ਜਲੰਧਰ, 25 ਅਕਤੂਬਰ : ਕੁਝ ਪ੍ਰਾਈਵੇਟ ਵਿਕਰੇਤਾਵਾਂ ਅਤੇ ਕੋ-ਆਪ੍ਰੇਟਿਵ ਸੁਸਾਇਟੀਆਂ ਵਲੋਂ ਕਿਸਾਨਾਂ ਨੂੰ ਡੀ.ਏ.ਪੀ. ਖਾਦ ਦੇ ਨਾਲ ਵਾਧੂ ਸਮੱਗਰੀ ਖ਼ਰੀਦਣ ਲਈ ਮਜਬੂਰ ਕਰਨ ਦੀਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਖਾਦ ਦਾ ਕੋਈ ਵੀ ਪ੍ਰਾਈਵੇਟ ਵਿਕਰੇਤਾ ਅਤੇ ਕੋਆਪ੍ਰੇਟਿਵ ਸੁਸਾਇਟੀਆਂ ਡੀ.ਏ.ਪੀ. ਖਾਦ ਦੇ ਨਾਲ ਹੋਰ ਕੋਈ ਵੀ ਸਮੱਗਰੀ ਅਟੈਚ ਕਰਕੇ ਨਹੀਂ ਵੇਚਣਗੇ ਅਤੇ ਨਾ ਹੀ ਨਿਰਧਾਰਿਤ ਕੀਮਤ ਤੋਂ ਵੱਧ ਰੇਟ ਕਿਸਾਨਾਂ ਤੋਂ ਵਸੂਲ ਕਰਨਗੇ।
ਡਾ.ਅਗਰਵਾਲ ਨੇ ਪ੍ਰਾਈਵੇਟ ਵਿਕਰੇਤਾ ਅਤੇ ਕੋਆਪ੍ਰੇਟਿਵ ਸੁਸਾਇਟੀਆਂ ਨੂੰ ਡੀ.ਏ.ਪੀ. ਦੇ ਰੇਟ ਦੁਕਾਨਾਂ ਦੇ ਬਾਹਰ ਲਿਖ ਕੇ ਲਗਾਉਣ ਦੀਆਂ ਹਦਾਇਤਾਂ ਕੀਤੀਆਂ। ਉਨ੍ਹਾਂ ਕਿਹਾ ਕਿ ਡੀ.ਏ.ਪੀ. ਦਾ ਸਟਾਕ ਹਰੇਕ ਕਿਸਾਨ ਨੂੰ ਉਸ ਦੀ ਖੇਤੀ ਮੁਤਾਬਿਕ ਵੇਚਿਆ ਜਾਵੇ ਅਤੇ ਡੀ.ਏ.ਪੀ. ਖਾਦ ਨਾ ਹੋਣ ਦੀ ਸੂਰਤ ਵਿੱਚ ਉਸ ਦੀ ਬਦਲ ਵਾਲੀਆਂ ਖਾਦਾਂ ਜਿਵੇਂ ਕਿ ਐਨ.ਪੀ.ਕੇ. 12:32:16, 20:20:0:13:, 15:15:15:, 16:16:16:, ਸੁਪਰਫਾਸਫੇਟ (ਸਿੰਗਲ), ਟ੍ਰਿਪਲ ਫਾਸਫੇਟ ਆਦਿ ਵਰਤਣ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਕਣਕ ਦੀ ਬਿਜਾਈ ਸਮੇਂ ਸਿਰ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਸਮੂਹ ਬਲਾਕ ਖੇਤੀਬਾੜੀ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਖਾਦ ਦੇ ਡੀਲਰਾਂ ਦੀ ਨਿਰੰਤਰ ਚੈਕਿੰਗ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਡੀ.ਏ.ਪੀ. ਖਾਦ ਲਈ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਡੀਲਰਾਂ ਖਿਲਾਫ਼ ਐਫ.ਸੀ.ਓ. 1985 ਤਹਿਤ ਬਣਦੀ ਕਾਰਵਾਈ ਯਕੀਨੀ ਬਣਾਈ ਜਾਵੇ।

















































