CRPF ਦਾ ਜਵਾਨ ਸ਼ਹੀਦ ਲਖਵਿੰਦਰ ਸਿੰਘ ਨਾਕੇ ਦੀ ਚੈਕਿੰਗ ਦੌਰਾਨ ਕਿਵੇਂ ਵੱਜੀ ਗੋਲੀ

ਜਲੰਧਰ (ਸੁਲਿੰਦਰ ਕੰਢੀ) – ਪਿੰਡ ਮਹੇਤਾ ਡੇਰਾ ਬਾਬਾ ਨਾਨਕ ਦੇ ਸੀ.ਆਰ.ਪੀ.ਐਫ.ਦੇ ਜਵਾਨ ਸ਼ਹੀਦ ਲਖਵਿੰਦਰ ਸਿੰਘ ਦਾ ਜਨਮ 1970 ਵਿੱਚ ਜਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਸ. ਲਖਵਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਲਖਵਿੰਦਰ ਸਿੰਘ ਸੀ.ਆਰ.ਪੀ.ਐਫ. ਵਿੱਚ 1988 ਨੂੰ ਜਲੰਧਰ ਭਰਤੀ ਹੋ ਗਿਆ। ਕੁਝ ਦਿਨ ਗਰੁੱਪ ਸੈਟਰ ਜਲੰਧਰ ਰਹਿਣ ਤੋਂ ਬਾਅਦ ਟਰੇਨਿੰਗ ਲਈ ਗੁਹਾਟੀ ਚੱਲੇ ਗਏ। ਗੁਹਾਟੀ ਪਹੁੰਚ ਕੇ ਲਖਵਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੇ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਹਲਕੇ ਸਰੀਰ ਦਾ ਹੋਣ ਕਰਕੇ ਲਖਵਿੰਦਰ ਸਿੰਘ ਬਹੁਤ ਹੀ ਫੁਰਤੀਲਾ ਸੀ। ਲਖਵਿੰਦਰ ਸਿੰਘ ਆਪਣੇ ਸਕੂਲ ਵਿੱਚ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਰਹਿੰਦਾ ਸੀ। ਖੇਡਾਂ ਵਿੱਚ ਦਿਲਚਪਸੀ ਰੱਖਦਾ ਹੋਣ ਕਰਕੇ ਲਖਵਿੰਦਰ ਸਿੰਘ ਸੀ.ਆਰ.ਪੀ.ਐਫ. ਵਿੱਚ ਵੀ ਹੋਣ ਵਾਲੀਆਂ ਖੇਡਾਂ ਵਿੱਚ ਹਿੱਸਾ ਲੈਂਦਾ ਅਤੇ ਹਮੇਸ਼ਾ ਜਿੱਤ ਪ੍ਰਾਪਤ ਕਰਦਾ। ਟ੍ਰੇਨਿੰਗ ਵੀ ਇਸ ਨੇ ਬਹੁਤ ਦਿਲ ਲਗਾ ਕੇ ਕੀਤੀ। ਟ੍ਰੇਨਿੰਗ ਕਰਨ ਤੋਂ ਬਾਅਦ ਇਹ ਬਹੁਤ ਜਲਦੀ ਪੰਜਾਬ ਆਉਣਾ ਚਾਹੁੰਦਾ ਸੀ।

ਟਰੇਨਿੰਗ ਪੂਰੀ ਹੋਣ ਤੇ ਲਖਵਿੰਦਰ ਸਿੰਘ ਆਪਣੀ ਬਟਾਲੀਅਨ ਨਾਲ ਜੰਗਲ ਕੈਂਪ ਚਲੇ ਗਏ। ਪਹਾੜਾਂ ਤੇ ਚੜਨਾ ਤੇ ਕੁੱਦਣਾ ਇਹਨਾਂ ਦਾ ਸ਼ੌਂਕ ਸੀ। ਉਸਤਾਦਾਂ ਕੋਲੋਂ ਹਮੇਸ਼ਾ ਲਖਵਿੰਦਰ ਸਿੰਘ ਜੰਗਲਾਂ ਦੀ ਜਾਣਕਾਰੀ ਹਾਸਲ ਕਰਦਾ ਰਹਿੰਦਾ। ਜੰਗਲ ਕੈਂਪ ਵਿੱਚ ਭੰਗੜੇ ਦੀ ਟੀਮ ਵਿੱਚ ਹਿੱਸਾ ਵੀ ਲਿਆ। ਜੰਗਲ ਕੈਂਪ ਤੋਂ ਬਾਅਦ ਇਹ ਵਾਪਸ ਆਪਣੇ ਟ੍ਰੇਨਿੰਗ ਸੈਂਟਰ ਵਿੱਚ ਆ ਗਏ। ਇਹਨਾਂ ਨੇ ਦੇਸ਼ ਦੀ ਸੁਰੱਖਿਆ ਲਈ ਸੋਹ ਖਾਧੀ ਅਤੇ ਆਪਣੀ ਟ੍ਰੇਨਿੰਗ ਪੂਰੀ ਕਰ ਲਈ। ਲਖਵਿੰਦਰ ਸਿੰਘ ਨੂੰ ਟ੍ਰੇਨਿੰਗ ਤੋਂ ਬਾਅਦ 15 ਦਿਨ ਦੀ ਛੁੱਟੀ ਮਿਲੀ। ਛੁੱਟੀ ਤੋਂ ਬਾਅਦ ਲੁਧਿਆਣਾ 87 ਬਟਾਲੀਅਨ ਡੁੁੱਗਰੀ ਕਲਾਂ ਵਿਖੇ ਜੁਆਇਨ ਕਰ ਲਿਆ ਅਤੇ ਆਪਣੀ ਨੋਰਮਲ ਡਿਊਟੀ ਕਰਨੀ ਸ਼ੁਰੂ ਕਰ ਦਿੱਤੀ। ਕੁਝ ਮਹੀਨੇ ਇਹਨਾਂ ਨੇ ਲੁਧਿਆਣੇ ਹੀ ਆਪਣੀ ਡਿਊਟੀ ਕੀਤੀ ਅਤੇ ਫਿਰ ਇਹਨਾਂ ਦੀ ਬਟਾਲੀਅਨ ਤਰਨ ਤਾਰਨ ਚਲੀ ਗਈ। ਤਰਨ ਤਾਰਨ ਵਿੱਚ ਵੀ ਰੂਟੀਨ ਦੀ ਤਰ੍ਹਾਂ ਸੀ.ਆਰ.ਪੀ.ਐਫ. ਆਪਣੀ ਡਿਊਟੀ ਕਰ ਰਹੀ ਸੀ।

ਇੱਕ ਦਿਨ ਲਖਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਹਰੀ ਕੇ ਪੱਤਣ ਨਾਕੇ ਤੇ ਚੈਕਿੰਗ ਦੀ ਡਿਊਟੀ ਕਰ ਰਹੇ ਸਨ। ਉਸ ਸਮੇਂ ਪੰਜਾਬ ਦੇ ਹਲਾਤ ਕੁਝ ਚੰਗੇ ਨਹੀ ਸਨ। ਲਖਵਿੰਦਰ ਸਿੰਘ ਫੁਰਤੀਲਾ ਹੋਣ ਕਰਕੇ ਇਸ ਦੇ ਅਫ਼ਸਰ ਇਹਨਾਂ ਦੀ ਡਿਊਟੀ ਟਰੱਕਾਂ ਦੀ ਚੈਕਿੰਗ ਕਰਨ ਤੇ ਲਗਾ ਦਿੰਦੇ। ਇਕ ਦਿਨ ਨਾਕੇ ਤੇ ਕਿਸੇ ਅਨਜਾਣ ਵਿਅਕਤੀ ਦੇ ਟਰੱਕ ਦੀ ਚੈਕਿੰਗ ਕਰ ਰਿਹਾ ਸੀ ਤਾਂ ਅਚਾਨਕ ਪਿੱਛੋ ਦੂਸਰਾ ਟਰੱਕ ਆਇਆ ਅਤੇ ਉਸ ਨੇ ਨਾਕੇ ਤੇ ਫਾਈਰ ਕਰ ਦਿੱਤਾ। ਇੱਕ ਬਰੈਸਟ ਲਖਵਿੰਦਰ ਸਿੰਘ ਅਤੇ ਉਸਦੇ ਸਾਥੀਆਂ ਦੇ ਜਾ ਲੱਗਾ। ਬਟਾਲੀਅਨ ਦੇ ਬਾਕੀ ਜਵਾਨਾਂ ਨੇ ਫਾਈਰ ਕਰਕੇ ਟਰੱਕ ਨੂੰ ਘੇਰ ਲਿਆ। ਟਰੱਕ ਡਰਾਈਵਰ ਵੀ ਜਖਮੀ ਹੋ ਗਿਆ ਅਤੇ ਉਸਨੂੰ ਗਿ੍ਫ਼ਤਾਰ ਕਰ ਲਿਆ। ਸੀ.ਆਰ.ਪੀ.ਐਫ. ਦੇ ਸਾਰੇ ਜਖਮੀ ਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਲਖਵਿੰਦਰ ਸਿੰਘ ਦਾ ਕਾਫੀ ਖੂਨ ਨਿਕਲ ਚੁੱਕਾ ਸੀ। ਲਖਵਿੰਦਰ ਸਿੰਘ ਦੀ ਹਾਲਤ ਬਹੁਤ ਗੰਭੀਰ ਹੋ ਗਈ ਅਤੇ ਹਸਪਤਾਲ ਜਾਦੇ ਸਮੇਂ ਰਾਸਤੇ ਵਿੱਚ ਹੀ 02/08/1992 ਨੂੰ ਸੀ.ਆਰ.ਪੀ.ਐਫ. ਨੂੰ ਅਲਵਿਦਾ ਕਰ ਗਏ।

ਬਟਾਲੀਅਨ ਦੇ ਅਧਿਕਾਰੀ ਨੇ ਇਹ ਖਬਰ ਸੀ.ਆਰ.ਪੀ.ਐਫ. ਹੈਡਕੁਆਰਟਰ ਅਤੇ ਡੇਰਾ ਬਾਬਾ ਨਾਨਕ ਥਾਣੇ ਨੂੰ ਦਿੱਤੀ। ਸੀ.ਆਰ.ਪੀ.ਐਫ. ਦੇ ਅਫ਼ਸਰ ਤਰੁੰਤ ਮੌਕੇ ਤੇ ਪਹੁੰਚ ਗਏ। ਪਹੁੰਚ ਕੇ ਜਖਮੀ ਜਵਾਨਾਂ ਦਾ ਹਸਪਤਾਲ ਵਿੱਚ ਇਲਾਜ਼ ਸ਼ੁਰੂ ਕਰਵਾਇਆ ਅਤੇ ਸ਼ਹੀਦ ਲਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਆਪਣੇ ਕਬਜ਼ੇ ਵਿੱਚ ਲੈ ਲਈ। ਇਹ ਖਬਰ ਜਦੋਂ ਸ਼ਹੀਦ ਲਖਵਿੰਦਰ ਸਿੰਘ ਦੇ ਪਿੰਡ ਪਹੁੰਚੀ ਤਾਂ ਮਾਤਾ ਪਿਤਾ ਅਤੇ ਭੈਣਾਂ ਦੁੱਖ ਨਾਲ ਢਾਹੋ ਢਾਹੀ ਰੋਣ ਲੱਗ ਪਏ। ਸ਼ਹੀਦ ਲਖਵਿੰਦਰ ਸਿੰਘ ਦੀ ਮਾਤਾ ਇਸ ਮੰਦਭਾਗੀ ਖਬਰ ਸੁਣਕੇ ਧਰਤੀ ਤੇ ਡਿੱਗ ਗਈ। ਉਨ੍ਹਾਂ ਦੀਆਂ ਭੈਣਾਂ ਨੇ ਮਾਤਾ ਨੂੰ ਸੰਭਾਲਿਆ। ਸਾਰੇ ਪਿੰਡ ਵਿੱਚ ਹਾਹਾਕਾਰ ਮੱਚ ਗਈ ਅਤੇ ਪਿੰਡ ਵਿੱਚ ਸੋਗ ਛਾ ਗਿਆ।

ਸ਼ਹੀਦ ਲਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਗਿਆ।ਪਿੰਡ ਵਾਲਿਆਂ ਨੇ ਮ੍ਰਿਤਕ ਸ਼ਹੀਦ ਲਖਵਿੰਦਰ ਸਿੰਘ ਨੂੰ ਮੋਢਿਆਂ ਤੇ ਚੁੱਕ ਲਿਆ। ਪਿੰਡ ਦੇ ਲੋਕਾਂ ਅਤੇ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਸ਼ਹੀਦ ਲਖਵਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਵੀ ਲਗਾਏ ਅਤੇ ਫੁੱਲ ਵੀ ਬਰਸਾਏ।ਸ਼ਹੀਦ ਲਖਵਿੰਦਰ ਸਿੰਘ ਦੇ ਪਰਿਵਾਰ ਦਾ ਰੋ ਰੋਕੇ ਬੁਰਾ ਹਾਲ ਹੋਇਆ ਦੇਖਿਆ ਨਹੀਂ ਜਾਂਦਾ ਸੀ। ਹੌਲੀ-ਹੌਲੀ ਸ਼ਹੀਦ ਲਖਵਿੰਦਰ ਸਿੰਘ ਦਾ ਕਾਫਲਾ ਸਿਵਿਆਂ ਵਿੱਚ ਪਹੁੰਚ ਗਿਆ। ਸੀ.ਆਰ.ਪੀ.ਐਫ. ਦੇ ਅਫ਼ਸਰਾਂ ਨੇ ਸ਼ਹੀਦ ਲਖਵਿੰਦਰ ਸਿੰਘ ਦਾ ਸੀ.ਆਰ.ਪੀ.ਐਫ. ਦੀ ਪਰੰਪਰਾ ਅਨੁਸਾਰ ਸੰਸਕਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ। ਗੁਰਦੁਆਰੇ ਦੇ ਪਾਠੀ ਨੇ ਅਰਦਾਸ ਕੀਤੀ। ਸੀ.ਆਰ.ਪੀ.ਐਫ. ਦੇ ਅਫਸਰਾਂ ਨੇ ਸ਼ਹੀਦ ਲਖਵਿੰਦਰ ਸਿੰਘ ਨੂੰ ਫਾਈਰ ਕਰਕੇ ਸਲਾਮੀ ਦਿੱਤੀ। ਆਏ ਹੋਏ ਅਫ਼ਸਰਾਂ ਅਤੇ ਸਿਵਲ ਪ੍ਰਸ਼ਾਸਨ ਨੇ ਸ਼ਹੀਦ ਲਖਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸੀ.ਆਰ.ਪੀ.ਐਫ. ਦੀ ਪਰੰਪਰਾ ਅਨੁਸਾਰ ਸ਼ਹੀਦ ਲਖਵਿੰਦਰ ਸਿੰਘ ਨੂੰ ਉਨ੍ਹਾਂ ਦੇ ਪਿਤਾ ਵੱਲੋਂ ਅਗਨੀ ਭੇਟ ਕੀਤਾ ਗਿਆ ਅਤੇ ਸੀ.ਆਰ.ਪੀ.ਐਫ. ਦੇ ਆਏ ਹੋਏ ਜਵਾਨਾਂ ਨੇ ਸ਼ਹੀਦ ਲਖਵਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਵੀ ਲਗਾਏ।

ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੂੰ ਜਦੋਂ ਇਸ ਸ਼ਹੀਦ ਬਾਰੇ ਪਤਾ ਲੱਗਿਆ ਤਾਂ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਪਰਿਵਾਰ ਨਾਲ ਰਾਫਤਾ ਕੀਤਾ। ਉਨ੍ਹਾਂ ਪਰਿਵਾਰ ਨੂੰ ਪੰਜਾਬ ਕੇਸਰੀ ਗਰੁੱਪ ਵੱਲੋਂ ਚੈਕ ਭੇਟ ਕਰਵਾਇਆ ਅਤੇ ਪਰਿਵਾਰ ਨੇ ਪੰਜਾਬ ਕੇਸਰੀ ਗਰੁੱਪ ਦਾ ਧੰਨਵਾਦ ਕੀਤਾ। ਸ਼ਹੀਦ ਲਖਵਿੰਦਰ ਸਿੰਘ ਦੀ ਮਾਤਾ ਅੱਜ ਵੀ ਜਦੋਂ ਮੀਟਿੰਗ ਵਿੱਚ ਪਹੁੰਚਦੇ ਹਨ ਤੇ ਹਰ ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਆਪਣਾ ਪੁੱਤਰ ਲਖਵਿੰਦਰ ਸਿੰਘ ਹੀ ਸਮਝਦੇ ਹਨ। ਅੱਜ ਵੀ ਸ਼ਹੀਦ ਲਖਵਿੰਦਰ ਸਿੰਘ ਦੀ ਮਾਤਾ ਆਸ ਪ੍ਰਗਟ ਕਰਦੀ ਹੈ ਕਿ ਮੇਰਾ ਪੁੱਤਰ ਕਦੋਂ ਆਵੇਗਾ। ਸ਼ਹੀਦ ਲਖਵਿੰਦਰ ਸਿੰਘ ਦੀ ਭੈਣ ਸੁਖਵਿੰਦਰ ਕੌਰ ਹਰ ਮਹੀਨੇ ਦੀ ਸੀ.ਆਰ.ਪੀ.ਐਫ. ਐਸੋਸੀਏਸ਼ਨ ਦੀ ਮੀਟਿੰਗ ਵਿੱਚ ਆਪਣੇ ਪਰਿਵਾਰ ਨੂੰ ਲੈ ਕੇ ਪਹੁੰਚਦੇ ਹਨ ਅਤੇ ਆਪਣੇ ਵੀਰ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top