਖ ਮਹਿਮਾਨ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ, ਮੈਡਮ ਗੀਤਾਂਜਲੀ ਅਹੂਜਾ (ਓਰੋਮੀਰ ਫਾਊਂਡੇਸ਼ਨ, ਚੰਡੀਗੜ੍ਹ), ਵਿਪਨ ਜੈਨ, ਯੋਗੀ ਵਰਿੰਦਰ ਸ਼ਰਮਾ ਅਤੇ ਇਕਬਾਲ ਸਿੰਘ ਅਰਨੇਜਾ ਨਾਲ ਸਾਂਝੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਾਰੇ ਮਹਿਮਾਨਾਂ ਨਾਲ ਵਿਚਾਰ-ਵਟਾਂਦਰਾ ਵੀ ਕੀਤਾ।

ਸਮਾਗਮ ਦੌਰਾਨ ਮੈਡਮ ਗੀਤਾਂਜਲੀ ਅਹੂਜਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਅਸੀਂ ਜਿਨ੍ਹਾਂ ਆਜ਼ਾਦੀ ਅਤੇ ਸੁੱਖ-ਸਹੂਲਤਾਂ ਦਾ ਆਨੰਦ ਮਾਣ ਰਹੇ ਹਾਂ, ਉਹ ਇਨ੍ਹਾਂ ਸ਼ਹੀਦ ਜਵਾਨਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸ਼ਾਨ ਅਤੇ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਇਨ੍ਹਾਂ ਸੂਰਬੀਰਾਂ ਦਾ ਕਰਜ਼ਾ ਅਸੀਂ ਕਦੇ ਨਹੀਂ ਉਤਾਰ ਸਕਦੇ।
ਉਨ੍ਹਾਂ ਨੇ ਨਮ ਅੱਖਾਂ ਨਾਲ ਕਿਹਾ ਕਿ ਅੱਜ ਵੀ ਇਨ੍ਹਾਂ ਸ਼ਹੀਦਾਂ ਦੇ ਨਿੱਕੇ-ਨਿੱਕੇ ਬੱਚੇ ਅਤੇ ਮਾਵਾਂ ਆਪਣੇ ਪਿਆਰਿਆਂ ਦੀ ਯਾਦ ਵਿੱਚ ਜੀਵਨ ਬਤੀਤ ਕਰ ਰਹੇ ਹਨ। ਜਵਾਨੀ ਦੀ ਉਮਰ ਵਿੱਚ ਪਤੀ ਨੂੰ ਗੁਆਉਣ ਵਾਲੀਆਂ ਵਿਧਵਾਵਾਂ ਦਾ ਜੀਵਨ ਬਹੁਤ ਸੰਘਰਸ਼ਮਈ ਹੁੰਦਾ ਹੈ ਅਤੇ ਉਹ ਵਾਹਿਗੁਰੂ ਦੇ ਸਹਾਰੇ ਆਪਣਾ ਜੀਵਨ ਬਤੀਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਪਰਿਵਾਰਾਂ ਨੂੰ ਮਿਲ ਕੇ ਅਤੇ ਉਨ੍ਹਾਂ ਦੇ ਦੁੱਖ-ਸੁੱਖ ਸਾਂਝੇ ਕਰਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ। ਉਨ੍ਹਾਂ ਦੇ ਇਨ੍ਹਾਂ ਭਾਵੁਕ ਸ਼ਬਦਾਂ ਨੇ ਸਮਾਗਮ ਵਿੱਚ ਮੌਜੂਦ ਸਾਰੇ ਮਹਿਮਾਨਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ।

ਇਸੇ ਤਰ੍ਹਾਂ ਯੋਗੀ ਵਰਿੰਦਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਦੀ ਸੁਰੱਖਿਆ ਵਿੱਚ ਸੀਆਰਪੀਐਫ ਦੀ ਭੂਮਿਕਾ ਬੇਹੱਦ ਅਹਿਮ ਰਹੀ ਹੈ। ਛੱਤੀਸਗੜ੍ਹ, ਨਾਗਾਲੈਂਡ ਅਤੇ ਜੰਮੂ-ਕਸ਼ਮੀਰ ਵਰਗੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਸੀਆਰਪੀਐਫ ਦੇ ਜਵਾਨਾਂ ਨੇ ਅੱਤਵਾਦ ਅਤੇ ਦੇਸ਼ ਵਿਰੋਧੀ ਤਾਕਤਾਂ ਦਾ ਡਟ ਕੇ ਮੁਕਾਬਲਾ ਕੀਤਾ ਹੈ। ਉਨ੍ਹਾਂ ਦੀ ਬਦੌਲਤ ਹੀ ਦੇਸ਼ ਦੇ ਲੋਕ ਅਮਨ-ਚੈਨ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।
ਇਕਬਾਲ ਸਿੰਘ ਅਰਨੇਜਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖੁਦ ਜੰਮੂ-ਕਸ਼ਮੀਰ ਵਿੱਚ ਸੀਆਰਪੀਐਫ ਦੇ ਜਵਾਨਾਂ ਨੂੰ ਔਖੇ ਹਾਲਾਤਾਂ ਵਿੱਚ ਡਿਊਟੀ ਕਰਦਿਆਂ ਦੇਖਿਆ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਸੀਆਰਪੀਐਫ ਦੇ ਜਵਾਨ ਮੁਸ਼ਕਲ ਅਤੇ ਖ਼ਤਰਨਾਕ ਇਲਾਕਿਆਂ ਵਿੱਚ ਦੇਸ਼ ਦੀ ਰਾਖੀ ਲਈ ਤਾਇਨਾਤ ਹੁੰਦੇ ਹਨ, ਉਸ ਸਮੇਂ ਦੇਸ਼ ਦੇ ਨਾਗਰਿਕ ਆਪਣੇ ਘਰਾਂ ਵਿੱਚ ਸੁੱਖ ਦੀ ਨੀਂਦ ਸੌਂ ਰਹੇ ਹੁੰਦੇ ਹਨ। ਉਨ੍ਹਾਂ ਨੇ ਸ਼ਹੀਦਾਂ ਦੇ ਬੱਚਿਆਂ ਨੂੰ ਦੇਖ ਕੇ ਭਾਵੁਕਤਾ ਪ੍ਰਗਟਾਈ ਅਤੇ ਕਿਹਾ ਕਿ ਇਨ੍ਹਾਂ ਬੱਚਿਆਂ ਦੇ ਚਿਹਰਿਆਂ ‘ਤੇ ਪਿਤਾ ਦੀ ਕਮੀ ਅਤੇ ਉਦਾਸੀ ਸਾਫ਼ ਝਲਕਦੀ ਹੈ।

ਇਸ ਮੌਕੇ ਸੀਆਰਪੀਐਫ ਦੇ ਡਿਪਟੀ ਕਮਾਂਡੈਂਟ ਅਸ਼ੋਕ ਕੁਮਾਰ ਨੇ ਆਪਣੀ ਫੋਰਸ ਅਤੇ ਜਵਾਨਾਂ ਦੀ ਕੀਤੀ ਗਈ ਸ਼ਲਾਘਾ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਅਜਿਹੀ ਬਹਾਦਰ ਫੋਰਸ ਦਾ ਹਿੱਸਾ ਹਨ, ਜਿਸ ‘ਤੇ ਪੂਰੇ ਦੇਸ਼ ਨੂੰ ਮਾਣ ਹੈ। ਉਨ੍ਹਾਂ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਪਤਵੰਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਾਣ-ਸਨਮਾਨ ਦੇ ਕੇ ਮਹਿਮਾਨਾਂ ਨੇ ਨਾ ਸਿਰਫ਼ ਪਰਿਵਾਰਾਂ ਦਾ ਹੌਸਲਾ ਵਧਾਇਆ ਹੈ, ਸਗੋਂ ਸਮੁੱਚੀ ਸੀਆਰਪੀਐਫ ਫੋਰਸ ਦਾ ਮਾਣ ਵੀ ਵਧਾਇਆ ਹੈ।
ਲੁਧਿਆਣਾ ਦੇ ਉੱਘੇ ਦਾਨੀ ਸੱਜਣ ਬਿਪਨ ਕੁਮਾਰ ਜੈਨ ਨੇ ਆਪਣੇ ਰੁਝੇਵਿਆਂ ਭਰੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਲੁਧਿਆਣਾ ਤੋਂ ਜਲੰਧਰ ਪਹੁੰਚ ਕੇ ਸੀਆਰਪੀਐਫ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ। ਇਸ ਮੌਕੇ ਉਨ੍ਹਾਂ ਨੇ ਸ਼ਹੀਦ ਪਰਿਵਾਰਾਂ ਨੂੰ ਮਿਲ ਕੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਜਵਾਨਾਂ ਦੇ ਪਰਿਵਾਰਾਂ ਨਾਲ ਮਿਲਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਇਨ੍ਹਾਂ ਪਰਿਵਾਰਾਂ ਦੀ ਭਲਾਈ ਲਈ ਆਪਣੀ ਸਮਰੱਥਾ ਅਨੁਸਾਰ ਯਤਨ ਕਰਦੇ ਰਹਿਣਗੇ।

ਬਿਪਨ ਕੁਮਾਰ ਜੈਨ ਨੇ ਪੰਜਾਬ ਕੇਸਰੀ ਗਰੁੱਪ ਦੇ ਐਮ.ਡੀ. ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇੱਕ ਕਾਰੋਬਾਰੀ ਵਿਅਕਤੀ ਨੂੰ ਦੇਸ਼ ਪ੍ਰਤੀ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨਾਲ ਮਿਲਣ ਅਤੇ ਉਨ੍ਹਾਂ ਦੇ ਦੁੱਖ-ਦਰਦ ਨੂੰ ਸਮਝਣ ਦਾ ਮੌਕਾ ਦਿੱਤਾ ਹੈ। ਇਨ੍ਹਾਂ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਅਤੇ ਸਕੂਨ ਮਿਲਿਆ ਹੈ।
ਸਮਾਗਮ ਦੇ ਅੰਤ ਵਿੱਚ ਪੰਜਾਬ ਕੇਸਰੀ ਗਰੁੱਪ ਦੇ ਐਮ.ਡੀ. ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਸੀਆਰਪੀਐਫ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੁਲਿੰਦਰ ਸਿੰਘ ਕੰਢੀ ‘ਤੇ ਮਾਣ ਹੈ, ਜੋ ਪਿਛਲੇ 14 ਸਾਲਾਂ ਤੋਂ ਲਗਾਤਾਰ ਸ਼ਹੀਦ ਪਰਿਵਾਰਾਂ ਦੀ ਸੇਵਾ ਅਤੇ ਭਲਾਈ ਲਈ ਸਮਰਪਿਤ ਭਾਵਨਾ ਨਾਲ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਨੂੰ ਸੀਆਰਪੀਐਫ ਗਰੁੱਪ ਸੈਂਟਰ ਵਿੱਚ ਹੋਣ ਵਾਲੇ ਵੱਖ-ਵੱਖ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਰਹਿੰਦਾ ਹੈ। ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਦੇਸ਼ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਜਵਾਨਾਂ ਦੇ ਪਰਿਵਾਰਾਂ ਲਈ ਅਸੀਂ ਭਾਵੇਂ ਸਭ ਕੁਝ ਨਹੀਂ ਕਰ ਸਕਦੇ, ਪਰ ਸੀਆਰਪੀਐਫ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਜਦੋਂ ਵੀ ਸਾਨੂੰ ਇਨ੍ਹਾਂ ਪਰਿਵਾਰਾਂ ਦੀਆਂ ਲੋੜਾਂ ਅਤੇ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਅਸੀਂ ਆਪਣੀ ਸਮਰੱਥਾ ਅਨੁਸਾਰ ਉਨ੍ਹਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।
ਪਦਮ ਸ਼੍ਰੀ ਵਿਜੇ ਚੋਪੜਾ ਜੀ ਨੇ ਸੀਆਰਪੀਐਫ ਗਰੁੱਪ ਸੈਂਟਰ ਜਲੰਧਰ ਦੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ, ਜੋ ਹਰ ਸਮਾਗਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਉਂਦੇ ਹਨ ਅਤੇ ਐਸੋਸੀਏਸ਼ਨ ਨੂੰ ਪੂਰਾ ਸਹਿਯੋਗ ਦਿੰਦੇ ਹਨ। ਉਨ੍ਹਾਂ ਕਿਹਾ ਕਿ ਗਰੁੱਪ ਸੈਂਟਰ ਦੇ ਸੀਨੀਅਰ ਅਧਿਕਾਰੀਆਂ ਦੀ ਕਾਰਜਸ਼ੈਲੀ ਅਤੇ ਸਹਿਯੋਗ ਦੀ ਹਮੇਸ਼ਾ ਸ਼ਲਾਘਾ ਸੁਣਨ ਨੂੰ ਮਿਲਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਬਹਾਦਰ ਜਵਾਨ ਆਪਣੇ ਦੇਸ਼ ਦੀ ਰਾਖੀ ਲਈ ਹਰ ਔਖੀ ਘੜੀ ਵਿੱਚ ਡਟ ਕੇ ਆਪਣਾ ਫਰਜ਼ ਨਿਭਾਉਂਦੇ ਹਨ, ਉਨ੍ਹਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨਾ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦੇਣਾ ਹਰ ਹਿੰਦੁਸਤਾਨੀ ਦਾ ਫਰਜ਼ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸੀਆਰਪੀਐਫ ਅਤੇ ਸ਼ਹੀਦ ਪਰਿਵਾਰਾਂ ਨਾਲ ਸਬੰਧਤ ਜਿਹੜੇ ਵੀ ਮਸਲੇ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਜਾਣਗੇ, ਉਨ੍ਹਾਂ ਨੂੰ ਸਰਕਾਰ ਦੇ ਪੱਧਰ ‘ਤੇ ਉਠਾਉਣ ਅਤੇ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਸ਼ਹੀਦ ਪਰਿਵਾਰਾਂ ਦੀਆਂ ਸਹੂਲਤਾਂ, ਪੁਰਾਣੀ ਪੈਨਸ਼ਨ ਸਕੀਮ ਸਮੇਤ ਹੋਰ ਲੰਬਿਤ ਮੰਗਾਂ ਅਤੇ ਮੁਸ਼ਕਲਾਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ, ਤਾਂ ਜੋ ਇਨ੍ਹਾਂ ਪਰਿਵਾਰਾਂ ਨੂੰ ਬਣਦੀਆਂ ਸਹੂਲਤਾਂ ਅਤੇ ਹੱਕ ਮਿਲ ਸਕਣ। ਉਨ੍ਹਾਂ ਕਿਹਾ ਕਿ ਅੱਜ ਦੂਰ-ਦੁਰਾਡੇ ਤੋਂ ਪਹੁੰਚੇ ਸ਼ਹੀਦ ਪਰਿਵਾਰਾਂ ਨੂੰ ਮਿਲ ਕੇ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ ਅਤੇ ਭਵਿੱਖ ਵਿੱਚ ਵੀ ਇਨ੍ਹਾਂ ਪਰਿਵਾਰਾਂ ਦੀ ਭਲਾਈ ਲਈ ਹੋਰ ਵਧੀਆ ਉਪਰਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਉਨ੍ਹਾਂ ਨੇ ਸੀਆਰਪੀਐਫ ਵਰਗੀ ਬਹਾਦਰ ਫੋਰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ‘ਤੇ ਜਦੋਂ ਵੀ ਕੋਈ ਔਖੀ ਘੜੀ ਆਉਂਦੀ ਹੈ, ਇਹ ਫੋਰਸ ਹਮੇਸ਼ਾ ਮੋਹਰੀ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੈ। ਅਜਿਹੀ ਫੋਰਸ ਅਤੇ ਇਸ ਦੇ ਬਹਾਦਰ ਜਵਾਨਾਂ ‘ਤੇ ਪੂਰੇ ਦੇਸ਼ ਨੂੰ ਮਾਣ ਹੈ।

ਅੰਤ ਵਿੱਚ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਅਤੇ ਸਾਬਕਾ ਕਮਾਂਡਰ ਐਸ.ਐਸ. ਘੁੰਮਣ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਪਤਵੰਤੇ ਮਹਿਮਾਨਾਂ, ਸ਼ਹੀਦ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗਰੁੱਪ ਸੈਂਟਰ ਜਲੰਧਰ ਵੱਲੋਂ ਸਾਰੇ ਮਹਿਮਾਨਾਂ ਅਤੇ ਪਰਿਵਾਰਾਂ ਲਈ ਖਾਣੇ ਦਾ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਡੀ.ਐਸ.ਪੀ. ਅਜੀਤ ਸਿੰਘ, ਚੇਅਰਮੈਨ ਮਹਿਲ ਸਿੰਘ ਫ਼ਰੀਦਕੋਟ, ਮੰਗਲ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ, ਗੁਰਦਾਸਪੁਰ ਦੇ ਚੇਅਰਮੈਨ ਸਤਨਾਮ ਸਿੰਘ, ਪ੍ਰਧਾਨ ਰਣਜੀਤ ਸਿੰਘ, ਵਾਈਸ ਪ੍ਰਧਾਨ ਕੁਲਦੀਪ ਸਿੰਘ ਜਲੰਧਰ, ਇੰਸਪੈਕਟਰ ਕੁਲਵਰਨ ਸਿੰਘ ਬਿੰਜੋ, ਮੋਹਨ ਸਿੰਘ, ਸਰਪੰਚ ਮਲਕੀਤ ਸਿੰਘ, ਛਿੰਦਰਪਾਲ ਸਿੰਘ ਮੋਗਾ, ਜਸਵੀਰ ਸਿੰਘ ਫਰੀਦਕੋਟ, ਸ੍ਰੀਮਤੀ ਕੁਲਵੀਰ ਕੌਰ, ਸ੍ਰੀਮਤੀ ਮਨਦੀਪ ਕੌਰ, ਸ੍ਰੀਮਤੀ ਸ਼ਾਰਧਾ ਰਾਣੀ, ਸ੍ਰੀਮਤੀ ਮਮਤਾ ਰਾਣੀ ਅਤੇ ਸ੍ਰੀਮਤੀ ਰਾਜ ਰਾਣੀ ਸਮੇਤ ਹੋਰ ਵੀ ਹਾਜ਼ਰ ਸਨ।
