ਜਲੰਧਰ(ਸੁਲਿੰਦਰ ਕੰਢੀ)- ਸ਼ਹੀਦ ਰਕੇਸ਼ ਕੁਮਾਰ ਪੁੱਤਰ ਤਰਸੇਮ ਦੱਤ ਪਿੰਡ ਦਗਨ ਨੇੜੇ ਮੁਕੇਰੀਆਂ ਦਾ ਰਹਿਣ ਵਾਲਾ ਸੀ। ਰਕੇਸ਼ ਕੁਮਾਰ ਨੇ ਅੱਠਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦਗਨ ਵਿੱਚ ਹੀ ਕੀਤੀ। ਰਕੇਸ਼ ਕੁਮਾਰ ਨੇ ਦਸਵੀਂ ਤੋਂ ਬਾਰਵੀਂ ਦੀ ਪੜ੍ਹਾਈ ਪਿੰਡ ਸਿੰਘੋਵਾਲ ਵਿਖੇ ਕੀਤੀ। ਰਕੇਸ਼ ਕੁਮਾਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇੱਕ ਭੈਣ ਵੱਡੀ ਤੇ ਇੱਕ ਸਭ ਤੋਂ ਛੋਟੀ ਸੀ। ਰਕੇਸ਼ ਕੁਮਾਰ ਨੂੰ ਸ਼ੁਰੂ ਤੋਂ ਹੀ ਆਰਮੀ ਵਿੱਚ ਭਰਤੀ ਹੋਣ ਦਾ ਬਹੁਤ ਸ਼ੌਂਕ ਸੀ। ਇਕ ਦਿਨ ਸੀ.ਆਰ.ਪੀ.ਐਫ. ਦੀ ਭਰਤੀ ਹੋਣ ਦਾ ਐਲਾਨ ਹੋਇਆ। ਰਕੇਸ਼ ਕੁਮਾਰ ਆਪਣੇ ਮਾਤਾ ਪਿਤਾ ਦੀ ਆਗਿਆ ਲੈ ਕੇ ਹੁਸ਼ਿਆਰਪੁਰ ਭਰਤੀ ਦੇਖਣ ਚਲੇ ਗਏ। ਕੁਦਰਤ ਦੀ ਮਿਹਰਬਾਨੀ ਨਾਲ 66 ਬਟਾਲੀਅਨ ਸੀ.ਆਰ.ਪੀ.ਐਫ. ਵਿੱਚ ਭਰਤੀ ਹੋ ਕੇ ਕੁਝ ਦਿਨਾਂ ਬਾਅਦ ਰਕੇਸ਼ ਕੁਮਾਰ ਆਪਣੀ ਟ੍ਰੇਨਿੰਗ ਲਈ ਚਲੇ ਗਏ।
ਰਕੇਸ਼ ਕੁਮਾਰ ਨੇ ਟ੍ਰੇਨਿੰਗ ਬਹੁਤ ਵਧੀਆ ਤਰੀਕੇ ਨਾਲ ਸ਼ੁਰੂ ਕੀਤੀ ਅਤੇ ਕੋਈ ਵੀ ਮੁਸ਼ਕਿਲ ਹੋਣ ਤੇ ਆਪਣੀ ਹਰ ਗੱਲ ਉਸਤਾਦਾਂ ਨਾਲ ਸਾਂਝੀ ਵੀ ਕਰਦੇ। ਸੀ.ਆਰ.ਪੀ.ਐਫ. ਦੇ ਉਸਤਾਦ ਹਮੇਸ਼ਾ ਰਕੇਸ਼ ਕੁਮਾਰ ਨੂੰ ਕਮਾਂਡੋ ਵਾਂਗ ਤਿਆਰੀ ਕਰਵਾਉਂਦੇ। ਟਰੇਨਿੰਗ ਦੇ ਨਾਲ ਨਾਲ ਇਹਨਾਂ ਨੂੰ ਲਾਅ ਦੀ ਵੀ ਕਾਫੀ ਜਾਣਕਾਰੀ ਦਿੰਦੇ। ਟਰੇਨਿੰਗ ਵਾਲੀ ਜਗ੍ਹਾ ਤੇ ਬਹੁਤ ਸਾਰੇ ਜੰਗਲੀ ਜਾਨਵਰ ਵੀ ਨੇੜੇ ਤੇੜੇ ਘੁੰਮਦੇ ਰਹਿੰਦੇ ਸਨ। ਟਰੇਨਿੰਗ ਕਰਦੇ ਕਰਦੇ ਰਕੇਸ਼ ਕੁਮਾਰ ਜੰਗਲੀ ਜਾਨਵਰਾਂ ਦੇ ਪਿੱਛੇ ਵੀ ਭੱਜ ਲੈਂਦੇ ਸਨ। ਸੀ.ਆਰ.ਪੀ.ਐਫ. ਦੇ ਉਸਤਾਦ ਇਸਨੂੰ ਇੱਕ ਚੰਗਾ ਸਿਪਾਹੀ ਵੀ ਮੰਨਦੇ ਸਨ। ਟਰੇਨਿੰਗ ਤੇ ਘੋੜਾ ਟੱਪਣਾ, ਕੁੱਦਣਾ, ਰੱਸੀ ਟੱਪਣਾ ਆਦਿ ਸਟੰਟ ਕਰਨੇ ਰਕੇਸ਼ ਕੁਮਾਰ ਦਾ ਆਮ ਸੁਭਾਅ ਹੀ ਹੋ ਗਿਆ ਸੀ। ਟਰੇਨਿੰਗ ਪੂਰੀ ਹੁੰਦਿਆਂ ਹੀ ਰਕੇਸ਼ ਕੁਮਾਰ ਦੀ ਯੂਨਿਟ ਜੰਗਲ ਕੈਂਪ ਲਈ ਚਲੀ ਗਈ। ਜੰਗਲ ਕੈਂਪ ਵਿੱਚ ਇਹਨਾਂ ਨੇ ਇੱਕ ਸੱਭਿਆਚਾਰਕ ਟੀਮ ਵਿੱਚ ਵੀ ਹਿੱਸਾ ਲਿਆ। ਜੰਗਲ ਦੀਆਂ ਬਹੁਤ ਸਾਰੀਆਂ ਬਰੀਕੀ ਦੀਆਂ ਗੱਲਾਂ ਆਪਣੇ ਉਸਤਾਦਾਂ ਨਾਲ ਸਾਂਝੀਆਂ ਕਰਦੇ।
ਜੰਗਲ ਕੈਂਪ ਦੀ ਟ੍ਰੇਨਿੰਗ ਪੂਰੀ ਹੋਣ ਤੇ ਵਾਪਸ ਆਪਣੀ ਯੂਨਿਟ ਵਿੱਚ ਆ ਜਾਂਦੇ। ਕਸਮ ਪਰੇਡ ਦੇ ਬਾਅਦ ਸਾਰਿਆਂ ਜਵਾਨਾਂ ਨੂੰ 15 ਦਿਨਾਂ ਦੀ ਛੁੱਟੀ ਮਿਲ ਗਈ। ਜਦੋਂ ਰਕੇਸ਼ ਕੁਮਾਰ ਟਰੇਨਿੰਗ ਤੋਂ ਬਾਅਦ ਪਹਿਲੀ ਵਾਰ ਘਰ ਗਿਆ ਤਾਂ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਵੀ ਉਸ ਨੂੰ ਲੈਣ ਮੁਕੇਰੀਆਂ ਰੇਲਵੇ ਸਟੇਸ਼ਨ ਤੇ ਪਹੁੰਚ ਗਏ। ਰਕੇਸ਼ ਕੁਮਾਰ ਨੂੰ ਪਿੰਡ ਪਹੁੰਚਣ ਤੇ ਪਿੰਡ ਵਾਲਿਆਂ ਨੇ ਰਕੇਸ਼ ਦਾ ਬਹੁਤ ਵਧੀਆ ਸਵਾਗਤ ਕੀਤਾ। 15 ਦਿਨ ਦੀ ਛੁੱਟੀ ਕੱਟ ਕੇ ਵਾਪਸ ਆਪਣੀ ਯੂਨਿਟ ਵਿੱਚ ਚਲੇ ਗਏ ਅਤੇ ਰੁਟੀਨ ਵਿੱਚ ਡਿਊਟੀ ਸ਼ੁਰੂ ਕਰ ਦਿੱਤੀ।

ਉਧਰੋਂ ਘਰੇ ਵੀ ਉਸਦੇ ਵਿਆਹ ਬਾਰੇ ਸੋਚਣ ਲੱਗ ਗਏ। 2005 ਵਿੱਚ ਰਕੇਸ਼ ਕੁਮਾਰ ਦਾ ਵਿਆਹ ਸੀਮਾ ਮਹਿਰਾ ਨਾਲ ਹੋ ਗਿਆ। ਸੀਮਾ ਮਹਿਰਾ ਇੱਕ ਪੜ੍ਹੀ ਲਿਖੀ ਆਮ ਪਰਿਵਾਰ ਨਾਲ ਸੰਬੰਧਿਤ ਕੁੜੀ ਹੈ। ਰਕੇਸ਼ ਕੁਮਾਰ ਦੇ ਮਾਤਾ ਪਿਤਾ ਬਹੁਤ ਖੁਸ਼ ਸਨ ਕਿ ਨੌਕਰੀ ਦੇ ਨਾਲ-ਨਾਲ ਉਹਨਾਂ ਦੇ ਬੇਟੇ ਦਾ ਵਿਆਹ ਵੀ ਹੋ ਗਿਆ। ਵਿਆਹ ਤੋਂ ਬਾਅਦ ਕੁਝ ਦਿਨ ਪਰਿਵਾਰ ਨਾਲ ਰਹਿ ਕੇ ਆਪਣੀ ਛੁੱਟੀ ਕੱਟ ਕੇ ਵਾਪਸ ਯੂਨਿਟ ਵਿੱਚ ਚਲੇ ਗਏ ਅਤੇ ਰੁਟੀਨ ਵਾਂਗ ਰਕੇਸ਼ ਕੁਮਾਰ ਨੇ ਆਪਣੀ ਡਿਊਟੀ ਫਿਰ ਸ਼ੁਰੂ ਕਰ ਦਿੱਤੀ। ਡਿਊਟੀ ਵਾਲੀ ਜਗ੍ਹਾ ਜੰਗਲਾਂ ਵਿੱਚ ਹੋਣ ਕਰਕੇ ਬਹੁਤ ਖਤਰਨਾਕ ਸੀ। ਹਰ ਰੋਜ਼ ਕੋਈ ਨਾ ਕੋਈ ਆਰਮੀ ਅਤੇ ਉਗਲਵਾਦੀਆਂ ਵਿਚਾਲੇ ਮੁੱਠਭੇੜ ਚਲਦੀ ਹੀ ਰਹਿੰਦੀ। ਕੋਈ ਨਾ ਕੋਈ ਹਰ ਰੋਜ਼ ਨੁਕਸਾਨ ਹੁੰਦਾ ਹੀ ਰਹਿੰਦਾ। ਇਕ ਦਿਨ ਰਕੇਸ਼ ਕੁਮਾਰ ਦੇ ਘਰੋਂ ਚਿੱਠੀ ਆਈ ਕਿ ਤੁਹਾਡੇ ਘਰ ਬੇਟੇ ਨੇ ਜਨਮ ਲਿਆ ਹੈ। ਰਕੇਸ਼ ਕੁਮਾਰ ਖੁਸ਼ੀ ਵਿੱਚ ਸਮਾਇਆ ਨਹੀਂ ਜਾ ਰਿਹਾ ਸੀ ਤੇ ਉਸਨੇ ਆਪਣੇ ਸਾਰੇ ਦੋਸਤਾਂ ਨਾਲ ਖੁਸ਼ੀ ਸਾਂਝੀ ਕੀਤੀ। ਆਪਣੇ ਬੇਟੇ ਨੂੰ ਦੇਖਣ ਲਈ 15 ਦਿਨ ਦੀ ਛੁੱਟੀ ਲੈ ਕੇ ਘਰ ਆ ਗਏ। ਘਰ ਪਹੁੰਚਣ ਤੇ ਘਰੇ ਸਭ ਹੈਰਾਨ ਹੋ ਗਏ ਕਿਉਂਕਿ ਰਕੇਸ਼ ਕੁਮਾਰ ਨੇ ਘਰ ਆਉਣ ਦੀ ਗੱਲ ਕਿਸੇ ਨੂੰ ਨਹੀਂ ਦਿੱਤੀ ਸੀ।
ਘਰ ਪਹੁੰਚ ਕੇ ਪਰਿਵਾਰ ਨਾਲ ਉਹਨਾਂ ਨੇ ਆਪਣੀ ਖੁਸ਼ੀ ਸਾਂਝੀ ਕੀਤੀ। ਗੁਰਦੁਆਰੇ ਮੰਦਰ ਜਾ ਕੇ ਰੱਬ ਦਾ ਸ਼ੁਕਰਾਨਾ ਵੀ ਕੀਤਾ। ਕੁਝ ਦਿਨ ਛੁੱਟੀ ਕੱਟਣ ਤੋਂ ਬਾਅਦ ਰਕੇਸ਼ ਕੁਮਾਰ ਵਾਪਸ ਆਪਣੀ ਯੂਨਿਟ ਵਿੱਚ ਚਲੇ ਗਏ। ਇੱਕ ਦਿਨ ਜੰਗਲ ਵਿੱਚ ਪੈਦਲ ਪੈਟਰੋਲਅਮ ਕਰ ਰਹੇ ਸੀ ਤਾਂ ਅਚਾਨਕ ਇੱਕ ਸੱਪ ਨੇ ਰਕੇਸ਼ ਕੁਮਾਰ ਨੂੰ ਡੰਗ ਦਿੱਤਾ। ਨਾਲ ਦੇ ਸਾਥੀ ਤੁਰੰਤ ਉਸ ਨੂੰ ਹਸਪਤਾਲ ਲੈ ਗਏ। ਡਾਕਟਰਾਂ ਦੀ ਸੂਝ ਬੂਝ ਨਾਲ ਰਕੇਸ਼ ਕੁਮਾਰ ਦੀ ਜਾਨ ਬਚ ਗਈ। ਕੁਝ ਦਿਨ ਉਹਨਾਂ ਨੇ ਫਿਰ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ। ਹਰ ਰੋਜ਼ ਜੰਗਲ ਦੇ ਵਿੱਚ ਜਦੋਂ ਵੀ ਗੱਡੀ ਲੈ ਕੇ ਨਿਕਲਦੇ ਤਾਂ ਹਰ ਰੋਜ਼ ਕੋਈ ਨਾ ਕੋਈ ਵਾਰਦਾਤ ਹੋ ਜਾਂਦੀ।
ਇਕ ਦਿਨ ਅਚਾਨਕ ਕੁਝ ਉਗਲਵਾਦੀਆਂ ਨੇ ਰਸਤੇ ਵਿੱਚ ਆਬੂਸ ਲਗਾਇਆ ਹੋਇਆ ਸੀ। ਜਦੋਂ ਸੀ.ਆਰ.ਪੀ.ਐਫ. ਦੀਆਂ ਗੱਡੀਆਂ ਉਗਲਵਾਦੀਆਂ ਦੇ ਨਿਸ਼ਾਨੇ ਵਿੱਚ ਆ ਗਈਆਂ ਤਾਂ ਉਹਨਾਂ ਨੇ ਬਲਾਸਟ ਕਰ ਦਿੱਤਾ। ਸੀ.ਆਰ.ਪੀ.ਐਫ. ਦੀ ਗੱਡੀ ਬਹੁਤ ਬੁਰੀ ਤਰ੍ਹਾਂ ਹਵਾ ਵਿੱਚ ਉੱਡ ਗਈ। ਕੁਝ ਸੀ.ਆਰ.ਪੀ.ਐਫ. ਦੇ ਜਵਾਨ ਸ਼ਹੀਦ ਹੋ ਗਏ ਅਤੇ ਕੁਝ ਜਖਮੀ ਹੋ ਗਏ। ਜਦੋਂ ਸਾਰੇ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਪਤਾ ਲੱਗਿਆ ਕਿ ਸੀ.ਆਰ.ਪੀ.ਐਫ. ਦਾ ਜਵਾਨ ਰਕੇਸ਼ ਕੁਮਾਰ ਸ਼ਹੀਦ ਹੋ ਗਿਆ ਸੀ। 19 ਮਈ 2010 ਨੂੰ ਰਕੇਸ਼ ਕੁਮਾਰ ਦੇਸ਼ ਨੂੰ ਅਲਵਿਦਾ ਕਰ ਗਏ। ਸ਼ਹੀਦ ਹੋਏ ਜਵਾਨਾਂ ਨੂੰ ਸੀ.ਆਰ.ਪੀ.ਐਫ. ਦੇ ਅਫਸਰਾਂ ਨੇ ਆਪਣੇ ਹੈਡ ਕੁਆਰਟਰ ਲੈ ਆਏ ਅਤੇ ਜਖਮੀ ਜਵਾਨਾਂ ਦਾ ਇਲਾਜ ਹਸਪਤਾਲ ਵਿੱਚ ਸ਼ੁਰੂ ਕਰਵਾਇਆ।

ਜਦੋਂ ਸ਼ਹੀਦੀ ਦੀ ਖਬਰ ਸ਼ਹੀਦ ਰਕੇਸ਼ ਕੁਮਾਰ ਦੇ ਪਿੰਡ ਦਗਨ ਮਾਤਾ ਪਿਤਾ ਨੂੰ ਦੱਸੀ ਤਾਂ ਉਹ ਗੁੰਮ ਹੀ ਰਹਿ ਗਏ। ਇਹ ਖਬਰ ਉਹਨਾਂ ਨੇ ਮ੍ਰਿਤਕ ਦੇਹ ਆਉਣ ਤੱਕ ਉਹਨਾਂ ਦੀ ਪਤਨੀ ਸੀਮਾ ਮਹਿਰਾ ਨੂੰ ਨਹੀਂ ਦੱਸੀ। ਜਦੋਂ ਦੋ ਦਿਨ ਬਾਅਦ ਸ਼ਹੀਦ ਰਕੇਸ਼ ਕੁਮਾਰ ਦੀ ਮ੍ਰਿਤਕ ਦੇਹ ਉਹਨਾਂ ਦੇ ਪਿੰਡ ਪਹੁੰਚੀ ਤਾਂ ਉਹਨਾਂ ਦੀ ਧਰਮ ਪਤਨੀ ਸੀਮਾ ਮਹਿਰਾ ਨੂੰ ਸ਼ਹੀਦੀ ਦੀ ਸਾਰੀ ਗੱਲ ਦੱਸੀ ਗਈ। ਪਰ ਸੀਮਾ ਮਹਿਰਾ ਕੋਈ ਵੀ ਗੱਲ ਸੁਣਨ ਦੇ ਹਲਾਤ ਵਿੱਚ ਨਹੀਂ ਸੀ ਕਿਉਂਕਿ ਉਹ ਇਹ ਖਬਰ ਸੁਣਦੇ ਹੀ ਆਪਣੀ ਸੁੱਧ ਬੁੱਧ ਖੋ ਚੁੱਕੀ ਸੀ। ਸੀਮਾ ਦੇ ਮਾਤਾ ਪਿਤਾ ਨੇ ਉਸਨੂੰ ਦਿਲਾਸਾ ਦਿੱਤਾ। ਪਿੰਡ ਦਾ ਮਾਹੌਲ ਬਹੁਤ ਹੀ ਗਮਗੀਨ ਹੋ ਗਿਆ। ਪਿੰਡ ਵਾਲੇ ਰਕੇਸ਼ ਕੁਮਾਰ ਜਿੰਦਾਬਾਦ……ਰਕੇਸ਼ ਕੁਮਾਰ ਅਮਰ ਰਹੇ…..ਦੇ ਨਾਅਰੇ ਲਗਾ ਰਹੇ ਸੀ।
ਇੱਕ ਸੀ.ਆਰ.ਪੀ.ਐਫ. ਦੀ ਟੁਕੜੀ ਰਕੇਸ਼ ਕੁਮਾਰ ਦੀ ਗੱਡੀ ਦੇ ਨਾਲ-ਨਾਲ ਚੱਲ ਰਹੀ ਸੀ। ਇਲਾਕੇ ਦੇ ਲੋਕ ਵੀ ਨਾਲ ਹੀ ਸ਼ਮਸ਼ਾਨ ਘਾਟ ਪਹੁੰਚ ਗਏ। ਜਿਲਾ ਹੁਸ਼ਿਆਰਪੁਰ ਦਾ ਲੋਕਲ ਪ੍ਰਸ਼ਾਸਨ ਵੀ ਗੱਡੀ ਦੇ ਨਾਲ ਹੀ ਪਹੁੰਚ ਗਿਆ। ਸ਼ਹੀਦ ਰਕੇਸ਼ ਕੁਮਾਰ ਦੇ ਛੋਟੇ ਜਿਹੇ ਬੇਟੇ ਨੂੰ ਵੀ ਆਪਣੇ ਪਿਤਾ ਦੇ ਦਰਸ਼ਨ ਕਰਵਾਏ। ਦਰਸ਼ਨ ਕਰਵਾਉਂਦੇ ਸਮੇਂ ਸਾਰੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਸੀਮਾ ਮਹਿਰਾ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਦੇਖਿਆ ਨਹੀਂ ਜਾਂਦਾ ਸੀ। ਸੀਮਾ ਮਹਿਰਾ ਦੇ ਪਰਿਵਾਰ ਨੇ ਉਸ ਨੂੰ ਸੰਭਾਲਿਆ।
ਸੀ.ਆਰ.ਪੀ.ਐਫ. ਦੀ ਪਰੰਪਰਾ ਅਨੁਸਾਰ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਗਈਆਂ। ਸੀ.ਆਰ.ਪੀ.ਐਫ. ਦੇ ਜਵਾਨਾਂ ਵੱਲੋਂ ਫਾਇਰ ਕਰਕੇ ਸ਼ਹੀਦ ਰਕੇਸ਼ ਕੁਮਾਰ ਨੂੰ ਸਲਾਮੀ ਦਿੱਤੀ ਗਈ। ਸ਼ਹੀਦ ਰਕੇਸ਼ ਕੁਮਾਰ ਨੂੰ ਉਹਨਾਂ ਦੇ ਪਿਤਾ ਵੱਲੋਂ ਉਹਨਾਂ ਨੂੰ ਅਗਨੀ ਭੇਟ ਕਰ ਦਿੱਤਾ ਗਿਆ। ਸੀ.ਆਰ.ਪੀ.ਐਫ. ਦੇ ਆਏ ਹੋਏ ਅਫਸਰਾਂ ਅਤੇ ਲੋਕਲ ਪ੍ਰਸ਼ਾਸਨ ਨੇ ਸ਼ਹੀਦ ਰਕੇਸ਼ ਕੁਮਾਰ ਨੂੰ ਸਲੂਟ ਮਾਰ ਕੇ ਸ਼ਰਧਾਂਜਲੀ ਭੇਟ ਕੀਤੀ। ਸੀ.ਆਰ.ਪੀ.ਐਫ. ਦੇ ਆਏ ਹੋਏ ਅਫਸਰਾਂ ਨੇ ਕੁਝ ਦੇਰ ਬਾਅਦ ਮਾਤਾ ਪਿਤਾ ਅਤੇ ਪਤਨੀ ਸੀਮਾ ਮਹਿਰਾ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨਾਲ ਕੋਈ ਕਾਗਜੀ ਕਾਰਵਾਈ ਵੀ ਪੂਰੀ ਕੀਤੀ। ਜਦੋਂ ਸ਼ਹੀਦ ਰਕੇਸ਼ ਕੁਮਾਰ ਸ਼ਹੀਦ ਹੋਏ ਸੀ ਉਸ ਸਮੇਂ ਸੀਮਾ ਮਹਿਰਾ ਦੀ ਉਮਰ ਬਹੁਤ ਘੱਟ ਸੀ। ਬੱਚਾ ਛੋਟਾ ਹੋਣ ਕਰਕੇ ਉਸਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ।

ਕੁਝ ਦਿਨਾਂ ਬਾਅਦ ਸੀਮਾ ਮਹਿਰਾ ਦੇ ਘਰ ਵਿੱਚ ਕਲੇਸ਼ ਸ਼ੁਰੂ ਹੋ ਗਿਆ। ਸੀਮਾ ਮਹਿਰਾ ਇਸ ਘਰੇਲੂ ਕਲੇਸ਼ ਕਾਰਨ ਬਿਮਾਰ ਰਹਿਣ ਲੱਗੀ। ਕੁਝ ਦਿਨ ਹਸਪਤਾਲ ਵਿੱਚ ਵੀ ਦਾਖਲ ਰਹੀ। ਹਸਪਤਾਲ ਤੋਂ ਘਰ ਆ ਕੇ ਸੀਮਾ ਨੇ ਕੁਝ ਦਿਨ ਬਾਅਦ ਆਪਣੇ ਪਤੀ ਦੀ ਯਾਦ ਵਿੱਚ ਪਿੰਡ ਦੇ ਸਕੂਲ ਵਿੱਚ ਇੱਕ ਕਮਰਾ ਅਤੇ ਰਸੋਈ ਬਣਵਾਈ ਅਤੇ ਕੁਝ ਫੰਡ ਵੀ ਸਕੂਲ ਨੂੰ ਦਿੱਤਾ। ਪਿੰਡ ਦੇ ਲੋਕਾਂ ਨੇ ਉਹਨਾਂ ਦਾ ਧੰਨਵਾਦ ਕੀਤਾ। ਪਿੰਡ ਦਗਨ ਵਿੱਚ ਅੱਜ ਵੀ ਸ਼ਹੀਦ ਰਕੇਸ਼ ਕੁਮਾਰ ਦੇ ਯਾਦਗਾਰ ਵਜੋਂ ਸਕੂਲ ਵਿੱਚ ਬਣਿਆ ਹੋਇਆ ਹੈ। ਸ਼ਹੀਦ ਰਕੇਸ਼ ਕੁਮਾਰ ਦੀ ਪਤਨੀ ਸੀਮਾ ਮਹਿਰਾ ਨੇ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸ਼ੋਸ਼ੀਏਸ਼ਨ ਪੰਜਾਬ ਜੁਆਇਨ ਕੀਤੀ। ਜੁਆਇਨ ਕਰਨ ਤੋਂ ਬਾਅਦ ਸੀਮਾ ਮਹਿਰਾ ਹਰ ਮੀਟਿੰਗ ਵਿੱਚ ਹਾਜ਼ਰ ਹੁੰਦੇ ਹਨ। ਜੈ ਹਿੰਦ।
ਇਸਕੀ ਮਿੱਟੀ ਸੇ ਬਣੇ ਤੇਰੇ ਮੇਰੇ ਯੇ ਬਦਨ ਇਸਕੀ ਧਰਤੀ ਤੇਰੇ ਮੇਰੇ ਵਸਤੇ ਗਗਨ ਇਸਨੇ ਹੀ ਸਿੱਖਾ ਹਮਕੋ ਜੀਨੇ ਕਾ ਚਲਨ ਜੀਨੇ ਕਾ ਚਲਨ
ਇਸਕੇ ਵਸਤੇ ਨਿਸਾਰ ਹੈ ਮੇਰਾ ਤਨ ਮੇਰਾ ਮਨ ਏ ਵਤਨ ਏ ਵਤਨ ਏ ਵਤਨ ਜਾਨ-ਏ-ਮਨ ਜਾਨ-ਏ-ਮਨ ਜਾਨ-ਏ-ਮਨ
ਮੇਰਾ ਮੁਲਕ ਮੇਰਾ ਦੇਸ਼ ਮੇਰਾ ਯੇ ਵਤਨ ਸ਼ਾਂਤੀ ਕਾ ਉਨਤੀ ਕਾ ਪਿਆਰ ਕਾ ਚਮਨ

















































