CRPF ਦਾ ਜਵਾਨ ਸ਼ਹੀਦ ਪਰਮਜੀਤ ਸਿੰਘ ਕਿਵੇਂ ਹੋਇਆ ਬੰਬ ਬਲਾਸਟ ਵਿੱਚ ਸ਼ਹੀਦ

ਜਲੰਧਰ (ਸਲਿੰਦਰ ਕੰਡੀ) – ਸ਼ਹੀਦ ਪਰਮਜੀਤ ਸਿੰਘ ਪਿੰਡ ਬੁਲਪੁਰ ਜਿਲਾ ਕਪੂਰਥਲਾ ਦਾ ਰਹਿਣ ਵਾਲਾ ਹੋਣਹਾਰ ਜਵਾਨ ਸੀ, ਜੋ ਕਿ ਸੀ.ਆਰ.ਪੀ.ਐਫ. ਵਿੱਚ 27 ਜਨਵਰੀ 1991 ਵਿੱਚ ਭਰਤੀ ਹੋਇਆ ਸੀ। ਕੁਝ ਦਿਨ ਸ. ਪਰਮਜੀਤ ਸਿੰਘ ਸੀ.ਆਰ.ਪੀ.ਐਫ.ਦੇ ਗਰੁੱਪ ਸੈਂਟਰ ਜਲੰਧਰ ਵਿੱਚ ਹੀ ਰਿਹਾ। ਗਰੁੱਪ ਸੈਂਟਰ ਜਲੰਧਰ ਰਹਿਣ ਤੋਂ ਕੁਝ ਦਿਨਾਂ ਬਾਅਦ ਟ੍ਰੇਨਿੰਗ ਸੈਂਟਰ ਚਲਾ ਗਿਆ।  ਸ. ਪਰਮਜੀਤ ਸਿੰਘ ਬੂਲਪੁਰ ਨੇ ਟ੍ਰੇਨਿੰਗ ਸੈਂਟਰ ਪਹੁੰਚ ਕੇ ਉਥੋਂ ਦੇ ਉਸਤਾਦਾਂ ਅਤੇ ਅਫਸਰਾਂ ਨਾਲ ਤਾਲਮੇਲ ਕੀਤਾ ਅਤੇ ਟਰੇਨਿੰਗ ਸਬੰਧੀ ਕੁਝ ਵਿਚਾਰ ਵੀ ਕੀਤੇ। ਕੁਝ ਦਿਨ ਬਾਅਦ ਹੀ ਉਹਨਾਂ ਦੀ ਟ੍ਰੇਨਿੰਗ ਸ਼ੁਰੂ ਹੋ ਗਈ। ਸਵੇਰ ਤੇ ਸਮੇਂ ਟ੍ਰੇਨਿੰਗ ਵਿੱਚ ਇਹਨਾਂ ਨੂੰ ਅਨੁਸ਼ਾਸਨ ਅਤੇ ਪਰੇਡ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਅਤੇ ਸ਼ਾਮ ਦੇ ਸਮੇਂ ਕੁਝ ਲਿਖਤੀ ਕੰਮ ਕਰਵਾਉਂਦੇ ਹੁੰਦੇ ਸੀ। ਸ. ਪਰਮਜੀਤ ਸਿੰਘ ਚੁਸਤ ਅਤੇ ਇੱਕ ਫੁਰਤੀਲਾ ਜਵਾਨ ਸੀ। ਰੱਸੇ ਤੇ ਚੜਨਾ ਤੇ ਅਲੱਗ ਅਲੱਗ ਤਰ੍ਹਾਂ ਦੇ ਸਟੰਟ ਬਹੁਤ ਹੀ ਫੁਰਤੀ ਨਾਲ ਕਰਦਾ ਸੀ। ਹਮੇਸ਼ਾ ਉਸਤਾਦ ਇਸ ਨੂੰ ਗਾਈਡ ਦੇ ਤੌਰ ਤੇ ਵਰਤਦੇ ਸੀ।

ਇੱਕ ਦਿਨ ਘੋੜਾ ਟੱਪਣ ਲੱਗਿਆਂ ਸਰਦਾਰ ਪਰਮਜੀਤ ਸਿੰਘ ਦੇ ਮਾਮੂਲੀ ਸੱਟ ਵੀ ਲੱਗ ਗਈ ਸੀ ਫਿਰ ਵੀ ਫੁਰਤੀ ਨਾਲ ਸ. ਪਰਮਜੀਤ ਸਿੰਘ ਨੇ ਆਪਣਾ ਟਾਸਕ ਪੂਰਾ ਕਰ ਦਿੱਤਾ ਅਤੇ ਉਸਤਾਦਾਂ ਤੋਂ ਬੱਲੇ ਬੱਲੇ ਵੀ ਖੱਟ ਲਈ। ਕੁਝ ਦਿਨਾਂ ਵਿੱਚ ਹੀ ਉਨ੍ਹਾਂ ਆਪਣੀ ਟ੍ਰੇਨਿੰਗ ਪੂਰੀ ਕਰ ਲਈ। ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਅਸਾਮ ਕੋਬਰਾ ਬਟਾਲੀਅਨ ਵਿੱਚ ਚਲੇ ਗਏ। ਕੋਬਰਾ ਬਟਾਲੀਅਨ ਵਿੱਚ ਸ. ਪਰਮਜੀਤ ਸਿੰਘ ਨੇ ਸਧਾਰਨ ਡਿਊਟੀ ਸ਼ੁਰੂ ਕਰ ਦਿੱਤੀ ਅਤੇ ਰੋਜਾਨਾ ਆਪਣੀ ਡਿਊਟੀ ਕਰਦੇ। ਸ. ਪਰਮਜੀਤ ਸਿੰਘ ਦੀ ਕੋਬਰਾ ਬਟਾਲੀਅਨ ਵਿੱਚ ਬਹੁਤ ਚਰਚਾ ਸੀ। ਸ਼ਾਮ ਨੂੰ ਸਾਰੇ ਕੋਬਰਾ ਬਟਾਲੀਅਨ ਦੇ ਜਵਾਨ ਇਕੱਠੇ ਹੋ ਕੇ ਹੱਸਦੇ ਖੇਡਦੇ ਅਤੇ ਆਪਣੇ ਆਪਣੇ ਘਰਾਂ ਨੂੰ ਚਿੱਠੀਆਂ ਪਾ ਕੇ ਹਾਲ ਚਾਲ ਵੀ ਪੁੱਛਦੇ।

ਸ. ਪਰਮਜੀਤ ਸਿੰਘ ਦੇ ਘਰੋਂ ਵੀ ਚਿੱਠੀ ਆਈ ਕਿ ਅਸੀਂ ਤੇਰੇ ਵਿਆਹ ਦੀ ਤਿਆਰੀ ਕਰ ਰਹੇ ਹਾਂ ਪਰ ਸ. ਪਰਮਜੀਤ ਸਿੰਘ ਨੇ ਮਨਾ ਕਰ ਦਿੱਤਾ ਅਤੇ ਆਪਣੀ ਡਿਊਟੀ ਕਰਦੇ ਰਹੇ। ਡਿਊਟੀ ਤੋਂ ਬਾਅਦ ਮਾਰਚ ਮਹੀਨੇ ਸੰਨ 1994 ਵਿੱਚ ਸ. ਪਰਮਜੀਤ ਸਿੰਘ ਘਰ ਛੁੱਟੀ ਤੇ ਆਇਆ ਅਤੇ ਘਰ ਵਾਲਿਆਂ ਨੇ ਉਹਨਾਂ ਦਾ ਵਿਆਹ ਰੱਖ ਦਿੱਤਾ। 1 ਅਪ੍ਰੈਲ 1994 ਨੂੰ ਸ. ਪਰਮਜੀਤ ਸਿੰਘ ਦਾ ਵਿਆਹ ਬੀਬੀ ਜਸਵਿੰਦਰ ਕੌਰ ਨਾਲ ਹੋ ਗਿਆ। ਜਸਵਿੰਦਰ ਕੌਰ ਨਾਲ ਉਨਾਂ ਆਪਣੀ ਛੁੱਟੀ ਬਤੀਤ ਕੀਤੀ ਅਤੇ ਵਾਪਸ ਆਪਣੀ ਡਿਊਟੀ ਤੇ ਚਲੇ ਗਏ। 1996 ਵਿੱਚ ਪਰਮਜੀਤ ਸਿੰਘ ਦੇ ਘਰ ਇੱਕ ਬੇਟੇ ਨੇ ਜਨਮ ਲਿਆ। ਬੇਟੇ ਹੋਣ ਦੀ ਖਬਰ ਸੁਣਦੇ ਹੀ ਉਹਨਾਂ ਆਪਣੇ ਬਟਾਲੀਅਨ ਵਿੱਚ ਖੁਸ਼ੀ ਸਾਂਝੀ ਕੀਤੀ ਅਤੇ ਪਾਰਟੀ ਕੀਤੀ। ਸ. ਪਰਮਜੀਤ ਸਿੰਘ ਕੁਝ ਦਿਨਾਂ ਦੀ ਛੁੱਟੀ ਲੈ ਕੇ ਆਪਣੇ ਬੇਟੇ ਨੂੰ ਦੇਖਣ ਲਈ ਘਰ ਆਏ ਅਤੇ ਬੇਟੇ ਨਾਲ ਹੱਸ ਖੇਡ ਕੇ ਸਮਾਂ ਬਤੀਤ ਕਰਨ ਤੋਂ ਬਾਅਦ ਵਾਪਸ ਆਪਣੀ ਡਿਊਟੀ ਤੇ ਚਲੇ ਗਏ।

ਅਚਾਨਕ ਇੱਕ ਦਿਨ ਅਸਾਮ ਦੇ ਜੰਗਲਾਂ ਵਿੱਚ ਅੱਤਵਾਦੀਆਂ ਨੇ ਕੋਬਰਾ ਬਟਾਲੀਅਨ ਦੇ ਜਵਾਨਾਂ ਨੂੰ ਘੇਰ ਲਿਆ ਅਤੇ ਬੰਬ ਬਲਾਸਟ ਕਰਨੇ ਸ਼ੁਰੂ ਕਰ ਦਿੱਤੇ। ਕੋਬਰਾ ਬਟਾਲੀਅਨ ਦੇ ਜਵਾਨਾਂ ਨੇ ਵੀ ਮੂੰਹ ਤੋੜਵਾਂ ਜਵਾਬ ਦਿੱਤਾ। ਕੁਝ ਅੱਤਵਾਦੀਆਂ ਨੂੰ ਗਿਰਫਤਾਰ ਕੀਤਾ ਗਿਆ ਅਤੇ ਕੁਝ ਨੂੰ ਮਾਰ ਦਿੱਤਾ ਗਿਆ। ਪਰ ਉਸ ਵਿੱਚ ਆਪਣੇ ਸੀ.ਆਰ.ਪੀ.ਐਫ. ਦੇ ਜਵਾਨ ਵੀ ਜ਼ਖਮੀ ਹੋ ਗਏ। ਸ.ਪਰਮਜੀਤ ਸਿੰਘ ਦੇ ਵੀ ਕਾਫੀ ਸੱਟਾਂ ਲੱਗੀਆਂ। ਇਹਨਾਂ ਸਾਰਿਆਂ ਜਵਾਨਾਂ ਦਾ ਕੁਝ ਦਿਨ ਹਸਪਤਾਲ ਵਿੱਚ ਇਲਾਜ ਚੱਲਿਆ ਅਤੇ ਸ. ਪਰਮਜੀਤ ਸਿੰਘ ਦਾ ਸ਼ਰੀਰ ਬੰਬ ਬਲਾਸਟ ਨਾਲ ਕਾਫੀ ਖਰਾਬ ਹੋ ਚੁੱਕਾ ਸੀ। ਪਰਮਜੀਤ ਸਿੰਘ ਜਿਆਦਾ ਸੱਟਾਂ ਦੀ ਮਾਰ ਝੱਲਦਾ ਹੋਇਆ 10 ਦਿਨਾਂ ਬਾਅਦ ਇਲਾਜ ਦੌਰਾਨ ਹਸਪਤਾਲ ਵਿੱਚ ਹੀ ਸ਼ਹੀਦੀ ਦੇ ਗਏ ਅਤੇ ਆਪਣੇ ਦੇਸ਼ ਨੂੰ 27 ਦਸੰਬਰ 1997 ਨੂੰ ਅਲਵਿਦਾ ਕਰ ਗਏ।

ਸ਼ਹੀਦੀ ਦੀ ਖਬਰ ਪਰਮਜੀਤ ਸਿੰਘ ਦੇ ਪਿੰਡ ਬੁਲਪੁਰ ਪਰਿਵਾਰ ਨੂੰ ਦਿੱਤੀ ਗਈ। ਖਬਰ ਸੁਣਦਿਆਂ ਹੀ ਪਰਿਵਾਰ ਦੇ ਸਾਰਿਆਂ ਮੈਂਬਰਾਂ ਦੇ ਹੋਸ਼ ਉੱਡ ਗਏ। ਜਦੋਂ ਸ਼ਹੀਦ ਪਰਮਜੀਤ ਸਿੰਘ ਦੇ ਭਰਾ ਨੇ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਨੂੰ ਦੱਸਿਆ ਤਾਂ ਉਹ ਸੁੱਧ ਬੁੱਧ ਭੁੱਲ ਗਈ। ਘਰ ਵਿੱਚ ਚੀਕ ਚਿਹਾੜਾ ਪੈ ਗਿਆ ਅਤੇ ਕੁਝ ਔਰਤਾਂ ਨੇ ਸ਼ਹੀਦ ਪਰਮਜੀਤ ਸਿੰਘ ਦੇ ਬੱਚੇ ਅਤੇ ਪਤਨੀ ਨੂੰ ਸੰਭਾਲਿਆ ਪਰ ਉਹਨਾਂ ਦੀ ਧਰਮ ਪਤਨੀ ਜਸਵਿੰਦਰ ਕੌਰ ਨੂੰ ਦੇਖਿਆ ਨਹੀਂ ਜਾ ਰਿਹਾ ਸੀ। ਮਾਂ ਪਿਓ ਅਤੇ ਭੈਣ ਭਰਾ ਦਾ ਵੀ ਬਹੁਤ ਬੁਰਾ ਹਾਲ ਸੀ। ਕੁਝ ਦਿਨਾਂ ਬਾਅਦ ਸ਼ਹੀਦ ਪਰਮਜੀਤ ਸਿੰਘ ਦੀ ਮ੍ਰਿਤਕ ਦੇਹ ਉਹਨਾਂ ਦੇ ਪਿੰਡ ਪਹੁੰਚ ਗਈ ਅਤੇ ਪਿੰਡ ਦਾ ਮਾਹੌਲ ਵੀ ਗਮਹੀਨ ਹੋ ਗਿਆ।

ਸ਼ਹੀਦ ਪਰਮਜੀਤ ਸਿੰਘ ਦੀ ਮ੍ਰਿਤਕ ਦੇਹ ਦੇ ਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੇ ਸੀ.ਆਰ.ਪੀ.ਐਫ.ਦੀ ਪਰੰਪਰਾ ਅਨੁਸਾਰ ਸੰਸਕਾਰ ਕਰਨ ਦੀਆਂ ਤਿਆਰੀਆਂ ਕਰ ਲਈਆਂ। ਸੀ.ਆਰ.ਪੀ.ਐਫ.;ਦੇ ਆਏ ਹੋਏ ਜਵਾਨਾਂ ਨੇ ਉਹਨਾਂ ਨੂੰ ਫਾਇਰ ਕਰਕੇ ਸਲਾਮੀ ਦਿੱਤੀ ਅਤੇ ਲੋਕਲ ਪ੍ਰਸ਼ਾਸਨ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਪਰਮਜੀਤ ਸਿੰਘ ਨੂੰ ਉਨ੍ਹਾਂ ਦੇ ਪਿਤਾ ਵੱਲੋਂ ਅਗਨੀ ਭੇਟ ਕੀਤਾ ਗਿਆ। ਸੀ.ਆਰ.ਪੀ.ਐਫ. ਦੇ ਜਵਾਨਾਂ ਵੱਲੋਂ ਭਾਰਤ ਮਾਤਾ ਦੀ ਜੈ….ਅਤੇ ਸ਼ਹੀਦ ਪਰਮਜੀਤ ਸਿੰਘ ਅਮਰ ਰਹੇ…ਦੇ ਨਾਅਰੇ ਵੀ ਲੱਗੇ। ਪਰ ਜਸਵਿੰਦਰ ਕੌਰ ਦਾ ਬਹੁਤ ਬੁਰਾ ਹਾਲ ਸੀ।ਪਿੰਡ ਦੀਆਂ ਔਰਤਾਂ ਉਹਨਾਂ ਨੂੰ ਘਰ ਲੈ ਕੇ ਗਈਆਂ। ਉਹਨਾਂ ਨੂੰ ਦਿਲਾਸਾ ਦਿੱਤਾ ਅਤੇ ਸੀ.ਆਰ.ਪੀ.ਐਫ. ਦੇ ਅਫਸਰਾਂ ਨੇ ਜਸਵਿੰਦਰ ਕੌਰ ਕੋਲੋਂ ਕੁਝ ਪੇਪਰ ਫੋਰਮੈਲਟੀ ਪੂਰੀ ਕੀਤੀ ਅਤੇ ਗੱਲਬਾਤ ਕਰਕੇ ਵਾਪਸ ਚਲੇ ਗਏ।

ਕੁਝ ਦਿਨਾਂ ਬਾਅਦ ਜਸਵਿੰਦਰ ਕੌਰ ਦੇ ਘਰ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਗਿਆ। ਘਰ ਵਾਲੇ ਉਸ ਨੂੰ ਬਹੁਤ ਤੰਗ ਪਰੇਸ਼ਾਨ ਕਰਨ ਲੱਗੇ ਅਤੇ ਜਸਵਿੰਦਰ ਕੌਰ ਬਹੁਤ ਪਰੇਸ਼ਾਨ ਹੋ ਗਈ। ਸੰਨ 2000 ਵਿੱਚ ਜਸਵਿੰਦਰ ਕੌਰ ਆਪਣੇ ਸੋਹਰਿਆਂ ਦਾ ਪਿੰਡ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ। ਉਥੇ ਰਹਿ ਕੇ ਆਪਣੇ ਛੋਟੇ ਬੱਚੇ ਦੀ ਪਰਵਰਿਸ਼ ਸ਼ੁਰੂ ਕਰਨ ਲੱਗੀ ਅਤੇ ਆਪਣੀ ਜ਼ਿੰਦਗੀ ਬਿਤਾਉਣੀ ਸ਼ੁਰੂ ਕਰ ਦਿੱਤੀ। ਪਰ ਸੋਹਰੇ ਘਰ ਵਾਲਿਆਂ ਨੇ ਉਸ ਦੀ ਕੁਝ ਵੀ ਸਾਰ ਨਾ ਲਈ। ਜਸਵਿੰਦਰ ਕੌਰ ਨੇ ਸੰਨ 2015 ਵਿੱਚ ਸੀ.ਆਰ.ਪੀ.ਐਫ. ਐਸ਼ੋਸ਼ੀਏਸ਼ਨ ਜੁਆਇਨ ਕੀਤੀ। ਜੁਆਇਨ ਕਰਨ ਤੋਂ ਬਾਅਦ ਹੁਣ ਤੱਕ ਜਸਵਿੰਦਰ ਕੌਰ ਐਸੋਸੀਏਸ਼ਨ ਦੀ ਹਰ ਮੀਟਿੰਗ ਵਿੱਚ ਗਰੁੱਪ ਸੈਟਰ ਜਲੰਧਰ ਆਉਂਦੇ ਹਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top