ਜਲੰਧਰ (ਸੁਲਿੰਦਰ ਕੰਢੀ) – ਸ਼ਹੀਦ ਮਲਕੀਤ ਸਿੰਘ ਦਾ ਜਨਮ 15 ਅਕਤੂਬਰ 1969 ਨੂੰ ਪਿੰਡ ਮੁਗਲ ਚੱਕ ਜਿਲ੍ਹਾ ਤਰਨ ਤਾਰਨ ਵਿਖੇ ਹੋਇਆ ਸਰਦਾਰ ਮਲਕੀਤ ਸਿੰਘ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਮਾੜੀ ਮੇਘਾ ਸਕੂਲ ਵਿੱਚ ਕੀਤੀ। ਸ. ਮਲਕੀਤ ਸਿੰਘ ਸਾਰੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਛੋਟਾ ਹੋਣ ਕਰਕੇ ਸਭ ਤੋਂ ਜਿਆਦਾ ਲਾਡ ਪਿਆਰ ਲੈਂਦਾ ਸੀ। ਇੱਕ ਦਿਨ ਰੇਡੀਓ ਵਿੱਚੋਂ ਖਬਰ ਸੁਣੀ ਕਿ ਜਲੰਧਰ ਵਿੱਚ ਸੀ.ਆਰ.ਪੀ.ਐਫ. ਦੀ ਭਰਤੀ ਹੋਣੀ ਹੈ। ਸ. ਮਲਕੀਤ ਸਿੰਘ ਨੂੰ ਭਰਤੀ ਹੋਣ ਦਾ ਬਹੁਤ ਸ਼ੌਂਕ ਸੀ। ਮਲਕੀਤ ਸਿੰਘ ਵੀ ਆਪਣੇ ਦੋਸਤਾਂ ਨਾਲ ਗਰੁੱਪ ਸੈਂਟਰ ਜਲੰਧਰ ਪਹੁੰਚ ਗਿਆ। 01 ਜਨਵਰੀ 1994 ਨੂੰ 22 ਬਟਾਲੀਅਨ ਵਿੱਚ ਮਲਕੀਤ ਸਿੰਘ ਨੂੰ ਭਰਤੀ ਕਰ ਲਿਆ ਗਿਆ। ਸ. ਮਲਕੀਤ ਸਿੰਘ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਹ ਸੀ.ਆਰ.ਪੀ.ਐਫ. ਭਰਤੀ ਹੋ ਗਿਆ ਹੈ। ਇਹਨਾਂ ਦਾ ਇੱਕ ਵੱਡਾ ਭਰਾ ਪਹਿਲਾਂ ਹੀ ਸੀ.ਆਰ.ਪੀ.ਐਫ. ਵਿੱਚ ਸੇਵਾਵਾਂ ਦੇ ਰਹੇ ਸੀ। ਘਰ ਪਹੁੰਚਣ ਤੇ ਘਰ ਵਾਲਿਆਂ ਨੇ ਬਹੁਤ ਖੁਸ਼ੀ ਮਨਾਈ ਕਿ ਸਾਡਾ ਪੁੱਤਰ ਸੀ.ਆਰ.ਪੀ.ਐਫ. ਵਿੱਚ ਭਰਤੀ ਹੋ ਗਿਆ।

ਕੁਝ ਦਿਨਾਂ ਵਿੱਚ ਮਲਕੀਤ ਸਿੰਘ ਗਰੁੱਪ ਸੈਂਟਰ ਅਬਾੜੀ ਟ੍ਰੇਨਿੰਗ ਲਈ ਚਲੇ ਗਏ। ਕੁਝ ਹੀ ਦਿਨਾਂ ਵਿੱਚ ਇਹਨਾਂ ਨੂੰ ਫੋਰਸ ਨੰਬਰ 941121103 ਮਿਲ ਗਿਆ। ਸੀ.ਆਰ.ਪੀ.ਐਫ. ਦੀਆਂ ਵਰਦੀਆਂ ਤੇ ਹੋਰ ਸਮਾਨ ਵੀ ਸਰਦਾਰ ਮਲਕੀਤ ਸਿੰਘ ਨੂੰ ਦਿੱਤਾ ਗਿਆ। ਦੂਸਰੇ ਦਿਨ ਹੀ ਇਹਨਾਂ ਦੀ ਟ੍ਰੇਨਿੰਗ ਸ਼ੁਰੂ ਹੋ ਗਈ। ਕੁਝ ਹੀ ਦਿਨਾਂ ਵਿੱਚ ਟ੍ਰੇਨਿੰਗ ਕਰਨ ਤੋਂ ਬਾਅਦ ਇਹਨਾਂ ਦਾ ਟੈਸਟ ਲਿਆ ਗਿਆ ਜਿਸ ਵਿੱਚ ਸਰਦਾਰ ਮਲਕੀਤ ਸਿੰਘ ਦੀ ਪਹਿਲੀ ਪੁਜੀਸ਼ਨ ਪਾਈ ਗਈ। ਸਰਦਾਰ ਮਲਕੀਤ ਸਿੰਘ ਨੂੰ ਆਪਣੇ ਗਰੁੱਪ ਦਾ ਕਮਾਂਡਰ ਬਣਾਇਆ ਗਿਆ। ਇਹਨਾਂ ਦਾ ਗਰੁੱਪ ਬਾਕੀਆਂ ਨਾਲੋਂ ਬੜੇ ਹੀ ਸੁਚੱਜੇ ਢੰਗ ਨਾਲ ਅੱਗੇ ਵਧ ਰਿਹਾ ਸੀ। ਸੀਨੀਅਰ ਅਧਿਕਾਰੀ ਵੀ ਵਾਰ ਵਾਰ ਆ ਕੇ ਇਹਨਾਂ ਦੇ ਗਰੁੱਪ ਨੂੰ ਚੈੱਕ ਕਰਦੇ। ਟ੍ਰੇਨਿੰਗ ਦੇ ਦਿਨਾਂ ਵਿੱਚ ਉੱਥੇ ਬਹੁਤ ਗਰਮੀ ਪੈ ਰਹੀ ਸੀ। ਸੀ.ਆਰ.ਪੀ.ਐਫ. ਦੇ ਵੱਲੋਂ ਇਹਨਾਂ ਜਵਾਨਾਂ ਲਈ ਗਰਮੀ ਤੋਂ ਬਚਣ ਲਈ ਪੂਰੇ ਪ੍ਰਬੰਧ ਕੀਤੇ ਗਏ ਸਨ।

ਸੀ.ਆਰ.ਪੀ.ਐਫ. ਦਾ ਖਾਣਾ ਪੀਣਾ ਅਤੇ ਸਹੂਲਤਾਂ ਦੀ ਕੋਈ ਵੀ ਕਮੀ ਨਹੀਂ ਸੀ। ਚੰਗਾ ਖਾਣ ਦੇ ਨਾਲ ਨਾਲ ਸਾਰੇ ਜਵਾਨ ਸਰੀਰਕ ਪੱਖੋਂ ਬਹੁਤ ਹੀ ਸਿਹਤਮੰਦ ਅਤੇ ਫੁਰਤੀਲੇ ਸਨ। ਸੀ.ਆਰ.ਪੀ.ਐਫ. ਦੇ ਉਸਤਾਦਾਂ ਨੇ ਇਹਨਾਂ ਦੇ ਵਿੱਚੋਂ ਹੀ ਚੰਗੀ ਪਰੇਡ ਲਈ ਜਵਾਨ ਚੁਣੇ ਅਤੇ ਉਹਨਾਂ ਨੂੰ ਪਹਿਲੇ ਗਾਈਡ ਲਗਾਇਆ ਗਿਆ। ਫਾਈਨਲ ਟ੍ਰੇਨਿੰਗ ਦੇ ਦਿਨ ਵੀ ਬਹੁਤ ਨੇੜੇ ਆ ਗਏ। ਮਲਕੀਤ ਸਿੰਘ ਟਨ ਆਊਟ ਵਿੱਚ ਸਭ ਤੋਂ ਅੱਗੇ ਆ ਰਿਹਾ ਸੀ। ਸਰੀਰਕ ਟ੍ਰੇਨਿੰਗ ਪੂਰੀ ਹੋਣ ਤੇ ਇਹਨਾਂ ਦੀ ਬਟਾਲੀਅਨ ਜੰਗਲ ਕੈਂਪ ਲਈ ਚਲੀ ਗਈ। ਜੰਗਲ ਕੈਂਪ ਵਿੱਚ ਪਾਣੀ ਪੀਣ ਦਾ ਪ੍ਰਬੰਧ ਬਹੁਤ ਹੀ ਘੱਟ ਸੀ। ਜਵਾਨਾਂ ਦੇ ਜ਼ੋਰ ਪਾਉਣ ਤੇ ਵਾਟਰ ਟੈਂਕ ਬਾਹਰੋਂ ਮੁਹਈਆ ਕਰਵਾਏ ਗਏ। ਪਾਣੀ ਦੀ ਕਮੀ ਹੋਣ ਕਰਕੇ ਜਵਾਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹਰ ਰੋਜ਼ ਸਵੇਰੇ ਉਸਤਾਦ ਜੰਗਲ ਦੀ ਟ੍ਰੇਨਿੰਗ ਲਈ ਲੈ ਜਾਂਦੇ ਤੇ ਜੰਗਲ ਟ੍ਰੇਨਿੰਗ ਦੀ ਪੂਰੀ ਤਿਆਰੀ ਕਰਵਾਉਂਦੇ। ਜੰਗਲ ਬਹੁਤ ਸੰਘਣੇ ਹੋਣ ਕਰਕੇ ਜਵਾਨਾਂ ਨੂੰ ਸਖਤ ਟ੍ਰੇਨਿੰਗ ਦਾ ਸਾਹਮਣਾ ਕਰਨਾ ਪੈਂਦਾ। ਪਰ ਪਾਣੀ ਦੀ ਕਮੀ ਹੋਣ ਕਰਕੇ ਜਵਾਨਾਂ ਨੂੰ ਬਹੁਤ ਹੀ ਪਰੇਸ਼ਾਨੀ ਝਲਣੀ ਪੈਂਦੀ ਸੀ। ਇੱਕ ਦਿਨ ਜੰਗਲ ਦੇ ਵਿੱਚ ਕੁਝ ਜਵਾਨ ਆਪਣਾ ਰਸਤਾ ਭੁੱਲ ਗਏ ਅਤੇ ਬਾਕੀ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਗੱਲ ਦਾ ਬਹੁਤ ਹੀ ਫਿਕਰ ਹੋ ਗਿਆ। ਸੀਨੀਅਰ ਅਧਿਕਾਰੀਆਂ ਦੀ ਮਿਹਨਤ ਸਦਕਾ ਇਹਨਾਂ ਜਵਾਨਾਂ ਨੂੰ ਬਹੁਤ ਜਲਦੀ ਲੱਭ ਲਿਆ ਗਿਆ। ਜੰਗਲ ਦੀ ਟ੍ਰੇਨਿੰਗ ਪੂਰੀ ਹੋਣ ਤੇ ਸਾਰੀ ਬਟਾਲੀਅਨ ਵਾਪਸ ਆਪਣੇ ਹੈਡ ਕੁਆਰਟਰ ਆ ਗਈ। ਆਉਂਦਿਆਂ ਹੀ ਜਵਾਨਾਂ ਦੀ ਕਸਮ ਪਰੇਡ ਕਰਵਾਈ ਗਈ।

15-15 ਦਿਨ ਦੀ ਛੁੱਟੀ ਦੇ ਕੇ ਸਾਰੇ ਜਵਾਨਾਂ ਨੂੰ ਘਰ ਭੇਜਿਆ ਗਿਆ। ਸ. ਮਲਕੀਤ ਸਿੰਘ ਦੇ ਪਿੰਡ ਪਹੁੰਚਣ ਤੇ ਉਹਨਾਂ ਦੇ ਘਰ ਦਿਆਂ ਨੇ ਉਹਨਾਂ ਦਾ ਬਹੁਤ ਵਧੀਆ ਸੁਆਗਤ ਕੀਤਾ ਮਲਕੀਤ ਸਿੰਘ ਦਾ ਪਰਿਵਾਰ ਬਹੁਤ ਹੀ ਖੁਸ਼ ਸੀ ਕਿ ਉਹਨਾਂ ਦਾ ਬੇਟਾ ਟ੍ਰੇਨਿੰਗ ਪੂਰੀ ਕਰਕੇ ਘਰ ਆਇਆ ਹੈ। ਛੁੱਟੀ ਖਤਮ ਹੋਣ ਤੇ ਮਲਕੀਤ ਸਿੰਘ ਵਾਪਸ ਆਪਣੀ ਯੂਨਿਟ ਵਿੱਚ ਚਲਾ ਗਿਆ। ਮਲਕੀਤ ਸਿੰਘ ਦਾ ਇੱਕ ਵੱਡਾ ਭਰਾ ਵੀ ਸੀ.ਆਰ.ਪੀ.ਐਫ. ਵਿੱਚ ਸੇਵਾਵਾਂ ਦੇ ਰਿਹਾ ਸੀ। ਯੂਨਿਟ ਵਿੱਚ ਪਹੁੰਚਦਿਆਂ ਹੀ ਉਹਨਾਂ ਨੂੰ ਸਮਾਚਾਰ ਮਿਲਿਆ ਕਿ ਉਹਨਾਂ ਦੇ ਭਰਾ ਨੂੰ ਪੈਰਾਲਾਈਜ ਦਾ ਅਟੈਕ ਆ ਗਿਆ ਹੈ। ਮਲਕੀਤ ਸਿੰਘ ਇਸ ਵੱਲੋਂ ਬਹੁਤ ਫਿਕਰਮੰਦ ਸੀ। ਉਧਰੋਂ ਮਲਕੀਤ ਸਿੰਘ ਦੀ ਬਟਾਲੀਅਨ ਅਸਾਮ ਦੇ ਜੰਗਲਾਂ ਵਿੱਚ ਸਖਤ ਡਿਊਟੀ ਕਰ ਰਹੀ ਸੀ। ਡਿਊਟੀ ਦੇ ਨਾਲ ਨਾਲ ਉਹਨਾਂ ਦਾ ਧਿਆਨ ਆਪਣੇ ਪਰਿਵਾਰ ਵੱਲ ਸੀ। ਅਸਾਮ ਦੇ ਜੰਗਲਾਂ ਵਿੱਚ ਇਹਨਾਂ ਦੀ ਬਟਾਲੀਅਨ ਜੰਮੂ ਕਸ਼ਮੀਰ ਚਲੀ ਗਈ।

ਉਹਨਾਂ ਦੇ ਪਿਤਾ ਨੇ ਸ. ਮਲਕੀਤ ਸਿੰਘ ਦੇ ਵਿਆਹ ਦੀ ਚਰਚਾ ਵੀ ਸ਼ੁਰੂ ਕਰ ਦਿੱਤੀ। ਮਲਕੀਤ ਸਿੰਘ ਦਾ ਵਿਆਹ ਮਾਰਚ 1999 ਨੂੰ ਬੀਬੀ ਗੁਰਮੀਤ ਕੌਰ ਨਾਲ ਕਰ ਦਿੱਤਾ ਗਿਆ। ਵਿਆਹ ਤੋਂ ਬਾਅਦ ਮਲਕੀਤ ਸਿੰਘ ਦੇ ਘਰ 4 ਅਗਸਤ 2001 ਨੂੰ ਵੱਡੇ ਬੇਟੇ ਨੇ ਜਨਮ ਲਿਆ ਅਤੇ 12 ਜੂਨ 2003 ਨੂੰ ਛੋਟੇ ਬੇਟੇ ਨੇ ਜਨਮ ਲਿਆ। ਸਰਦਾਰ ਮਲਕੀਤ ਸਿੰਘ ਜਦੋਂ ਵੀ ਘਰ ਆਉਂਦੇ ਤਾਂ ਬੱਚਿਆਂ ਨਾਲ ਲਾਡ ਲੜਾਉਂਦੇ ਕਦੋਂ ਛੁੱਟੀ ਬਤੀਤ ਹੋ ਜਾਂਦੀ ਪਤਾ ਹੀ ਨਾ ਲੱਗਦਾ। ਛੁੱਟੀ ਖਤਮ ਹੋਣ ਤੇ ਮਲਕੀਤ ਸਿੰਘ ਵਾਪਸ ਆਪਣੀ ਯੂਨਿਟ ਵਿੱਚ ਆ ਕੇ ਰੁਟੀਨ ਦੀ ਤਰ੍ਹਾਂ ਡਿਊਟੀ ਕਰਨ ਲੱਗਦੇ। ਛੁੱਟੀ ਕੱਟ ਕੇ ਵਾਪਸ ਮਲਕੀਤ ਸਿੰਘ ਕਸ਼ਮੀਰ ਪਹੁੰਚ ਗਏ। ਕਸ਼ਮੀਰ ਤੋਂ ਇਹਨਾਂ ਦੀ ਬਟਾਲੀਅਨ ਝਾਰਖੰਡ ਡਿਊਟੀ ਕਰਨ ਚਲੀ ਗਈ। ਝਾਰਖੰਡ ਦੇ ਜੰਗਲਾਂ ਵਿੱਚ ਹਰ ਰੋਜ਼ ਸੀ.ਆਰ.ਪੀ.ਐਫ. ਦਾ ਕਿਤੇ ਨਾ ਕਿਤੇ ਇਨਕਾਊਂਟਰ ਹੁੰਦਾ ਹੀ ਰਹਿੰਦਾ।

ਸੀ.ਆਰ.ਪੀ.ਐਫ. ਦੀ ਝਾਰਖੰਡ ਵਿੱਚ ਬਹੁਤ ਦਹਿਸ਼ਤ ਸੀ ਤਾਂ ਅੱਤਵਾਦੀ ਵੀ ਆਪਣਾ ਟਿਕਾਣਾ ਬਦਲਦੇ ਹੀ ਰਹਿੰਦੇ। ਪਰ ਕਿਤੇ ਨਾ ਕਿਤੇ ਅੱਤਵਾਦੀਆਂ ਦੇ ਵੱਡੇ-ਵੱਡੇ ਗਰੁੱਪ ਸੀ.ਆਰ.ਪੀ.ਐਫ. ਨਾਲ ਟਕਰਾ ਜਾਂਦੇ। ਇੱਕ ਦਿਨ ਸੀ. ਆਰ.ਪੀ.ਐਫ. ਦੀ ਬਟਾਲੀਅਨ ਪੈਦਲ ਹੀ ਜੰਗਲ ਵਿੱਚ ਡਿਊਟੀ ਕਰ ਰਹੀ ਸੀ। ਜੰਗਲ ਦੇ ਦਰਖਤਾਂ ਦੇ ਉੱਪਰੋਂ ਅੱਤਵਾਦੀਆਂ ਦੇ ਵੱਡੇ ਗਰੁੱਪ ਨੇ ਸੀ.ਆਰ.ਪੀ.ਐਫ. ਦੀ ਟੁਕੜੀ ਤੇ ਹਮਲਾ ਕਰ ਦਿੱਤਾ। ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਵੀ ਹੱਦਾ ਧੁੰਦ ਜਵਾਬ ਦਿੱਤਾ ਅਤੇ ਫਾਇਰ ਸ਼ੁਰੂ ਕਰ ਦਿੱਤੇ।

ਦੋਨਾਂ ਦੇ ਇਨਕਾਊਂਟਰ ਚੱਲਣ ਨਾਲ ਕੁਝ ਅੱਤਵਾਦੀ ਵੀ ਮਾਰੇ ਗਏ ਅਤੇ ਕੁਝ ਸੀ.ਆਰ.ਪੀ.ਐਫ. ਦੇ ਜਵਾਨ ਵੀ ਸ਼ਹੀਦ ਹੋ ਗਏ। ਜਦੋਂ ਜਖਮੀ ਜਵਾਨਾਂ ਨੂੰ ਹਸਪਤਾਲ ਲਜਾਇਆ ਗਿਆ ਤਾਂ ਪਤਾ ਲੱਗਾ ਕਿ ਮਲਕੀਤ ਸਿੰਘ ਦੀ ਸ਼ਹੀਦੀ ਹੋ ਗਈ। 10/02/2003 ਨੂੰ ਮਲਕੀਤ ਸਿੰਘ ਸੀ.ਆਰ.ਪੀ.ਐਫ. ਨੂੰ ਅਲਵਿਦਾ ਕਹਿ ਗਏ। ਸੀਨੀਅਰ ਅਧਿਕਾਰੀਆਂ ਨੇ ਸ਼ਹੀਦ ਜਵਾਨਾਂ ਦੇ ਸਰੀਰ ਆਪਣੇ ਕਬਜ਼ੇ ਵਿੱਚ ਲੈ ਲਏ ਅਤੇ ਜਖਮੀਆਂ ਦਾ ਇਲਾਜ ਹਸਪਤਾਲ ਵਿੱਚ ਹੀ ਸ਼ੁਰੂ ਕਰਵਾ ਦਿੱਤਾ।
ਸ਼ਹੀਦ ਮਲਕੀਤ ਸਿੰਘ ਦੀ ਸ਼ਹੀਦੀ ਦੀ ਖਬਰ ਜਦੋਂ ਉਹਨਾਂ ਦੇ ਪਿੰਡ ਮੁਗਲ ਚੱਕ ਵਿਖੇ ਪਤਾ ਲੱਗੀ ਤਾਂ ਘਰ ਵਿੱਚ ਚੀਕ ਚਿਹਾੜਾ ਪੈ ਗਿਆ ਅਤੇ ਪਿੰਡ ਦਾ ਸਾਰਾ ਭਾਈਚਾਰਾ ਉਹਨਾਂ ਦੇ ਘਰ ਪਹੁੰਚ ਗਿਆ। ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਚਾਰ ਦਿਨਾਂ ਬਾਅਦ ਸੀ.ਆਰ.ਪੀ.ਐਫ. ਦੀਆਂ ਗੱਡੀਆਂ ਵਿੱਚ ਸ਼ਹੀਦ ਮਲਕੀਤ ਸਿੰਘ ਦਾ ਮ੍ਰਿਤਕ ਸਰੀਰ ਉਹਨਾਂ ਦੇ ਪਿੰਡ ਮੁਗਲ ਚੱਕ ਵਿਖੇ ਲਿਆਂਦਾ ਗਿਆ ਤਾਂ ਘਰ ਵਾਲੇ ਅਤੇ ਪਿੰਡ ਵਾਲੇ ਰੋਂਦੇ ਕੁਰਲਾਉਂਦੇ ਗੱਡੀ ਕੋਲ ਪਹੁੰਚ ਗਏ।

ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਗੱਡੀ ਚੋਂ ਉਤਾਰ ਕੇ ਸ਼ਹੀਦ ਮਲਕੀਤ ਸਿੰਘ ਦਾ ਮਿ੍ਤਕ ਸਰੀਰ ਅੰਤਿਮ ਦਰਸ਼ਨਾਂ ਲਈ ਰੱਖ ਦਿੱਤਾ। ਪਿੰਡ ਦੇ ਲੋਕ ਅਤੇ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਸ਼ਹੀਦ ਮਲਕੀਤ ਸਿੰਘ ਜਿੰਦਾਬਾਦ……ਸ਼ਹੀਦ ਮਲਕੀਤ ਸਿੰਘ ਅਮਰ ਰਹੇ…….ਭਾਰਤ ਮਾਤਾ ਦੀ ਜੈ……ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਨਾਅਰੇ ਲਗਾਉਂਦੇ ਹੀ ਗੱਡੀ ਦੇ ਨਾਲ ਸ਼ਹੀਦ ਮਲਕੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਲੈ ਕੇ ਸ਼ਮਸ਼ਾਨ ਘਾਟ ਪਹੁੰਚ ਗਏ। ਸੀ.ਆਰ.ਪੀ.ਐਫ. ਦੀ ਪਰੰਪਰਾ ਅਨੁਸਾਰ ਜਵਾਨਾਂ ਨੇ ਫਾਇਰ ਕਰਕੇ ਸ਼ਹੀਦ ਮਲਕੀਤ ਸਿੰਘ ਨੂੰ ਸਲਾਮੀ ਭੇਟ ਕੀਤੀ। ਸੀ.ਆਰ.ਪੀ.ਐਫ. ਦੇ ਉੱਚ ਅਧਿਕਾਰੀਆਂ ਨੇ ਸ਼ਹੀਦ ਮਲਕੀਤ ਸਿੰਘ ਨੂੰ ਸਲੂਟ ਮਾਰ ਕੇ ਅਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ।

ਸ਼ਹੀਦੀ ਤੋਂ ਕੁਝ ਮਹੀਨਿਆਂ ਬਾਅਦ ਪਿੰਡ ਮੁਗਲ ਚੱਕ ਦੇ ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀ ਡੀਸੀ ਕੇਹਰ ਸਿੰਘ ਨੇ ਪਿੰਡ ਦੇ ਭਾਈਚਾਰੇ ਨਾਲ ਗੱਲਬਾਤ ਕੀਤੀ ਅਤੇ ਸ਼ਹੀਦ ਮਲਕੀਤ ਸਿੰਘ ਦਾ ਗੇਟ ਬਣਾਉਣ ਲਈ ਸਭ ਨਾਲ ਸਲਾਹ ਮਸ਼ਵਰਾ ਕੀਤਾ। ਸਾਰੇ ਪਿੰਡ ਦੇ ਲੋਕਾਂ ਨੇ ਸ਼ਹੀਦ ਮਲਕੀਤ ਸਿੰਘ ਦਾ ਗੇਟ ਬਣਾਉਣ ਲਈ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਕੁਝ ਹੀ ਦਿਨਾਂ ਵਿੱਚ ਮਲਕੀਤ ਸਿੰਘ ਦਾ ਸ਼ਹੀਦੀ ਗੇਟ ਉਹਨਾਂ ਦੇ ਪਿੰਡ ਦੇ ਮੇਨ ਰੋਡ ਤੇ ਉਸਾਰਿਆ ਗਿਆ ਅਤੇ 2005 ਵਿੱਚ ਸ਼ਹੀਦ ਮਲਕੀਤ ਸਿੰਘ 22 ਬਟਾਲੀਅਨ ਦਾ ਗੇਟ ਮੁਕੰਮਲ ਹੋ ਗਿਆ। ਡੀਸੀ ਕੇਹਰ ਸਿੰਘ ਜੋ ਇਸ ਵੇਲੇ ਕਾਫੀ ਬਜ਼ੁਰਗ ਹੋ ਗਏ ਹਨ ਫਿਰ ਵੀ ਇਸ ਸ਼ਹੀਦੀ ਦੇ ਦਰਸ਼ਨਾਂ ਲਈ ਗੇਟ ਕੋਲ ਪਹੁੰਚ ਕੇ ਉਹਨਾਂ ਨੂੰ ਸਲੂਟ ਕਰਦੇ ਹਨ। ਸ਼ਹੀਦ ਮਲਕੀਤ ਸਿੰਘ ਦਾ ਪਰਿਵਾਰ ਅਤੇ ਉਹਨਾਂ ਦੀ ਧਰਮ ਪਤਨੀ ਗੁਰਮੀਤ ਕੌਰ ਸ਼ਹੀਦ ਮਲਕੀਤ ਸਿੰਘ ਦੀ ਹਰ ਸਾਲ ਬਰਸੀ ਮਨਾਉਂਦੇ ਹਨ। ਇਸ ਬਰਸੀ ਮੌਕੇ ਸੀ.ਆਰ.ਪੀ.ਐਫ. ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਅਤੇ ਹੋਰ ਅਹੁਦੇਦਾਰ ਵੀ ਪਹੁੰਚਦੇ ਹਨ।

ਗੁਰਮੀਤ ਕੌਰ ਸੀ.ਆਰ.ਪੀ.ਐਫ. ਐਸੋਸੀਏਸ਼ਨ ਦੀ ਮਹੀਨਾਬਾਰ ਮੀਟਿੰਗ ਵਿੱਚ ਵੀ ਆਉਂਦੇ ਹਨ ਅਤੇ ਆਪਣਾ ਹਰ ਦੁੱਖ ਸੁੱਖ ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀਆਂ ਅਤੇ ਵੈਲਫੇਅਰ ਐਸੋਸੀਏਸ਼ਨ ਦੇ ਨਾਲ ਸਾਂਝਾ ਕਰਦੇ ਹਨ। ਸੀ.ਆਰ.ਪੀ.ਐਫ. ਐਸੋਸੀਏਸ਼ਨ ਇਸ ਗੱਲੋਂ ਵਚਨਬੱਧ ਹੈ ਕਿ ਅਸੀਂ ਹਰ ਸ਼ਹੀਦ ਦੇ ਪਰਿਵਾਰਾਂ ਦਾ ਧਿਆਨ ਰੱਖਾਂਗੇ। ਗਰੁੱਪ ਸੈਂਟਰ ਦੇ ਡੀਆਈਜੀ ਰਕੇਸ਼ ਰਾਓ ਵੀ ਸ਼ਹੀਦ ਪਰਿਵਾਰਾਂ ਅਤੇ ਐਕਸਮੈਨ ਨਾਲ ਹਰ ਮਹੀਨਾਵਾਰ ਮੀਟਿੰਗ ਵਿੱਚ ਮੁਲਾਕਾਤ ਕਰਦੇ ਹਨ ਅਤੇ ਭਰੋਸਾ ਦਿੰਦੇ ਹਨ ਕਿ ਮੈਂ ਤੁਹਾਡੀ ਹਰ ਮੁਸ਼ਕਲ ਦਾ ਹੱਲ ਕਰਨ ਲਈ ਤਿਆਰ ਹਾਂ। ਐਕਸਮੈਨ ਅਤੇ ਸ਼ਹੀਦ ਪਰਿਵਾਰ ਗਰੁੱਪ ਸੈਂਟਰ ਦੇ ਡੀਆਈਜੀ ਅਤੇ ਐਸੋਸੀਏਸ਼ਨ ਦਾ ਧੰਨਵਾਦ ਕਰਦੇ ਹਨ ਜੋ ਉਹਨਾਂ ਨੂੰ ਹਰ ਨਵੀਂ ਜਾਣਕਾਰੀ ਦਿੰਦੇ ਹਨ ਅਤੇ ਸੈਂਟਰ ਅਤੇ ਪੰਜਾਬ ਗੌਰਮੈਂਟ ਦੇ ਆਏ ਹੋਏ ਨਵੇਂ ਹੁਕਮਾਂ ਦੀ ਜਾਣਕਾਰੀ ਵੀ ਦਿੰਦੇ ਹਨ।
ਮਨੁੱਖਤਾ ਦਿਲ ਚੋਂ ਕਦੇ ਨਾ ਮੁੱਕੇ,
ਆਵਣ-ਜਾਵਣ ਦੁੱਖ ਤੇ ਸੁਖ ।
ਜਾਤ-ਪਾਤ, ਮਜ਼ਹਬ ਨਾ ਵੇਖਣ,
ਢਿਡ੍ਹ ਦੀ ਭੁੱਖ, ਤੇ ਨਿੱਮ ਦਾ ਰੁੱਖ ।
ਵਿਰਸਾ ਆਪਣਾ ਗੁਰੂਆਂ ਦੀ ਬਾਣੀ,
ਨਹੀਂ ਕੋਈ ਲੋੜ ਵਸੀਤਾਂ ਦੀ ।
ਜੀਉਂਦੇ ਜੀ ਅਸੀਂ ਭੁੱਲ ਨਹੀਂ ਸਕਦੇ,
ਦੇਣ ਬੁਜ਼ੁਰਗਾਂ ਦੀ, ਤੇ ਤੇਗ ਸ਼ਹੀਦਾਂ ਦੀ ।
ਪੈਸਾ, ਰੁਤਬਾ ਨਾਲ ਨਹੀਂ ਜਾਣਾ,
ਵੇ ਗੱਲ ਮਨ ਇਸ ਲਾਈ-ਲੱਗ ਦੀ ।
ਮੇਹਰ ਸਾਈਂ ਨਾਲ ਰਵੇ ਹਮੇਸ਼ਾ,
ਰਾਵੀ ਵਗਦੀ, ਤੇ ਅਣਖ ਇਸ ਪੱਗ ਦੀ ।
ਹਰੇ-ਭਰੇ ਤੇ ਰਹਿਣ ਮਹਿਕਦੇ,
ਆਪਣਾ ਪਿੰਡ, ਤੇ ਆਪਣੇ ਖੇਤ ।
ਦੋ ਚੀਜ਼ਾਂ ਤੋਂ ਜਾਨ ਮੈਂ ਵਾਰਾਂ,
ਇਕ ਪੰਜਾਬ, ਤੇ ਇਕ ਮੇਰਾ ਦੇਸ਼ ।
ਜੈ ਹਿੰਦ🫡🫡

















































