CRPF ਦਾ ਯੋਧਾ, ਸ਼ਹੀਦ ਨਾਨਕ ਸਿੰਘ ਦੀ ਝਾਰਖੰਡ ਦੇ ਜੰਗਲਾਂ ਵਿਚ ਕਿਵੇਂ ਹੋਏ ਸ਼ਹੀਦ

ਜਲੰਧਰ (ਸੁਲਿੰਦਰ ਕੰਢੀ) – ਸ਼ਹੀਦ ਨਾਨਕ ਸਿੰਘ 136 ਬਟਾਲੀਅਨ ਸੀ.ਆਰ.ਪੀ.ਐਫ. ਪਿੰਡ ਗਰਲੋ ਬੇਟ ਜਿਲ੍ਹਾਂ ਨਵਾਂਸ਼ਹਿਰ ਦਾ ਜਨਮ 5 ਜੂਨ 1968 ਨੂੰ ਪਿਤਾ ਜੀਤ ਸਿੰਘ ਦੇ ਘਰ ਹੋਇਆ। ਬੇਟੇ ਦੀ ਖੁਸ਼ੀ ਵਿੱਚ ਪਿਤਾ ਨੇ ਸਭ ਤੋਂ ਪਹਿਲਾਂ ਗੁਰਦੁਆਰੇ ਜਾ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਨਾਨਕ ਸਿੰਘ ਨੂੰ ਉਹਨਾਂ ਦੇ ਮਾਤਾ ਪਿਤਾ ਨੇ ਬਹੁਤ ਹੀ ਚਾਵਾਂ ਨਾਲ ਪਾਲਿਆ। ਪੰਜ ਸਾਲ ਦਾ ਹੋਣ ਤੇ ਨਾਨਕ ਸਿੰਘ ਨੂੰ ਉਹਨਾਂ ਦੇ ਪਿਤਾ ਨੇ ਸਰਕਾਰੀ ਹਾਈ ਸਕੂਲ ਗਰਲੋ ਬੇਟ ਦਾਖਲ ਕਰਵਾ ਦਿੱਤਾ। ਪਹਿਲੀ ਤੋਂ ਦਸਵੀਂ ਤੱਕ ਦੀ ਪੜ੍ਹਾਈ ਉਹਨਾਂ ਨੇ ਗਰਲੋ ਬੇਟ ਵਿੱਚੋਂ ਹੀ ਕੀਤੀ। ਇਹਨਾਂ ਦੇ ਪਿਤਾ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਸਨ। ਇੱਕ ਦਿਨ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਸੀ.ਆਰ.ਪੀ.ਐਫ. ਵਿੱਚ ਭਰਤੀ ਨਿਕਲੀ ਹੈ ਤਾਂ ਪਿਤਾ ਜੀਤ ਸਿੰਘ ਨੇ ਆਪਣੇ ਬੇਟੇ ਨਾਨਕ ਸਿੰਘ ਨੂੰ ਇਸ ਬਾਰੇ ਦੱਸਿਆ ਤਾਂ ਨਾਨਕ ਸਿੰਘ ਭਰਤੀ ਦੇਖਣ ਲਈ ਗਰੁੱਪ ਸੈਂਟਰ ਜਲੰਧਰ ਵਿਖੇ ਪਹੁੰਚ ਗਏ। ਸਾਰੇ ਟਰਾਇਲ ਹੋਣ ਤੋਂ ਬਾਅਦ ਨਾਨਕ ਸਿੰਘ ਨੂੰ ਸੀ.ਆਰ.ਪੀ.ਐਫ. ਦੀ 136 ਬਟਾਲੀਅਨ ਵਿੱਚ ਭਰਤੀ ਕਰ ਲਿਆ।

ਕੁਝ ਦਿਨਾਂ ਬਾਅਦ ਨਾਨਕ ਸਿੰਘ ਨੂੰ ਟ੍ਰੇਨਿੰਗ ਲਈ ਗਰੁੱਪ ਸੈਂਟਰ ਅਬਾੜੀ ਵਿਖੇ ਭੇਜ ਦਿੱਤਾ ਗਿਆ। ਟਰੇਨਿੰਗ ਸੈਂਟਰ ਪਹੁੰਚਣ ਤੇ ਇਹਨਾਂ ਨੂੰ ਫੋਰਸ ਨੰਬਰ ਅਤੇ ਹੋਰ ਸੀ.ਆਰ.ਪੀ.ਐਫ. ਦਾ ਜਰੂਰੀ ਸਮਾਨ ਦਿੱਤਾ ਗਿਆ। ਨਾਨਕ ਸਿੰਘ ਬਹੁਤ ਹੀ ਦਿਲ ਲਗਾ ਕੇ ਟਰੇਨਿੰਗ ਕਰਦੇ ਸਨ। ਰੱਸੇ ਤੇ ਚੜਨਾ, ਘੋੜਾ ਟੱਪਣਾ ਤੇ ਹੋਰ ਸਟੰਟ ਬੜੇ ਉਤਸਾਹ ਨਾਲ ਕਰਦੇ ਸਨ। ਨਾਨਕ ਸਿੰਘ ਬਹੁਤ ਹੀ ਚੁਸਤ ਤੇ ਫੁਰਤੀਲਾ ਹੋਣਹਾਰ ਨੌਜਵਾਨ ਸੀ। ਉਸਤਾਦਾਂ ਦੀ ਹਰ ਇੱਕ ਗੱਲ ਨੂੰ ਬਹੁਤ ਧਿਆਨ ਨਾਲ ਸੁਣਦਾ ਤੇ ਕੰਮ ਕਰਦਾ। ਆਪਣੀ ਬਟਾਲੀਅਨ ਦੇ ਵਿੱਚ ਨਾਨਕ ਸਿੰਘ ਆਪਣੇ ਕੰਮਾਂ ਦੇ ਨਾਲ ਨਾਲ ਹੋਰ ਜਵਾਨਾਂ ਦੀ ਵੀ ਮਦਦ ਕਰਦੇ ਸਨ। ਉਸਤਾਦ ਨਾਨਕ ਸਿੰਘ ਤੋਂ ਬਹੁਤ ਖੁਸ਼ ਸਨ ਕਿਉਂਕਿ ਨਾਨਕ ਸਿੰਘ ਦਫਤਰੀ ਕੰਮਾਂ ਵਿੱਚ ਵੀ ਉਨ੍ਹਾਂ ਦੀ ਬਹੁਤ ਮੱਦਦ ਕਰਦੇ ਸਨ।

ਜਨਰਲ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਇਹਨਾਂ ਦੀ ਬਟਾਲੀਅਨ ਜੰਗਲ ਕੈਂਪ ਲਈ ਚਲੀ ਗਈ। ਸੀ.ਆਰ.ਪੀ.ਐਫ. ਦੇ ਸੀਨੀਅਰ ਅਫਸਰਾਂ ਨੇ ਸਾਰੀ ਜਾਣਕਾਰੀ ਇਹਨਾਂ ਜਵਾਨਾਂ ਨੂੰ ਦਿੱਤੀ ਅਤੇ ਜੰਗਲ ਵਿੱਚੋਂ ਕੋਈ ਵੀ ਚੀਜ਼ ਖਾਣ ਤੋਂ ਮਨੵਾਂ ਵੀ ਕੀਤਾ। ਇਕ ਦਿਨ ਅਚਾਨਕ ਜੰਗਲ ਵਿੱਚ ਕੁਝ ਖਤਰਨਾਕ ਜਾਨਵਰਾਂ ਨੂੰ ਦੇਖਿਆ ਗਿਆ ਤਾਂ ਨਾਨਕ ਸਿੰਘ ਨੇ ਇਹ ਸਾਰੀ ਜਾਣਕਾਰੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਤਾਂ ਸੀਨੀਅਰ ਅਧਿਕਾਰੀਆਂ ਨੇ ਜਵਾਨਾਂ ਦੀ ਸੁਰੱਖਿਆ ਲਈ ਕੈਂਪ ਤੇ ਆਲੇ ਦੁਆਲੇ ਮਜਬੂਤੀ ਨਾਲ ਤਾਰ ਲਗਵਾ ਦਿੱਤੀ ਅਤੇ ਜਵਾਨਾਂ ਨੂੰ ਸੁਰੱਖਿਅਤ ਕਰ ਲਿਆ। ਜਵਾਨ ਲਗਾਤਾਰ ਆਪਣੀ ਜੰਗਲ ਟਰੇਨਿੰਗ ਕਰ ਰਹੇ ਸਨ ਤਾਂ ਸੀਨੀਅਰ ਅਧਿਕਾਰੀ ਹਰ ਰੋਜ ਨਵੀਆਂ ਨਵੀਆਂ ਜਾਣਕਾਰੀਆਂ ਇਹਨਾਂ ਨੌਜਵਾਨਾਂ ਨੂੰ ਦੱਸਦੇ। ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀ ਨਾਨਕ ਸਿੰਘ ਨੂੰ ਬਹੁਤ ਹੀ ਜਿੰਮੇਵਾਰ ਨੌਜਵਾਨ ਸਮਝਦੇ ਸਨ। ਟ੍ਰੇਨਿੰਗ ਪੂਰੀ ਹੋਣ ਤੇ ਬਟਾਲੀਅਨ ਵਾਪਸ ਆਪਣੇ ਹੈਡ ਕੁਆਰਟਰ ਵਾਪਸ ਆ ਗਈ।

ਕਸਮ ਪਰੇਡ ਹੋਣ ਤੋਂ ਬਾਅਦ ਇਹਨਾਂ ਜਵਾਨਾਂ ਨੂੰ 15 ਦਿਨ ਦੀ ਛੁੱਟੀ ਦਿੱਤੀ ਗਈ। ਜਦੋਂ ਨਾਨਕ ਸਿੰਘ ਪਿੰਡ ਪਹੁੰਚੇ ਤਾਂ ਇਹਨਾਂ ਦੇ ਪਰਿਵਾਰ ਦੀ ਖੁਸ਼ੀ ਸਮਾਈ ਨਹੀਂ ਜਾ ਰਹੀ ਸੀ। ਨਾਨਕ ਸਿੰਘ ਆਪਣੀ ਟ੍ਰੇਨਿੰਗ ਦੀਆਂ ਗੱਲਾਂ ਆਪਣੇ ਪਰਿਵਾਰ ਨਾਲ ਸਾਂਝੀਆਂ ਕਰਦੇ। ਘਰ ਵਾਲੇ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਪ੍ਰਸੰਨ ਹੁੰਦੇ। ਛੁੱਟੀ ਪੂਰੀ ਹੋਣ ਤੇ ਨਾਨਕ ਸਿੰਘ ਵਾਪਸ ਆਪਣੀ ਯੂਨਿਟ ਵਿੱਚ ਚਲੇ ਜਾਂਦੇ। ਫਿਰ ਇਹਨਾਂ ਦੀ ਯੂਨਿਟ ਸ੍ਰੀਨਗਰ ਮੂਵ ਹੋ ਗਈ। ਸ੍ਰੀਨਗਰ ਵਿੱਚ ਵੀ ਨਾਨਕ ਸਿੰਘ ਬਹੁਤ ਹੀ ਜਿੰਮੇਵਾਰੀ ਨਾਲ ਆਪਣੇ ਫਰਜ ਨਿਭਾਉਂਦੇ ਸਨ। ਇਸੇ ਤਰ੍ਹਾਂ ਨਾਨਕ ਸਿੰਘ ਮਹਿਕਮੇ ਦੇ ਹੁਕਮਾਂ ਅਨੁਸਾਰ ਕਦੇ ਕਦਾਈ ਘਰੇ ਛੁੱਟੀ ਆਉਂਦੇ ਅਤੇ ਫਿਰ ਛੁੱਟੀ ਕੱਟ ਕੇ ਵਾਪਸ ਆਪਣੀ ਡਿਊਟੀ ਤੇ ਚਲੇ ਜਾਂਦੇ।

ਸ੍ਰੀਨਗਰ ਤੋਂ 136 ਬਟਾਲੀਅਨ ਅਸਾਮ ਡਿਊਟੀ ਲਈ ਚਲੀ ਗਈ। ਅਸਾਮ ਤੋਂ ਨਾਨਕ ਸਿੰਘ ਜਦੋਂ ਆਪਣੇ ਘਰ ਛੁੱਟੀ ਕੱਟਣ ਆਉਦੇ ਤਾਂ 20/12/1996 ਨੂੰ  ਇਹਨਾਂ ਦਾ ਵਿਆਹ ਕਰ ਦਿੱਤਾ ਗਿਆ। ਵਿਆਹ ਦੇ ਮੌਕੇ 136 ਬਟਾਲੀਅਨ ਦੇ ਕੁਝ ਜਵਾਨ ਵੀ ਪਹੁੰਚੇ। ਪੰਜਾਬ ਦੇ ਸੱਭਿਆਚਾਰ ਦਾ ਪੂਰਾ ਆਨੰਦ ਲੈਦੇ। ਨਾਨਕ ਸਿੰਘ ਦੀ ਧਰਮ ਪਤਨੀ ਨਰਿੰਦਰ ਕੌਰ ਪਿੰਡ ਰਾਮਪੁਰ ਬਿਲੜੋ ਦੀ ਰਹਿਣ ਵਾਲੀ ਸੀ। ਸੀ.ਆਰ.ਪੀ.ਐਫ. ਦੇ ਜਵਾਨ ਨਾਲ ਵਿਆਹ ਕਰਵਾ ਕੇ ਉਸ ਨੂੰ ਇੱਕ ਵੱਖਰੀ ਹੀ ਚੀਜ਼ ਮਹਿਸੂਸ ਹੋ ਰਹੀ ਸੀ। ਇਸੇ ਤਰ੍ਹਾਂ ਹੀ ਵਿਆਹ ਤੋਂ ਬਾਅਦ ਨਾਨਕ ਸਿੰਘ ਵਾਪਸ ਆਪਣੀ ਬਟਾਲੀਅਨ ਵਿੱਚ ਚਲੇ ਗਏ।

ਨਾਨਕ ਸਿੰਘ ਦੇ ਘਰੇ ਦੋ ਬੱਚਿਆਂ ਨੇ ਜਨਮ ਲਿਆ। ਜਦੋਂ ਪਹਿਲੇ ਬੱਚੇ ਦਾ ਜਨਮ ਨਾਨਕ ਸਿੰਘ ਨੂੰ ਪਤਾ ਲੱਗਿਆ ਤਾਂ ਉਹ ਤੁਰੰਤ ਛੁੱਟੀ ਲੈ ਕੇ ਆਪਣੇ ਬੱਚੇ ਨੂੰ ਦੇਖਣ ਪਿੰਡ ਆ ਗਏ। ਪਿੰਡ ਪਹੁੰਚ ਕੇ ਉਹਨਾਂ ਆਪਣੀ ਖੁਸ਼ੀ ਪਰਿਵਾਰ ਨਾਲ ਸਾਂਝੀ ਕੀਤੀ। ਛੁੱਟੀ ਪੂਰੀ ਹੋਣ ਤੇ ਵਾਪਸ ਆਪਣੇ ਬਟਾਲੀਅਨ ਚਲੇ ਗਏ। ਨਾਨਕ ਸਿੰਘ ਦੇ ਘਰ ਕੁਝ ਸਾਲ ਬਾਅਦ ਦੂਸਰੇ ਬੱਚੇ ਨੇ ਵੀ ਜਨਮ ਲਿਆ। ਇਹਨਾਂ ਬੱਚਿਆਂ ਦੀ ਜੋੜੀ ਬਣਨ ਤੇ ਪਰਿਵਾਰ ਅਤੇ ਨਾਨਕ ਸਿੰਘ ਬਹੁਤ ਖੁਸ਼ ਸਨ। ਇਸੇ ਤਰ੍ਹਾਂ ਨਾਨਕ ਸਿੰਘ ਆਪਣੇ ਪਰਿਵਾਰ ਨੂੰ ਮਿਲ ਕੇ ਵਾਪਸ ਆਪਣੀ ਬਟਾਲੀਅਨ ਦੇਸ਼ ਦੀ ਰਾਖੀ ਲਈ ਚਲੇ ਜਾਂਦੇ।

ਉਸ ਸਮੇਂ ਝਾਰਖੰਡ ਵਿੱਚ ਅੱਤਵਾਦ ਦਾ ਬਹੁਤ ਜੋਰ ਸੀ। ਹਰ ਰੋਜ਼ ਸੀ.ਆਰ.ਪੀ.ਐਫ. ਅਤੇ ਅੱਤਵਾਦੀਆਂ ਦੀ ਕਿਤੇ ਨਾ ਕਿਤੇ ਮੁਠਭੇੜ ਹੁੰਦੀ ਹੀ ਰਹਿੰਦੀ ਸੀ। ਉਥੋਂ ਦੇ ਸਿਵਲ ਲੋਕਾਂ ਦਾ ਵੀ ਸਮਾਜ ਵਿੱਚ ਰਹਿਣਾ ਬਹੁਤ ਔਖਾ ਸੀ। ਹਰ ਰੋਜ਼ ਅੱਤਵਾਦੀ ਕਿਸੇ ਨਾ ਕਿਸੇ ਪਿੰਡ ਵਿੱਚ ਜਾ ਕੇ ਲੋਕਾਂ ਦਾ ਨੁਕਸਾਨ ਕਰ ਦਿੰਦੇ ਸਨ। ਸੀ.ਆਰ.ਪੀ.ਐਫ. ਦੀਆਂ ਟੀਮਾਂ ਵੀ ਜੰਗਲਾਂ ਵਿੱਚ ਅਲੱਗ ਅਲੱਗ ਜਗ੍ਹਾ ਤੇ ਗਸਤ ਕਰਦੀਆਂ ਰਹਿੰਦੀਆਂ ਸਨ ਤਾਂ ਜੋ ਹੋਰ ਵੀ ਲੋਕਾਂ ਦਾ ਨੁਕਸਾਨ ਨਾ ਹੋ ਸਕੇ। ਇਸੇ ਤਰ੍ਹਾਂ ਹਰ ਰੋਜ਼ ਸੀਂ.ਆਰ.ਪੀ.ਐਫ. ਆਪਣੀ ਡਿਊਟੀ ਤੇ ਚੱਲੀ ਜਾਂਦੀ।

ਇੱਕ ਦਿਨ ਜਦੋਂ 136 ਬਟਾਲੀਅਨ ਦੀ ਟੀਮ ਜੰਗਲ ਵਿੱਚ ਸਰਚ ਆਪਰੇਸ਼ਨ ਕਰ ਰਹੀ ਸੀ ਤਾਂ ਅਚਾਨਕ ਜੰਗਲ ਵਿੱਚ ਕੋਈ ਬਕਸਾ ਜਿਹਾ ਪਿਆ ਦੇਖਿਆ। ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਇਸ ਬਕਸੇ ਤੇ ਸ਼ੱਕ ਹੋਇਆ ਤਾਂ ਉਹ ਜਵਾਨ ਉਸ ਬਕਸੇ ਨੂੰ ਜਦੋਂ ਚੈੱਕ ਕਰਨ ਲੱਗੇ ਤਾਂ ਅਚਾਨਕ ਬਕਸੇ ਵਿੱਚੋਂ ਬੰਬ ਬਲਾਸਟ ਹੋ ਗਿਆ। ਸੀ.ਆਰ.ਪੀ.ਐਫ. ਦੇ ਕੁਝ ਜਵਾਨ ਜ਼ਖਮੀ ਹੋ ਗਏ। ਜਿਸ ਵਿੱਚ ਨਾਨਕ ਸਿੰਘ ਵੀ ਸੀ। ਇਹਨਾਂ ਸਾਰਿਆਂ ਜਵਾਨਾਂ ਨੂੰ ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀ ਹਸਪਤਾਲ ਲੈ ਗਏ। ਜਿਥੇ ਡਾਕਟਰਾਂ ਨੇ ਨਾਨਕ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। 05/10/2005 ਨੂੰ ਸ਼ਹੀਦ ਨਾਨਕ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਜਖਮੀ ਜਵਾਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸੀਨੀਅਰ ਅਧਿਕਾਰੀ ਸ਼ਹੀਦ ਨਾਨਕ ਸਿੰਘ ਨੂੰ ਤਿਰੰਗੇ ਵਿੱਚ ਲਪੇਟ ਕੇ ਬਟਾਲੀਅਨ ਹੈਡਕੁਆਟਰ ਵਿਖੇ ਲੈ ਆਏ।

ਸ਼ਹੀਦ ਨਾਨਕ ਸਿੰਘ ਦੀ ਸ਼ਹੀਦੀ ਦੀ ਖਬਰ ਗਰੁੱਪ ਸੈਂਟਰ ਜਲੰਧਰ ਨੂੰ ਵੀ ਦੇ ਦਿੱਤੀ ਗਈ। ਗਰੁੱਪ ਸੈਂਟਰ ਜਲੰਧਰ ਦੀ ਟੀਮ ਸ਼ਹੀਦ ਨਾਨਕ ਸਿੰਘ ਦੇ ਪਿੰਡ ਪਹੁੰਚ ਗਈ। ਇਹ ਖਬਰ ਜਦੋਂ ਉਹਨਾਂ ਦੇ ਪਿਤਾ ਜੀਤ ਸਿੰਘ ਨੂੰ ਦੱਸੀ ਤਾਂ ਉਹਨਾਂ ਦਾ ਪਿਤਾ ਰੋਂਦਾ ਰੋਂਦਾ ਧਰਤੀ ਤੇ ਬੈਠ ਗਿਆ, ਉਸਨੂੰ ਦੇਖ ਕੇ ਸ਼ਹੀਦ ਨਾਨਕ ਸਿੰਘ ਦੀ ਧਰਮ ਪਤਨੀ ਨਰਿੰਦਰ ਕੌਰ ਅਤੇ ਬਾਕੀ ਪਰਿਵਾਰ ਵੀ ਭੱਜ ਕੇ ਆ ਗਏ। ਜਦੋਂ ਇਹਨਾਂ ਸਾਰਿਆਂ ਨੂੰ ਸ਼ਹੀਦ ਨਾਨਕ ਸਿੰਘ ਦੀ ਸ਼ਹੀਦੀ ਦਾ ਪਤਾ ਲੱਗਿਆ ਤਾਂ ਸਾਰਾ ਟੱਬਰ ਢੇਹ ਢੇਰੀ ਹੋ ਗਿਆ। ਪਿੰਡ ਵਿੱਚ ਹਾਹਾਕਾਰ ਮੱਚ ਗਈ ਅਤੇ ਪੂਰੇ ਪਿੰਡ ਵਿੱਚ ਸ਼ਹੀਦ ਨਾਨਕ ਸਿੰਘ ਦੀ ਸ਼ਹੀਦੀ ਦੀ ਖਬਰ ਸੁਣ ਕੇ ਸੋਗ ਛਾ ਗਿਆ। ਸ਼ਹੀਦ ਨਾਨਕ ਸਿੰਘ ਦੇ ਘਰ ਬੱਚਿਆਂ ਸਮੇਤ ਰੋਣਾ ਕੁਰਲਾਉਣਾ ਸ਼ੁਰੂ ਹੋ ਗਿਆ। ਜਲੰਧਰ ਗਰੁੱਪ ਸੈਂਟਰ ਤੋਂ ਗਏ ਹੋਏ ਜਵਾਨਾਂ ਨੇ ਪਰਿਵਾਰ ਨੂੰ ਦਿਲਾਸਾ ਦਿੱਤਾ ਅਤੇ ਪਿਤਾ ਜੀਤ ਸਿੰਘ ਨੇ ਸਾਰੇ ਪਰਿਵਾਰ ਅਤੇ ਬੱਚਿਆਂ ਨੂੰ ਸੰਭਾਲਿਆ।

ਤੀਜੇ ਦਿਨ ਸੀ.ਆਰ.ਪੀ.ਐਫ. ਦੀਆਂ ਕੁਝ ਗੱਡੀਆਂ ਸ਼ਹੀਦ ਨਾਨਕ ਸਿੰਘ ਦਾ ਤਿਰੰਗੇ ਵਿੱਚ ਲਿਪਟਿਆ ਹੋਇਆ ਮ੍ਰਿਤਕ ਸਰੀਰ ਲੈ ਕੇ ਪਿੰਡ ਗਰਲੋ ਵੇਟ ਜਿਲਾ ਨਵਾਂ ਸ਼ਹਿਰ ਵਿਖੇ ਪਹੁੰਚ ਗਈਆਂ। ਪਿੰਡ ਦੇ ਲੋਕ ਸ਼ਹੀਦ ਨਾਨਕ ਸਿੰਘ ਦੀ ਗੱਡੀ ਦੇ ਨਾਲ ਨਾਲ ਸ਼ਹੀਦ ਨਾਨਕ ਸਿੰਘ ਦੇ ਘਰ ਵੱਲ ਚੱਲ ਪਏ। ਸ਼ਹੀਦ ਨਾਨਕ ਸਿੰਘ ਅਮਰ ਰਹੇ…ਸ਼ਹੀਦ ਨਾਨਕ ਸਿੰਘ ਜਿੰਦਾਬਾਦ…. ਦੇ ਨਾਅਰੇ ਲਗਾਉਂਦੇ ਹੋਏ ਉਹਨਾਂ ਦੇ ਘਰ ਪਹੁੰਚ ਗਏ। ਸ਼ਹੀਦ ਨਾਨਕ ਸਿੰਘ ਵਾਲੀ ਗੱਡੀ ਘਰ ਪਹੁੰਚਣ ਤੇ ਉਹਨਾਂ ਦੇ ਧਰਮ ਪਤਨੀ ਨਰਿੰਦਰ ਕੌਰ, ਛੋਟੇ ਛੋਟੇ ਬੱਚੇ ਅਤੇ ਪਿਤਾ ਜੀਤ ਸਿੰਘ ਅਤੇ ਬਾਕੀ ਪਰਿਵਾਰ ਸ਼ਹੀਦ ਨਾਨਕ ਸਿੰਘ ਦਾ ਮਿ੍ਤਕ ਸਰੀਰ ਦੇਖ ਕੇ ਬਹੁਤ ਹੀ ਰੋ ਕੁਰਲਾ ਰਹੇ ਸਨ।

ਆਏ ਹੋਏ ਸੀ.ਆਰ.ਪੀ.ਐਫ.  ਦੇ ਜਵਾਨਾਂ ਨੇ ਪਰਿਵਾਰ ਨੂੰ ਸੰਭਾਲਿਆ ਅਤੇ ਇਸ ਗੱਡੀ ਨੂੰ ਲੈ ਕੇ ਸਿਵਿਆਂ ਵੱਲ ਚੱਲ ਪਏ। ਸਾਰੇ ਲੋਕ ਸ਼ਹੀਦ ਨਾਨਕ ਸਿੰਘ ਜਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਸੀ.ਆਰ.ਪੀ.ਐਫ. ਦੇ ਜਵਾਨਾਂ ਤੇ ਹੱਥਾਂ ਵਿੱਚ ਤਿਰੰਗੇ ਝੰਡੇ ਫੜੇ ਹੋਏ ਸਨ। ਮੌਕੇ ਦੇ ਗਰੁੱਪ ਸੈਂਟਰ ਜਲੰਧਰ ਦੇ ਡੀਆਈਜੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਨਾਲ ਨਾਲ ਚੱਲ ਰਹੇ ਸਨ। ਸਿਵਿਆਂ ਤੇ ਪਹੁੰਚਣ ਤੇ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਫਾਇਰ ਕਰਕੇ ਸ਼ਹੀਦ ਨਾਨਕ ਸਿੰਘ ਨੂੰ ਸਲਾਮੀ ਦਿੱਤੀ। ਨਵਾਂਸ਼ਹਿਰ ਦੇ ਡੀਸੀ, ਐਸਐਸਪੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਹੀਦ ਨਾਨਕ ਸਿੰਘ ਦੇ ਪਿਤਾ ਜੀਤ ਸਿੰਘ ਵੱਲੋਂ ਆਪਣੇ ਬੇਟੇ ਸ਼ਹੀਦ ਨਾਨਕ ਸਿੰਘ ਨੂੰ ਅਗਨੀ ਭੇਟ ਕਰ ਦਿੱਤਾ ਗਿਆ। ਸੀ.ਆਰ.ਪੀ.ਐਫ. ਆਏ ਹੋਏ ਸਾਰੇ ਲੋਕਾਂ ਨੇ ਸ਼ਹੀਦ ਨਾਨਕ ਸਿੰਘ ਅਮਰ ਰਹੇ ਦੇ ਨਾਅਰੇ ਵੀ ਲੱਗ ਰਹੇ ਸਨ।

ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀਆਂ ਨੇ ਸ਼ਹੀਦ ਨਾਨਕ ਸਿੰਘ ਦੀ ਧਰਮ ਪਤਨੀ ਨਰਿੰਦਰ ਕੌਰ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਜਲੰਧਰ ਸੈਂਟਰ ਬੁਲਾਇਆ ਗਿਆ। ਕੁਝ ਦਿਨਾਂ ਬਾਅਦ ਨਰਿੰਦਰ ਕੌਰ ਆਪਣੇ ਬੱਚਿਆਂ ਸਮੇਤ ਗਰੁੱਪ ਸੈਂਟਰ ਜਲੰਧਰ ਪਹੁੰਚੀ ਅਤੇ ਮੌਕੇ ਦੇ ਡੀ ਆਈ ਜੀ ਸਰ ਨੇ ਉਹਨਾਂ ਦਾ ਸਤਿਕਾਰ ਵੀ ਕੀਤਾ। 2014 ਵਿੱਚ ਨਰਿੰਦਰ ਕੌਰ ਨੂੰ ਗਰੁੱਪ ਸੈਂਟਰ ਜਲੰਧਰ ਦੇ ਡੀਆਈਜੀ ਸੁਨੀਲ ਥੋਰਪੇ ਵੱਲੋਂ ਬੁਲਾਇਆ ਗਿਆ। ਡੀ ਆਈ ਜੀ ਸਰ ਨੇ ਨਰਿੰਦਰ ਕੌਰ ਨੂੰ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨਾਲ ਮਿਲਵਾਇਆ। ਸੀ.ਆਰ.ਪੀ.ਐਫ. ਐਸੋਸੀਏਸ਼ਨ ਵੱਲੋਂ ਨਰਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਮਾਨ ਸਨਮਾਨ ਵੀ ਕੀਤਾ। ਐਸੋਸੀਏਸ਼ਨ ਵਚਨਬੱਧ ਹੈ ਕਿ ਸਾਰੇ ਸ਼ਹੀਦਾਂ ਵਾਂਗ ਸ਼ਹੀਦ ਨਾਨਕ ਸਿੰਘ ਦੇ ਪਰਿਵਾਰ ਦਾ ਵੀ ਇਸੇ ਤਰ੍ਹਾਂ ਮਾਨ ਸਨਮਾਨ ਹਰ ਸਾਲ ਕੀਤਾ ਜਾਵੇਗਾ।

🇮🇳गुलाम बने इस देश को आजाद तुमने कराया है,
सुरक्षित जीवन देकर तुमने कर्ज अपना चुकाया है,
दिल से तुमको नमन हैं करते,
ये आजाद वतन जो दिलाया है।🇮🇳

ਜੈ ਹਿੰਦ🫡

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top