ਡੀ.ਏ.ਪੀ. ਦੇ ਬਦਲ ਵਜੋਂ ਐਨ.ਪੀ.ਕੇ. ਦੀ ਵਰਤੋਂ ਕਰ ਰਿਹੈ ਪਿੰਡ ਸ਼ੇਰਗੜ੍ਹੀ ਦਾ ਅਗਾਂਹਵਧੂ ਕਿਸਾਨ ਲਖਵਿੰਦਰ ਸਿੰਘ

ਜਲੰਧਰ, 2 ਨਵੰਬਰ: ਰੱਬੀ ਸੀਜ਼ਨ ਦੌਰਾਨ ਫ਼ਸਲ ਦੀ ਬਿਜਾਈ ਲਈ ਡੀ.ਏ.ਪੀ. ਦੇ ਬਦਲ ਵਜੋਂ ਐਨ.ਪੀ.ਕੇ. ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਫ਼ਸਲ ਦੇ ਝਾੜ ’ਤੇ ਕੋਈ ਮਾੜਾ ਅਸਰ ਨਹੀਂ ਪੈਂਦਾ।
ਇਹ ਕਹਿਣਾ ਹੈ ਬਲਾਕ ਲੋਹੀਆਂ ਦੇ ਪਿੰਡ ਸ਼ੇਰਗੜ੍ਹੀ ਦੇ ਅਗਾਂਹਵਧੂ ਕਿਸਾਨ ਲਖਵਿੰਦਰ ਸਿੰਘ ਦਾ, ਜੋ ਖੁਦ ਫ਼ਸਲ ਦੀ ਬਿਜਾਈ ਲਈ ਡੀ.ਏ.ਪੀ. ਦੀ ਥਾਂ ਐਨ.ਪੀ.ਕੇ 16:16:16 ਦੀ ਵਰਤੋਂ ਕਰ ਰਿਹਾ ਹੈ। ਹੋਰਨਾਂ ਲਈ ਰਾਹ ਦਸੇਰਾ ਬਣੇ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਿੱਟੀ ਵਿੱਚ ਫਾਸਫੋਰਸ ਤੱਤਾਂ ਦੀ ਪੂਰਤੀ ਲਈ ਸਾਨੂੰ ਸਿਰਫ਼ ਡੀ.ਏ.ਪੀ. ’ਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੈ।
ਕਿਸਾਨ ਨੇ ਦੱਸਿਆ ਕਿ ਉਹ ਪਿਛਲੇ 2-3 ਸਾਲਾਂ ਤੋਂ ਕਣਕ ਦੀ ਬਿਜਾਈ ਲਈ ਐਨ.ਪੀ.ਕੇ. 16:16:16 ਵਰਤ ਰਿਹਾ ਹੈ, ਜਿਸ ਦਾ ਨਤੀਜਾ ਬਹੁਤ ਵਧੀਆ ਰਿਹਾ ਹੈ ਅਤੇ ਫ਼ਸਲ ਦੇ ਝਾੜ ’ਤੇ ਵੀ ਚੰਗਾ ਅਸਰ ਪਿਆ ਹੈ। ਇਸ ਤੋਂ ਇਲਾਵਾ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਦੇ ਨਾਲ ਖੇਤੀ ਖਰਚੇ ਘਟਾਉਣ ਵਿੱਚ ਵੀ ਮਦਦ ਮਿਲੀ ਹੈ।
ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਡੀ.ਏ.ਪੀ. ’ਤੇ ਆਪਣੀ ਨਿਰਭਰਤਾ ਘੱਟ ਕਰਨ ਲਈ ਇਸ ਦੇ ਬਦਲਾਂ ਨੂੰ ਅਪਨਾਉਣ ਦੀ ਸਲਾਹ ਦਿੱਤੀ।
ਖੇਤਬਾੜੀ ਅਫ਼ਸਰ ਡਾ. ਸੁਰਜੀਤ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਏ.ਪੀ. ਦੇ ਵਿਕਲਪ ਦੇ ਰੂਪ ਵਿੱਚ ਟ੍ਰਿਪਲ ਸੁਪਰ ਫਾਸਫੇਟ (0:46:0), ਐੱਨ.ਪੀ.ਕੇ 12:32:16, ਸਿੰਗਲ ਸੁਪਰ ਫਾਸਫੇਟ ਐੱਨ.ਪੀ.ਕੇ. 16:16:16 ਅਤੇ ਐੱਨ.ਪੀ.ਕੇ 20:20:13 ਖਾਦ ਫਸਲਾਂ ਲਈ ਬਹੁਤ ਲਾਹੇਵੰਦ ਹੈ ਅਤੇ ਮਿੱਟੀ ਵਿੱਚ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਪੂਰਤੀ ਕਰਦੀ ਹੈ। ਵੱਖ-ਵੱਖ ਖਾਦਾਂ ਦੇ ਮਹੱਤਵ ਬਾਰੇ ਦੱਸਦਿਆਂ ਉਨ੍ਹਾਂ ਦੱਸਿਆ ਕਿ ਐੱਨ.ਪੀ.ਕੇ 12:32:16 ਵਿੱਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦਾ ਸੰਤੁਲਿਤ ਮਿਸ਼ਰਣ ਹੁੰਦਾ ਹੈ, ਜੋ ਕਿ ਫਸਲਾਂ ਦੇ ਸ਼ੁਰੂਆਤੀ ਵਿਕਾਸ ਅਤੇ ਫੁੱਲ ਆਉਣ ਸਮੇਂ ਲਈ ਆਦਰਸ਼ ਹੈ। ਇਹ ਡੀ.ਏ.ਪੀ. ਦਾ ਚੰਗਾ ਵਿਕਲਪ ਹੈ ਅਤੇ ਮਿੱਟੀ ਦੀ ਗੁਣਵੱਤਾ ਨੂੰ ਬਣਾਏ ਰੱਖਣ ਵਿੱਚ ਸਹਾਇਕ ਹੈ। ਸਿੰਗਲ ਸੁਪਰ ਫਾਸਫੇਟ ਵਿੱਚ 16 ਫੀਸਦੀ ਫਾਸਫੋਰਸ ਹੁੰਦਾ ਹੈ, ਜੋ ਕਿ ਹੌਲੀ-ਹੌਲੀ ਪੌਦਿਆਂ ਨੂੰ ਉਪਲਬਧ ਹੁੰਦਾ ਹੈ। ਇਸ ਵਿੱਚ ਸਲਫ਼ਰ ਦੀ ਵੀ ਚੰਗੀ ਮਾਤਰਾ ਹੁੰਦੀ ਹੈ, ਜੋ ਪੌਦਿਆਂ ਦੀ ਪੋਸ਼ਣ ਸਮਰੱਥਾ ਵਿੱਚ ਸੁਧਾਰ ਕਰਦੀ ਹੈ। ਇਸੇ ਤਰ੍ਹਾਂ ਐੱਨ.ਪੀ.ਕੇ. 16:16:16 ਵਿੱਚ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ ਦਾ ਬਰਾਬਰ ਅਨੁਪਾਤ (16 ਫੀਸਦੀ ਹਰੇਕ) ਹੁੰਦਾ ਹੈ, ਜੋ ਪੌਦਿਆਂ ਦੇ ਸੰਪੂਰਨ ਵਿਕਾਸ ਲਈ ਫਾਇਦੇਮੰਦ ਹੈ। ਇਸੇ ਤਰ੍ਹਾਂ ਟ੍ਰਿੱਪਲ ਸੁਪਰ ਫਾਸਫੇਟ 0:46:0 ਵਿੱਚ ਡੀ.ਏ.ਪੀ. ਦੇ ਜਿੰਨੀ ਹੀ 46 ਫੀਸਦੀ ਫਾਸਫੇਟ ਦੀ ਮਾਤਰਾ ਹੁੰਦੀ ਹੈ, ਜੋ ਕਿ ਕਣਕ ਦੀ ਬਿਜਾਈ ਲਈ ਇੱਕ ਚੰਗੀ ਉਪਯੋਗੀ ਖਾਦ ਹੈ। ਉਨ੍ਹਾਂ ਦੱਸਿਆ ਕਿ ਐੱਨ.ਪੀ.ਕੇ. 20:20:13 ਵਿੱਚ 20 ਫੀਸਦੀ ਨਾਈਟ੍ਰੋਜਨ, 20 ਫੀਸਦੀ ਫਾਸਫੋਰਸ ਅਤੇ 13 ਫੀਸਦੀ ਪੋਟਾਸ਼ ਹੁੰਦਾ ਹੈ। ਇਹ ਉਨ੍ਹਾਂ ਖੇਤਾਂ ਲਈ ਬਿਹਤਰੀਨ ਹੈ, ਜਿੱਥੇ ਨਾਈਟ੍ਰੋਜਨ ਅਤੇ ਫਾਸਫੋਰਸ ਦੀ ਵੱਧ ਜ਼ਰੂਰਤ ਹੁੰਦੀ ਹੈ।

Leave a Comment

Your email address will not be published. Required fields are marked *

Scroll to Top